ਸ਼ਕਤੀਕਾਂਤ ਦਾਸ ਆਰਬੀਆਈ ਦੇ ਗਵਰਨਰ ਬਣੇ ਰਹਿਣਗੇ , ਸਰਕਾਰ ਨੇ ਦਿਤੀ ਮਨਜ਼ੂਰੀ
30.10.2021 ਕੇਂਦਰ ਸਰਕਾਰ ਨੇ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਕਾਰਜ਼ਕਾਲ ਤਿੰਨ ਸਾਲ ਹੋਰ ਵਧਾ ਦਿਤਾ ਹੈ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕੀ "ਕੈਬਨਿਟ ਦੀ ਨਿਯੁਕਤੀ ਕਮੇਟੀ ਨੇ 10.12.2021 ਤੋਂ ਤਿੰਨ ਸਾਲਾਂ ਦੀ ਮਿਆਦ ਲਈ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਸ਼ਕਤੀਕਾਂਤ ਦਾਸ ਦੀ ਮੁੜ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਾਸ ਦਾ ਆਰ.ਬੀ.ਆਈ ਗਵਰਨਰ ਦੇ ਤੌਰ ਤੇ ਪਹਿਲਾ ਕਾਰਜਕਾਲ ਦਸੰਬਰ 2021 ਨੂੰ ਖਤਮ ਹੋ ਰਿਹਾ ਸੀ ।
ਸ਼ਕਤੀਕਾਂਤ ਦਾਸ ਨੂੰ ਦਸੰਬਰ 2018 ਵਿੱਚ ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਦੇ ਫੈਸਲੇ ਅਨੁਸਾਰ ਤਾਮਿਲਨਾਡੂ ਕੇਡਰ ਦੇ ਆਈਏਐਸ ਅਧਿਕਾਰੀ ਦਾਸ ਦੇ ਕੰਮ ਨੂੰ ਵੇਖਦੇ ਹੋਏ ਉਨ੍ਹਾਂ ਦੇ ਕਾਰਜਕਾਲ ਵਿੱਚ ਤਿੰਨ ਸਾਲ ਦਾ ਵਾਧਾ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਸ਼ਕਤੀਕਾਂਤ ਦਾਸ ਆਰਥਿਕ ਮਾਮਲਿਆਂ ਦੇ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ 15ਵੇਂ ਵਿੱਤ ਕਮਿਸ਼ਨ ਦੇ ਮੈਂਬਰ ਵੀ ਰਹਿ ਚੁਕੇ ਹਨ।ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ 1 ਅਪ੍ਰੈਲ, 1935 ਨੂੰ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੇ ਉਪਬੰਧਾਂ ਦੇ ਅਨੁਸਾਰ ਕੀਤੀ ਗਈ ਸੀ। ਰਿਜ਼ਰਵ ਬੈਂਕ ਦਾ ਕੇਂਦਰੀ ਦਫ਼ਤਰ ਸ਼ੁਰੂ ਵਿੱਚ ਕੋਲਕਾਤਾ ਵਿੱਚ ਸਥਾਪਿਤ ਕੀਤਾ ਗਿਆ ਸੀ। ਪਰ 1937 ਤੋਂ ਬਾਅਦ ਇਸਨੂੰ ਪੱਕੇ ਤੌਰ 'ਤੇ ਮੁੰਬਈ ਸ਼ਿਫਟ ਕਰ ਦਿੱਤਾ ਗਿਆ। ਕੇਂਦਰੀ ਦਫ਼ਤਰ ਉਹ ਹੁੰਦਾ ਹੈ, ਜਿੱਥੇ ਗਵਰਨਰ ਬੈਠਦਾ ਹੈ ਅਤੇ ਜਿੱਥੇ ਦੇਸ਼ ਦੀਆ ਨੀਤੀਆਂ ਬਣਾਈਆਂ ਜਾਂਦੀਆਂ ਹਨ। ਪਰ 1949 ਵਿੱਚ ਰਾਸ਼ਟਰੀਕਰਨ ਤੋਂ ਬਾਅਦ, ਰਿਜ਼ਰਵ ਬੈਂਕ ਪੂਰੀ ਤਰ੍ਹਾਂ ਭਾਰਤ ਸਰਕਾਰ ਦੀ ਮਲਕੀਅਤ ਵਿੱਚ ਆ ਗਿਆ ਹੈ।