ਰਾਹੁਲ ਬਜਾਜ ਜੋ ਕਿ ਬਜਾਜ ਗਰੁੱਪ ਦੇ ਸਰਵੋਸਰਵ ਸਨ। ਉਹ ਬਜਾਜ ਗਰੁੱਪ ਆਫ਼ ਕੰਪਨੀਜ਼ ਦੇ ਜੋ ਕਿ ਫਾਇਨਾਂਸ ਤੋਂ ਲੈ ਕੇ ਘਰੇਲੂ ਉਪਕਰਨਾਂ ਅਤੇ ਆਟੋਮੋਬਾਇਲ ਦਾ ਕੰਮ ਕਰਦੀ ਹੈ ਦੇ ਸੀ.ਈ.ਓ ਸਨ। ਰਾਹੁਲ ਬਜਾਜ ਦਾ ਜਨਮ 10 ਜੂਨ 1938 ਨੂੰ ਬੰਗਾਲ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕਮਲਾਨਾਈਨ ਬਜਾਜ ਇੱਕ ਰਾਜਸਥਾਨੀ ਵਪਾਰੀ ਸਨ ਅਤੇ ਉਹ ਆਜ਼ਾਦੀ ਘੁਲਾਟੀਏ ਜਮਨਾ ਲਾਲ ਬਜਾਜ ਦੇ ਪੋਤਰੇ ਸਨ। ਉਨ੍ਹਾਂ ਦੀ ਪਤਨੀ ਦਾ ਨਾਮ ਰੂਪਾ ਰਾਣੀ ਅਤੇ ਦੋ ਬੇਟੇ ਰਾਜੀਵ ਅਤੇ ਸੰਜੀਵ ਅਤੇ ਇੱਕ ਬੇਟੀ ਸੁਨੈਨਾ ਹਨ।
ਰਾਹੁਲ ਨੇ ਆਪਣੀ ਸਕੂਲੀ ਪੜ੍ਹਾਈ ਕੈਥੇਡਰਲ ਐਂਡ ਜ਼ੋਨ ਕੋਨਨ ਸਕੂਲ ਬੰਬੇ ਤੋਂ ਕੀਤੀ। ਉਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਸੇਂਟ ਸਟੀਫਨਜ਼ ਕਾਲਜ ਦਿੱਲੀ ਤੋਂ ਇਕਨਾਮਿਕਸ ਦੇ ਵਿੱਚ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬੰਬੇ ਤੋਂ ਹੀ ਕਾਨੂੰਨ ਦੀ ਪੜ੍ਹਾਈ ਕੀਤੀ। ਕਾਨੂੰਨ ਦੀ ਪੜ੍ਹਾਈ ਪੂਰੀ ਹੋਣ ਉਪਰੰਤ ਉਨ੍ਹਾਂ ਨੇ ਐਮਬੀਏ ਦੀ ਡਿਗਰੀ ਹਾਰਵਰਡ ਯੂਨੀਵਰਸਿਟੀ ਤੋਂ ਕੀਤੀ।
12 ਸਾਲ ਦੀ ਛੋਟੀ ਉਮਰ ਦੇ ਵਿੱਚ ਹੀ ਉਨ੍ਹਾਂ ਦਾ ਵਪਾਰ ਦੇ ਵਿੱਚ ਲਗਾਵ ਪੈ ਗਿਆ। ਉਨ੍ਹਾਂ ਦੇ ਦਾਦਾ ਜੀ ਨੇ ਇੱਕ ਸਟੀਲ ਅਤੇ ਇੱਕ ਚੀਨੀ ਦੀ ਮਿੱਲ ਖਰੀਦੀ ਅਤੇ 1945 ਦੇ ਵਿੱਚ ਰਾਹੁਲ ਬਜਾਜ ਦੇ ਪਿਤਾ ਨੇ ਬਜਾਜ ਆਟੋ ਕੰਪਨੀ ਦੀ ਸਥਾਪਨਾ ਕੀਤੀ।
