
ਮੁਕੇਸ਼ ਅੰਬਾਨੀ ਨੇ ਲੋਟਸ ਚਾਕਲੇਟ ਵਿੱਚ 51 ਪ੍ਰਤੀਸ਼ਤ ਨਿਯੰਤਰਿਤ ਹਿੱਸੇਦਾਰੀ ਹਾਸਲ ਕੀਤੀ ਹੈ। ਇਹ ਸੌਦਾ 113 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਕੀਤਾ ਗਿਆ ਹੈ, ਜਿਸ ਦੀ ਕੁੱਲ ਰਕਮ 74 ਕਰੋੜ ਰੁਪਏ ਬਣਦੀ ਹੈ। ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਲਿਮਿਟੇਡ (RCPL) ਨੇ ਲੋਟਸ ਚਾਕਲੇਟ ਦੇ ਪ੍ਰਮੋਟਰਾਂ ਨਾਲ ਸਮਝੌਤਾ ਕੀਤਾ ਹੈ, ਜੋ ਚਾਕਲੇਟ, ਕੋਕੋ ਉਤਪਾਦ ਅਤੇ ਕੋਕੋ ਡੈਰੀਵੇਟਿਵਜ਼ ਦਾ ਨਿਰਮਾਣ ਕਰਦਾ ਹੈ।
ਸ਼ੇਅਰ ਖਰੀਦ ਸਮਝੌਤੇ ਦੇ ਤਹਿਤ, RCPL ਨੇ ਲੋਟਸ ਚਾਕਲੇਟ ਦੀ ਅਦਾਇਗੀਸ਼ੁਦਾ ਸ਼ੇਅਰ ਪੂੰਜੀ ਦਾ 77 ਫੀਸਦੀ ਹਾਸਲ ਕਰ ਲਿਆ ਹੈ। ਕੰਪਨੀ ਦੇ ਪ੍ਰਮੋਟਰ ਪ੍ਰਕਾਸ਼ ਪਰਾਜੇ ਪਾਈ ਅਤੇ ਅਨੰਤ ਪਰਾਜੇ ਪਾਈ ਤੋਂ ਸਟਾਕ ਮਾਰਕੀਟ ਵਿੱਚ ਖਰੀਦਦਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਰਿਲਾਇੰਸ ਲੋਟਸ ਦੇ ਜਨਤਕ ਸ਼ੇਅਰਧਾਰਕਾਂ ਲਈ 26 ਫੀਸਦੀ ਦੀ ਖੁੱਲ੍ਹੀ ਪੇਸ਼ਕਸ਼ ਲਿਆਵੇਗੀ।
ਦੱਸ ਦੇਈਏ ਕਿ ਰਿਲਾਇੰਸ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਲੋਟਸ ਦੇ 65,48,935 ਇਕਵਿਟੀ ਸ਼ੇਅਰ ਹਾਸਲ ਕਰੇਗੀ, ਜੋ ਕਿ ਕੰਪਨੀ ਦੇ ਮੌਜੂਦਾ ਪ੍ਰਮੋਟਰ ਅਤੇ ਪ੍ਰਮੋਟਰ ਗਰੁੱਪ ਦੀ 51% ਹਿੱਸੇਦਾਰੀ ਹੈ। ਈਸ਼ਾ ਅੰਬਾਨੀ, ਐਗਜ਼ੈਕਟਿਵ ਡਾਇਰੈਕਟਰ, ਰਿਲਾਇੰਸ ਰਿਟੇਲ ਵੈਂਚਰਸ ਲਿਮਿਟੇਡ ਨੇ ਇਸ ਸੌਦੇ 'ਤੇ ਕਿਹਾ ਕਿ ਰਿਲਾਇੰਸ ਲੋਟਸ ਨਾਲ ਸਾਂਝੇਦਾਰੀ ਕਰਨ ਲਈ ਉਤਸ਼ਾਹਿਤ ਹੈ, ਜਿਸ ਨੇ ਵਪਾਰਕ ਸੂਝ ਅਤੇ ਲਗਨ ਦੇ ਜ਼ਰੀਏ ਮਜ਼ਬੂਤ ਕੋਕੋ ਅਤੇ ਚਾਕਲੇਟ ਡੈਰੀਵੇਟਿਵਜ਼ ਦਾ ਕਾਰੋਬਾਰ ਬਣਾਇਆ ਹੈ।
