ਕੰਪਿਟਿਸ਼ਨ ਕਮਿਸ਼ਨ ਆੱਫ ਇੰਡੀਆ ਨੇ ਅਮੇਜ਼ਨ-ਫਿਊਚਰ ਡੀਲ ਕੀਤੀ ਸਸਪੈਂਡ

ਡੀਲ ਸਸਪੈਂਡ ਹੋਣ ਦਾ ਕੀ ਕਾਰਨ ਹੈ? ਜੇਕਰ ਡੀਲ ਰੱਦ ਹੁੰਦੀ ਹੈ ਤਾਂ ਅਮੇਜ਼ਨ ਨੂੰ ਇਸਦਾ ਕਿੰਨਾ ਨੁਕਸਾਨ ਅਤੇ ਰਿਲਾਇੰਸ ਨੂੰ ਕਿੰਨਾ ਫਾਇਦਾ ਹੋਵੇਗਾ?
ਕੰਪਿਟਿਸ਼ਨ ਕਮਿਸ਼ਨ ਆੱਫ ਇੰਡੀਆ ਨੇ ਅਮੇਜ਼ਨ-ਫਿਊਚਰ ਡੀਲ ਕੀਤੀ ਸਸਪੈਂਡ

ਕੰਪਿਟਿਸ਼ਨ ਕਮਿਸ਼ਨ ਆੱਫ ਇੰਡੀਆ (ਸੀਸੀਆਈ) ਨੇ 2 ਸਾਲ ਬਾਅਦ ਅਮੇਜ਼ਨ ਅਤੇ ਫਿਊਚਰ ਗਰੁੱਪ ਦੀ ਡੀਲ ਨੂੰ ਸਸਪੈਂਡ ਕਰ ਦਿੱਤਾ ਹੈ। ਨਾਲ ਹੀ ਅਮੇਜ਼ਨ 'ਤੇ 200 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਰੈਗੂਲੇਟਰੀ ਮਨਜ਼ੂਰੀ ਦੌਰਾਨ ਅਮੇਜ਼ਨ 'ਤੇ ਜਾਣਕਾਰੀ ਲੁਕਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸੇ ਕਾਰਨ ਕੰਪਨੀ 'ਤੇ ਭਾਰੀ ਜੁਰਮਾਨਾ ਲਗਾਇਆ ਗਿਆ ਹੈ।

ਸਾਲ 2019 ਵਿੱਚ, ਅਮੇਜ਼ਨ ਨੇ 1500 ਕਰੋੜ ਰੁਪਏ ਵਿੱਚ, ਫਿਊਚਰ ਕੂਪਨ ਵਿੱਚ 49% ਹਿੱਸੇਦਾਰੀ ਖਰੀਦੀ ਸੀ। ਸੀਸੀਆਈ ਨੇ ਸ਼ੁੱਕਰਵਾਰ ਨੂੰ ਇਸ ਨੂੰ ਸਸਪੈਂਡ ਕਰ ਦਿੱਤਾ।

ਡੀਲ ਨੂੰ ਸਸਪੈਂਡ ਕਰਨ ਦਾ ਕੀ ਕਾਰਨ ਸੀ?

ਫਿਊਚਰ ਕੂਪਨ ਪ੍ਰਾਈਵੇਟ ਲਿਮਟਿਡ (ਐਫਪੀਸੀਐਲ) ਅਤੇ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਨੇ ਦੋਸ਼ ਲਾਇਆ ਸੀ ਕਿ ਐਫਪੀਸੀਐਲ ਵਿੱਚ ਅਮੇਜ਼ਨ ਦੀ 49% ਹਿੱਸੇਦਾਰੀ ਦਾ ਉਦੇਸ਼ ਫਿਊਚਰ ਰਿਟੇਲ ਲਿਮਟਿਡ ਨੂੰ ਅਸਿੱਧੇ ਤੌਰ 'ਤੇ ਕੰਟਰੋਲ ਕਰਨਾ ਸੀ। ਇਨ੍ਹਾਂ ਦੋਸ਼ਾਂ ਦੇ ਮੱਦੇਨਜ਼ਰ ਹੀ, ਭਾਰਤੀ ਕਮਿਸ਼ਨ (ਸੀਸੀਆਈ) ਨੇ ਇਸ ਡੀਲ ਨੂੰ ਸਸਪੈਂਡ ਕੀਤਾ ਹੈ। ਹਾਲਾਂਕਿ, ਸੀਸੀਆਈ ਨੇ ਡੀਲ 'ਤੇ ਨਵੇਂ ਸਿਰੇ ਤੋਂ ਨਜ਼ਰ ਰੱਖਣ ਲਈ ਵੀ ਕਿਹਾ ਹੈ।

ਅਮੇਜ਼ਨ 'ਤੇ ਕਿਉਂ ਲੱਗਾ 200 ਕਰੋੜ ਦਾ ਜੁਰਮਾਨਾ?