ਐਮਬੀਏ ਪੂਰੀ ਕਰਨ ਉਪਰੰਤ ਰਾਹੁਲ ਬਜਾਜ ਨੇ ਬਜਾਜ ਆਟੋ ਗਰੁੱਪ ਦੇ ਸੀ.ਈ.ਓ ਦਾ ਅਹੁਦਾ ਸੰਭਾਲਿਆ। ਉਹ ਆਪਣੇ ਸਮਿਆਂ ਦੇ ਸਭ ਤੋਂ ਛੋਟੀ ਉਮਰ ਦੇ ਸੀ.ਈ.ਓ ਸਨ l ਬਜਾਜ ਸ਼ੁਰੂ ਤੋਂ ਹੀ ਉੱਚੀ ਸੋਚ ਦੇ ਧਾਰਨੀ ਸੀ ਅਤੇ ਉਨ੍ਹਾਂ ਦੀ ਇਸ ਸੋਚ ਕਾਰਨ ਹੀ ਬਜਾਜ ਆਟੋ, ਛੋਟੀ ਜਿਹੀ ਕੰਪਨੀ ਤੋਂ ਲੈ ਕੇ ਇੱਕ ਵਿਸ਼ਵ ਪ੍ਰਸਿੱਧ ਕੰਪਨੀ ਬਣ ਗਈ।
1970 ਦੇ ਦਸ਼ਕ ਦੇ ਵਿੱਚ ਭਾਰਤ ਇੱਕ ਸੋਸ਼ਲਿਸਟ ਦੇਸ਼ ਸੀ। ਇਸ ਕਾਰਨ ਪ੍ਰਾਈਵੇਟ ਕੰਪਨੀਆਂ ਨੂੰ ਏਨੀ ਖੁੱਲ੍ਹ ਨਹੀਂ ਦਿੱਤੀ ਜਾਂਦੀ ਸੀ। ਇਸੇ ਮਾਹੌਲ ਦੇ ਵਿੱਚ ਕੰਪਨੀ ਸਿਰਫ਼ 20 ਹਜ਼ਾਰ ਵਾਹਨ ਹੀ ਬਣਾ ਸਕਦੀ ਸੀ ਜਿਸਦੇ ਕਾਰਨ ਲੋਕਾਂ ਨੂੰ ਵਾਹਨ ਲੈਣ ਲਈ ਬਹੁਤ ਲੰਬੀ ਉਡੀਕ ਕਰਨੀ ਪੈਂਦੀ ਸੀ। ਬਜਾਜ ਦੇ ਚੇਤਕ ਸਕੂਟਰਾਂ ਦੀ ਉਸ ਸਮੇਂ ਏਨੀ ਪ੍ਰਸਿੱਧੀ ਸੀ ਕਿ ਗਾਹਕ ਸਕੂਟਰ ਦੀ ਉਡੀਕ ਕਰਨਾ ਪਸੰਦ ਕਰਦੇ ਸਨ।
2001 ਦੇ ਵਿੱਚ ਸਟਾਕ ਮਾਰਕੀਟ ਕਾਫ਼ੀ ਨੀਚੇ ਗਿਰੀ ਅਤੇ ਬਜਾਜ ਗਰੁੱਪ ਨੂੰ ਵੀ ਇਸ ਦਾ ਘਾਟਾ ਸਹਿਣਾ ਪਿਆ। ਹਾਲਾਤ ਔਖੇ ਉਦੋਂ ਹੋ ਗਏ ਜਦੋਂ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਹੌਂਡਾ ਨੇ ਹੀਰੋ ਗਰੁੱਪ ਦੇ ਨਾਲ ਭਾਰਤ ਦੇ ਵਿੱਚ ਐਂਟਰੀ ਕਰ ਲਈ। ਪਰ ਰਾਹੁਲ ਬਜਾਜ ਏਨੀ ਛੇਤੀ ਹਾਰਨ ਵਾਲਿਆਂ ਵਿੱਚੋਂ ਨਹੀਂ ਸਨ। ਉਨ੍ਹਾਂ ਨੇ ਨਵੀਂਆਂ ਫੈਕਟਰੀਆਂ ਸ਼ੁਰੂ ਕੀਤੀਆਂ ਅਤੇ ਭਾਰਤ ਦਾ ਸਭ ਤੋਂ ਮਸ਼ਹੂਰ ਮੋਟਰਸਾਈਕਲ ਪਲਸਰ ਨੂੰ ਲਾਂਚ ਕੀਤਾ। ਪਲਸਰ ਲਾਂਚ ਤੋਂ ਲੈ ਕੇ ਹੁਣ ਤੱਕ ਨੌਜਵਾਨਾਂ ਦੇ ਪਸੰਦੀਦਾ ਮੋਟਰਸਾਈਕਲਾਂ ਵਿੱਚੋਂ ਹੈ।
