ਪੰਜਾਬ ਦੇ ਇੰਟਰਨੈਸ਼ਨਲ ਏਅਰਪੋਰਟਾਂ ਤੋਂ ਹੋ ਰਹੀ ਹੈ ਵਿਦੇਸ਼ੀ ਕਰੰਸੀ ਦੀ ਤਸਕਰੀ

ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ, ਦੋ ਵੱਖਰੇ ਮਾਮਲਿਆਂ 'ਚ ਜ਼ਬਤ ਕੀਤੇ ਗਏ 1.52 ਕਰੋੜ
ਪੰਜਾਬ ਦੇ ਇੰਟਰਨੈਸ਼ਨਲ ਏਅਰਪੋਰਟਾਂ ਤੋਂ ਹੋ ਰਹੀ ਹੈ ਵਿਦੇਸ਼ੀ ਕਰੰਸੀ ਦੀ ਤਸਕਰੀ

ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ ਪੰਜਾਬ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ 1.52 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਕਰੰਸੀ ਜ਼ਬਤ ਕੀਤੀ ਹੈ। DRI ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੌਮਾਂਤਰੀ ਹਵਾਈ ਅੱਡਿਆਂ ਤੋਂ ਵਿਦੇਸ਼ੀ ਕਰੰਸੀ ਦੀ ਤਸਕਰੀ ਦੀ ਇੱਕ ਲੜੀ ਟੁੱਟ ਗਈ ਹੈ। ਇਨ੍ਹਾਂ ਦੋਵਾਂ ਦੀ ਤਲਾਸ਼ੀ 12 ਨਵੰਬਰ ਨੂੰ ਕੀਤੀ ਗਈ ਸੀ ਅਤੇ ਹੁਣ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਇਨਪੁਟਸ ਤੋਂ ਬਾਅਦ 12 ਨਵੰਬਰ ਨੂੰ ਡੀਆਰਆਈ ਦੀਆਂ ਵੱਖ-ਵੱਖ ਟੀਮਾਂ ਨੂੰ ਅੰਮ੍ਰਿਤਸਰ ਅਤੇ ਚੰਡੀਗੜ੍ਹ ਭੇਜਿਆ ਗਿਆ ਸੀ। ਅੰਮ੍ਰਿਤਸਰ ਹਵਾਈ ਅੱਡੇ 'ਤੇ ਦੁਬਈ ਜਾ ਰਹੇ ਇਕ ਨੌਜਵਾਨ ਅਤੇ ਔਰਤ ਨੂੰ ਟਰਮੀਨਲ ਦੇ ਅੰਦਰੋਂ 1.08 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਕਾਬੂ ਕੀਤਾ ਗਿਆ। ਇਹਨਾਂ ਦੋਵਾਂ ਯਾਤਰੀਆਂ ਨੇ ਸੁਰੱਖਿਆ ਜਾਂਚ ਅਤੇ ਇਮੀਗ੍ਰੇਸ਼ਨ ਪਾਸ ਕਰ ਲਈ ਸੀ।

ਡੀਆਰਆਈ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਦੇ ਕਬਜ਼ੇ 'ਚੋਂ 1.08 ਕਰੋੜ ਰੁਪਏ ਦੀ ਯੂਏਈ ਦਿਰਹਾਮ, ਯੂਰੋ, ਓਮਾਨੀ ਰਿਆਲ, ਕੁਵੈਤੀ ਦਿਨਾਰ ਆਦਿ ਦੀ ਮਿਸ਼ਰਤ ਵਿਦੇਸ਼ੀ ਕਰੰਸੀ ਬਰਾਮਦ ਹੋਈ। ਇੰਨੀ ਭਾਰੀ ਰਕਮ, ਬੈਗ ਵਿੱਚ ਰੱਖਣ ਤੋਂ ਬਾਅਦ ਵੀ ਸੁਰੱਖਿਆ ਜਾਂਚ ਅਤੇ ਇਮੀਗ੍ਰੇਸ਼ਨ ਪਾਸ ਕਰ ਲੈਣਾ, ਏਅਰਪੋਰਟ ਅਥਾੱਰਿਟੀਜ਼ 'ਤੇ ਵੀ ਵੱਡੇ ਸਵਾਲ ਖੜੇ ਕਰਦਾ ਹੈ।

ਦੂਜੇ ਪਾਸੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀ ਇੱਕ ਸਰਚ ਓਪਰੇਸ਼ਨ ਚਲਾਇਆ ਗਿਆ। ਇਸ ਕਾਰਵਾਈ ਵਿੱਚ ਦੁਬਈ ਜਾ ਰਹੇ ਇੱਕ ਯਾਤਰੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਡੀਆਰਆਈ ਨੇ ਉਸ ਯਾਤਰੀ ਕੋਲੋਂ 44 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ।

DRI ਨੇ ਅੰਮ੍ਰਿਤਸਰ ਤੋਂ ਫੜੇ ਗਏ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਹੁਣ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਡੀਆਰਆਈ ਨੂੰ ਪਤਾ ਲੱਗਾ ਹੈ ਕਿ ਪੰਜਾਬ 'ਚ ਵੱਡੇ ਪੱਧਰ 'ਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਹੋ ਰਹੀ ਹੈ। ਜਿਸ ਦੀਆਂ ਤਾਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਨਾਲ ਜੁੜੀਆਂ ਹੋਈਆਂ ਹਨ। ਡੀਆਰਆਈ ਦੀਆਂ ਟੀਮਾਂ ਇਨ੍ਹਾਂ ਤਿੰਨਾਂ ਸ਼ਹਿਰਾਂ ਵਿੱਚ ਕਿਸੇ ਵੇਲੇ ਵੀ ਛਾਪੇਮਾਰੀ ਕਰ ਸਕਦੀਆਂ ਹਨ ਅਤੇ ਤਸਕਰੀ ਨਾਲ ਸਬੰਧਤ ਹੋਰ ਮੁਲਜ਼ਮਾਂ ਨੂੰ ਫੜ ਸਕਦੀਆਂ ਹਨ।

Related Stories

No stories found.
logo
Punjab Today
www.punjabtoday.com