ਅਡਾਨੀ ਲਗਾਤਾਰ ਹਰ ਨਵੇਂ ਵਪਾਰ ਵਿਚ ਹੱਥ ਪਾ ਰਿਹਾ ਹੈ ਅਤੇ ਕਾਮਯਾਬ ਵੀ ਹੋ ਰਿਹਾ ਹੈ । ਦੁਨੀਆ ਦੇ ਚੋਟੀ ਦੇ 10 ਅਮੀਰਾਂ ਦੀ ਸੂਚੀ 'ਚ ਸ਼ਾਮਲ ਗੌਤਮ ਅਡਾਨੀ ਹੁਣ ਟਾਟਾ ਅਤੇ ਬਿਰਲਾ ਨਾਲ ਦੋ ਹੱਥ ਕਰਨ ਲਈ ਤਿਆਰ ਹਨ। ਹਾਲ ਹੀ 'ਚ ਉਸ ਨੇ ਸੀਮਿੰਟ ਦੇ ਕਾਰੋਬਾਰ 'ਚ ਵੀ ਐਂਟਰੀ ਕੀਤੀ ਹੈ। ਹੁਣ ਉਸ ਨੇ ਧਾਤੂ ਕਾਰੋਬਾਰ ਵਿਚ ਆਉਣ ਦਾ ਫੈਸਲਾ ਕੀਤਾ ਹੈ।
ਇਸ ਦੇ ਤਹਿਤ ਉਨ੍ਹਾਂ ਦੀ ਸਮੂਹ ਕੰਪਨੀ ਅਡਾਨੀ ਇੰਟਰਪ੍ਰਾਈਜ਼ ਉੜੀਸਾ 'ਚ ਐਲੂਮਿਨਾ ਰਿਫਾਇਨਰੀ ਪਲਾਂਟ ਲਗਾਉਣ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੌਤਮ ਅਡਾਨੀ ਦੀ ਅਗਵਾਈ ਵਾਲਾ ਅਡਾਨੀ ਗਰੁੱਪ ਇਕ ਤੋਂ ਬਾਅਦ ਇਕ ਨਵੇਂ ਸੈਕਟਰਾਂ 'ਚ ਨਿਵੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਮੁਤਾਬਕ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਅਡਾਨੀ ਗਰੁੱਪ ਨੂੰ ਪਲਾਂਟ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਇਸ ਸਬੰਧ 'ਚ ਅਡਾਨੀ ਇੰਟਰਪ੍ਰਾਈਜਿਜ਼ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਡਾਨੀ ਗਰੁੱਪ ਨੂੰ ਉੜੀਸਾ ਦੇ ਰਾਏਗੜਾ ਜ਼ਿਲ੍ਹੇ ਵਿੱਚ ਇਹ ਰਿਫਾਇਨਰੀ ਸਥਾਪਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਰਿਪੋਰਟ ਮੁਤਾਬਕ ਅਡਾਨੀ ਇਸ ਪ੍ਰਾਜੈਕਟ 'ਤੇ 5.2 ਅਰਬ ਡਾਲਰ (41 ਹਜ਼ਾਰ ਕਰੋੜ ਰੁਪਏ) ਦਾ ਨਿਵੇਸ਼ ਕਰਨ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਐਲੂਮਿਨਾ ਰਿਫਾਇਨਰੀ ਦੀ ਕੁੱਲ ਸਮਰੱਥਾ 4 ਮਿਲੀਅਨ ਟਨ ਹੋਵੇਗੀ। ਇਸ ਖੇਤਰ 'ਚ ਆਪਣੀ ਐਂਟਰੀ ਨਾਲ ਅਡਾਨੀ ਗਰੁੱਪ ਇਸ ਨਵੇਂ ਕਾਰੋਬਾਰ ਨਾਲ ਦੇਸ਼ ਦੀਆਂ ਦਿੱਗਜ ਕੰਪਨੀਆਂ ਟਾਟਾ ਅਤੇ ਬਿਰਲਾ ਗਰੁੱਪ, ਜੋ ਪਹਿਲਾਂ ਹੀ ਇਸ ਖੇਤਰ 'ਚ ਕੰਮ ਕਰ ਰਹੇ ਹਨ, ਨੂੰ ਮੁਕਾਬਲਾ ਦੇਵੇਗਾ।
ਦੱਸ ਦੇਈਏ ਕਿ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਨੇ ਦਸੰਬਰ 2021 ਵਿੱਚ ਮੁੰਦਰਾ ਐਲੂਮੀਨੀਅਮ ਲਿਮਟਿਡ ਨਾਮ ਦੀ ਇੱਕ ਕੰਪਨੀ ਬਣਾਈ ਸੀ। ਉਸ ਸਮੇਂ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਅਡਾਨੀ ਸਮੂਹ ਜਲਦੀ ਹੀ ਐਲੂਮੀਨੀਅਮ ਉਤਪਾਦਨ ਨਾਲ ਸਬੰਧਤ ਪਲਾਂਟ ਸਥਾਪਤ ਕਰ ਸਕਦਾ ਹੈ। ਇਸ ਸਮੇਂ ਟਾਟਾ ਗਰੁੱਪ, ਆਦਿਤਿਆ ਬਿਰਲਾ ਗਰੁੱਪ ਅਤੇ ਵੇਦਾਂਤਾ ਰਿਸੋਰਸਜ਼ ਲਿਮਟਿਡ ਇਸ ਖੇਤਰ ਵਿੱਚ ਕੰਮ ਕਰ ਰਹੇ ਹਨ।