ਰਾਹੁਲ ਬਜਾਜ ਨੇ ਬਜਾਜ ਗਰੁੱਪ ਦੀ ਇਕੱਲੇ ਆਟੋ ਸੈਕਟਰ ਦੇ ਵਿੱਚ ਹੀ ਨਹੀਂ ਬਲਕਿ ਹੋਰ ਸੈਕਟਰਾਂ ਜਿਵੇਂ ਕਿ ਬਜਾਜ ਫਾਇਨਾਂਸ ਗਰੁੱਪ ਜੋ ਕਿ ਇੰਸ਼ੋਰੈਂਸ ਵਿੱਚ ਹੈ ਦੇ ਵਿੱਚ ਵੀ ਐਂਟਰੀ ਕਰੀ। ਇਸ ਤੋਂ ਇਲਾਵਾ ਬਜਾਜ ਗਰੁੱਪ ਘਰੇਲੂ ਉਪਕਰਣਾਂ ਦੇ ਵਿੱਚ ਵੀ ਆ ਗਿਆ ਅਤੇ ਹੁਣ ਤੱਕ ਵੀ ਉਨ੍ਹਾਂ ਦੇ ਉਪਕਰਨ ਗਾਹਕਾਂ ਦੀ ਪਸੰਦ ਹਨ। ਬਜਾਜ ਗਰੁੱਪ ਹੁਣ ਸਟੀਲ ਅਤੇ ਅਲੌਏ ਬਣਾਉਣ ਵਿੱਚ ਵੀ ਕੰਮ ਕਰਦਾ ਹੈ।
ਜੇਕਰ ਅਸੀਂ ਬਜਾਜ ਦੇ ਕਰੀਅਰ ਤੇ ਝਾਤੀ ਮਾਰੀਏ ਤਾਂ ਬਜਾਜ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਦੋ ਵਾਰ ਪ੍ਰਧਾਨ ਰਹਿ ਚੁੱਕੇ ਹਨ। ਉਹ ਮਾਹਰਤਾ ਚੈਂਬਰ ਆਫ ਕਾਮਰਸ ,ਇੰਡਸਟਰੀ ਅਤੇ ਐਗਰੀਕਲਚਰ ਦੇ ਵੀ ਪ੍ਰਧਾਨ ਰਹਿ ਚੁੱਕੇ ਹਨ। ਬਜਾਜ 1986 ਤੋਂ ਲੈ ਕੇ 1989 ਤਕ ਭਾਰਤੀ ਏਅਰਲਾਈਨਜ਼ ਦੇ ਵੀ ਚੇਅਰਮੈਨ ਰਹਿ ਚੁੱਕੇ ਹਨ| ਉਹ ਆਈਆਈਟੀ ਬੰਬੇ ਦੇ ਬੋਰਡ ਆਫ ਗਵਰਨਰ ਦੇ ਵੀ ਮੈਂਬਰ ਸਨ|
ਬਜਾਜ ਪਰਿਵਾਰ ਦਾਨ ਪੁੰਨ ਕਰਨ ਵਿੱਚ ਵੀ ਮੋਹਰੀ ਪਰਿਵਾਰਾਂ ਵਿੱਚੋਂ ਹੈ| ਉਨ੍ਹਾਂ ਦਾ ਇੱਕ ਪ੍ਰੋਗ੍ਰਾਮ “ਹਮਾਰਾ ਸਪਨਾ” ਜੋ ਕਿ ਜਮਨਾ ਲਾਲ ਬਜਾਜ ਸੇਵਾ ਟਰੱਸਟ ਵਲੋਂ ਚਲਾਇਆ ਜਾ ਰਿਹਾ ਸੀ, ਉਸ ਦਾ ਮੁੱਖ ਮੰਤਵ ਮੁੰਬਈ ਦੀਆਂ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੀਆਂ ਔਰਤਾਂ ਦਾ ਪੱਧਰ ਸਿੱਖਿਆ, ਸਕਿੱਲ ਡਿਵੈਲਪਮੈਂਟ ਰਾਹੀਂ ਉੱਚਾ ਚੁੱਕਣਾ ਸੀ| 2007 ਦੇ ਵਿੱਚ ਬਜਾਜ ਨੇ ਇੱਕ ਐੱਨ ਜੀ ਓ ਸੰਕਰਾ ਨੇਤਰਾਲਿਆ ਨੂੰ 7 ਕਰੋੜ ਰੁਪਏ ਦਾਨ ਵਿੱਚ ਦਿੱਤੇ| ਇਨ੍ਹਾਂ ਤੋਂ ਇਲਾਵਾ ਵੀ ਬਜਾਜ ਗਰੁੱਪ ਨੇ ਕਈ ਹੋਰ ਐੱਨਜੀਓਜ਼ ਅਤੇ ਆਂਗਨਵਾੜੀਆਂ ਦੀ ਮੱਦਦ ਕੀਤੀ ਹੈ|