ਲੋਟਸ ਵਿੱਚ ਨਿਵੇਸ਼ ਰੋਜ਼ਾਨਾ ਵਰਤੋਂ ਦੇ ਸਵਦੇਸ਼ੀ ਤੌਰ 'ਤੇ ਵਿਕਸਤ ਉੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਅੱਗੇ ਵਧਾਉਣ ਦੀ ਸਾਡੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ, ਤਾਂ ਜੋ ਗਾਹਕਾਂ ਨੂੰ ਕਿਫਾਇਤੀ ਕੀਮਤਾਂ 'ਤੇ ਗੁਣਵੱਤਾ ਵਾਲੇ ਉਤਪਾਦ ਪ੍ਰਦਾਨ ਕੀਤੇ ਜਾ ਸਕਣ। ਹਾਲ ਹੀ ਵਿੱਚ, ਰਿਲਾਇੰਸ ਇੰਡਸਟਰੀਜ਼ ਦੀ ਇੱਕ ਇਕਾਈ, ਰਿਲਾਇੰਸ ਸਟ੍ਰੈਟੇਜਿਕ ਬਿਜ਼ਨਸ ਵੈਂਚਰਸ ਨੇ ਅਮਰੀਕੀ ਕੰਪਨੀ ਐਕਸਿਨ ਟੈਕਨਾਲੋਜੀਜ਼ ਇੰਕ ਵਿੱਚ 25 ਮਿਲੀਅਨ ਡਾਲਰ ਜਾਂ 207 ਕਰੋੜ ਰੁਪਏ ਵਿੱਚ 23.3 ਪ੍ਰਤੀਸ਼ਤ ਹਿੱਸੇਦਾਰੀ ਖਰੀਦੀ ਹੈ।
ਐਕਸਿਨ ਇੱਕ ਪ੍ਰਮੁੱਖ ਆਟੋਨੋਮਸ ਟੈਕਨਾਲੋਜੀ ਕੰਪਨੀਆਂ ਵਿੱਚੋਂ ਇੱਕ ਹੈ, ਜੋ ਡਰੋਨਾਂ ਅਤੇ ਰੋਬੋਟਾਂ ਨੂੰ GPS ਜਾਂ ਹੋਰ ਤਕਨਾਲੋਜੀ ਤੋਂ ਬਿਨਾਂ ਮੁਸ਼ਕਲ ਖੇਤਰ ਵਿੱਚ ਨੈਵੀਗੇਟ ਕਰਨ ਵਿੱਚ ਮਦਦ ਕਰਦੀ ਹੈ। ਈਸ਼ਾ ਅੰਬਾਨੀ ਨੇ ਕਿਹਾ ਕਿ ਲੋਟਸ ਨੇ ਆਪਣਾ ਕਾਰੋਬਾਰ ਤੇਜ਼ੀ ਨਾਲ ਵਧਾਇਆ ਹੈ ਅਤੇ ਇੱਕ ਮਜ਼ਬੂਤ ਕੋਕੋ ਅਤੇ ਚਾਕਲੇਟ ਡੈਰੀਵੇਟਿਵਜ਼ ਦਾ ਕਾਰੋਬਾਰ ਸਥਾਪਿਤ ਕੀਤਾ ਹੈ। ਈਸ਼ਾ ਅੰਬਾਨੀ ਨੇ ਕਿਹਾ ਕਿ ਇਸ ਸੌਦੇ ਨਾਲ ਕੰਪਨੀ ਦੇ ਉਤਪਾਦਾਂ ਦੀ ਗੁਣਵੱਤਾ ਵਿੱਚ ਹੋਰ ਵਾਧਾ ਹੋਵੇਗਾ। ਅਸੀਂ ਲੋਟਸ ਦੀ ਉੱਚ ਤਜ਼ਰਬੇਕਾਰ ਪ੍ਰਬੰਧਨ ਟੀਮ ਨਾਲ ਕੰਮ ਕਰਨ ਦੀ ਉਮੀਦ ਕਰਦੇ ਹਾਂ।