ਸੀਸੀਆਈ ਨੇ ਕਿਹਾ ਕਿ ਅਮੇਜ਼ਨ ਨੇ ਇਸ ਡੀਲ ਦੇ ਪਿੱਛੇ ਦੇੇ ਆਪਣੇ ਅਸਲ ਮਕਸਦ ਨੂੰ ਲੁਕੋਇਆ ਹੈ। ਇਹ ਡੀਲ ਕਰਨ ਵੇਲੇ, ਅਮੇਜ਼ਨ ਨੇ ਇਸਦੇ ਅਸਲ ਸਕੋਪ ਨੂੰ ਘੱਟ ਕਰਕੇ ਦੱਸਿਆ ਸੀ। ਨਾਲ ਹੀ ਸਮਝੌਤੇ ਬਾਰੇ ਵੀ ਗਲਤ ਅਤੇ ਝੂਠੇ ਬਿਆਨ ਦਿੱਤੇ। ਇਸ ਡੀਲ ਦੀ ਇਜਾਜ਼ਤ ਲੈਣ ਲਈ, ਅਹਿਮ ਜਾਣਕਾਰੀਆਂ ਨੂੰ ਛੁਪਾਉਣ ਲਈ ਅਮੇਜ਼ਨ 'ਤੇ 200 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਜੇਕਰ ਡੀਲ ਰੱਦ ਹੁੰਦੀ ਹੈ ਤਾਂ ਰਿਲਾਇੰਸ ਨੂੰ ਕੀ ਫਾਇਦਾ ਹੋਵੇਗਾ?

ਮੰਨਿਆ ਜਾ ਰਿਹਾ ਹੈ ਕਿ ਅਮੇਜ਼ਨ ਅਤੇ ਫਿਊਚਰ ਗਰੁੱਪ ਵਿਚਾਲੇ ਇਹ ਕਾਨੂੰਨੀ ਵਿਵਾਦ ਅਸਲ 'ਚ ਪਿਛਲੇ ਸਾਲ ਅਗਸਤ 'ਚ ਰਿਲਾਇੰਸ ਅਤੇ ਫਿਊਚਰ ਗਰੁੱਪ ਵਿਚਾਲੇ 24,713 ਕਰੋੜ ਰੁਪਏ ਦੀ ਡੀਲ ਨਾਲ ਜੁੜਿਆ ਹੋਇਆ ਹੈ। ਰਿਲਾਇੰਸ-ਫਿਊਚਰ ਡੀਲ ਦੇ ਤਹਿਤ ਰਿਲਾਇੰਸ ਗਰੁੱਪ ਫਿਊਚਰ ਗਰੁੱਪ ਦੀਆਂ ਰਿਟੇਲ ਅਤੇ ਲੌਜਿਸਟਿਕਸ ਕੰਪਨੀਆਂ ਦੀ ਪੂਰੀ ਹਿੱਸੇਦਾਰੀ ਹਾਸਲ ਕਰਨ ਜਾ ਰਿਹਾ ਹੈ। ਅਮੇਜ਼ਨ-ਫਿਊਚਰ ਡੀਲ ਨੂੰ ਮੁਅੱਤਲ ਕਰਨ ਦੇ ਨਾਲ, ਰਿਲਾਇੰਸ ਰਿਟੇਲ ਦੇ ਫਿਊਚਰ ਰਿਟੇਲ ਨਾਲ ਡੀਲ ਨੂੰ ਮਨਜ਼ੂਰੀ ਮਿਲਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।

ਜੇਕਰ ਆਉਣ ਵਾਲੇ ਸਮੇਂ 'ਚ ਰਿਲਾਇੰਸ ਡੀਲ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਨਾਲ ਰਿਲਾਇੰਸ ਫਿਊਚਰ ਗਰੁੱਪ ਦੇ ਰਿਟੇਲ, ਵੇਅਰਹਾਊਸਿੰਗ ਅਤੇ ਲੌਜਿਸਟਿਕਸ ਕਾਰੋਬਾਰ ਨੂੰ ਫਾਇਦਾ ਮਿਲੇਗਾ।

ਵੈਸੇ, ਅਮੇਜ਼ਨ ਨੇ ਰਿਲਾਇੰਸ-ਫਿਊਚਰ ਰਿਟੇਲ ਡੀਲ 'ਤੇ ਇਤਰਾਜ਼ ਜਤਾਉਂਦੇ ਹੋਏ ਸਿੰਗਾਪੁਰ ਇੰਟਰਨੈਸ਼ਨਲ ਆਰਬਿਟਰੇਸ਼ਨ ਸੈਂਟਰ (SIAC) ਕੋਲ ਪਹੁੰਚ ਕੀਤੀ ਹੈ। ਅਮੇਜ਼ਨ ਦਾ ਕਹਿਣਾ ਹੈ ਕਿ ਰਿਲਾਇੰਸ ਅਤੇ ਫਿਊਚਰ ਰਿਟੇਲ ਵਿਚਕਾਰ ਡੀਲ ਇਸਦੇ ਅਤੇ ਫਿਊਚਰ ਕੂਪਨ ਦੇ ਵਿਚਕਾਰ ਡੀਲ ਦੇ ਖਿਲਾਫ ਹੈ। ਇਸ ਤੋਂ ਬਾਅਦ ਇਹ ਮਾਮਲਾ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਅਤੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਤੱਕ ਚੱਲ ਰਿਹਾ ਹੈ।

Related Stories

No stories found.
logo
Punjab Today
www.punjabtoday.com