ਰਾਹੁਲ ਬਜਾਜ ਨੂੰ 2002 ਦੇ ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ| ਉਹ ਭਾਰਤੀ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ| ਇਨ੍ਹਾਂ ਸਨਮਾਨਾਂ ਤੋਂ ਇਲਾਵਾ ਰਾਹੁਲ ਬਜਾਜ ਨੂੰ ਹੋਰ ਬਹੁਤ ਸਨਮਾਨ ਮਿਲ ਚੁੱਕੇ ਹਨ|
ਰਾਹੁਲ ਬਜਾਜ ਦੀ ਜੇਕਰ ਜ਼ਿੰਦਗੀ ਵੱਲ ਦੇਖੀਏ ਤਾਂ ਇਸ ਤੋਂ ਇਹੀ ਨਿਕਲ ਕੇ ਆਉਂਦਾ ਹੈ ਕਿ ਉਨ੍ਹਾਂ ਨੇ ਲਗਾਤਾਰ ਹੀ ਕੰਮ ਅਤੇ ਮਿਹਨਤ ਕੀਤੀ ਹੈ। ਬਜਾਜ ਦੀ ਸਭ ਤੋਂ ਵੱਡੀ ਖ਼ੂਬੀ ਇਹ ਰਹੀ ਕਿ ਉਨ੍ਹਾਂ ਨੇ ਕਦੇ ਵੀ ਸਮੇਂ ਨੂੰ ਆਪਣੇ ਤੋਂ ਅੱਗੇ ਨਹੀਂ ਲੱਗਣ ਦਿੱਤਾ ਅਤੇ ਸਮੇਂ ਦੇ ਹਾਣੀ ਹੋ ਕੇ ਚੱਲਦੇ ਰਹੇ। ਉਨ੍ਹਾਂ ਦੀ ਸਹੀ ਸਮੇਂ ਤੇ ਸਹੀ ਫ਼ੈਸਲਾ ਲੈਣ ਦੀ ਸ਼ਕਤੀ ਅਤੇ ਔਖੇ ਸਮਿਆਂ ਦਾ ਡਟ ਕੇ ਸਾਹਮਣਾ ਕਰਨ ਦੀ ਸ਼ਕਤੀ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਸੰਪਤੀ ਸੀ। ਉਨ੍ਹਾਂ ਦੀ ਜ਼ਿੰਦਗੀ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ।
12 ਫਰਵਰੀ 2022 ਨੂੰ ਇਸ ਮਹਾਨ ਸ਼ਖ਼ਸੀਅਤ ਦਾ ਦੇਹਾਂਤ ਹੋ ਗਿਆ ਸੀ। ਪੰਜਾਬ ਟੂਡੇ ਗਰੁੱਪ ਅੱਜ ਰਾਹੁਲ ਬਜਾਜ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ ਸ਼ਰਧਾਂਜਲੀ ਭੇਟ ਕਰਦਾ ਹੈ।