CBSE ਦੇ 10ਵੀਂ ਜਮਾਤ ਦੇ ਅੰਗਰੇਜ਼ੀ ਪ੍ਰੀਖਿਆ ਪੇਪਰ ਤੇ ਵਿਵਾਦ

CBSE ਇੱਕ ਵਾਰ ਫਿਰ ਵਿਵਾਦਾਂ 'ਚ ਹੈ। 10ਵੀਂ ਦੇ ਅੰਗਰੇਜ਼ੀ ਦੇ ਪ੍ਰਸ਼ਨ ਪੱਤਰ 'ਚ ਦਿੱਤੇ ਗਏ ਇੱਕ ਪਹਿਰੇ 'ਤੇ ਲੈਂਗਿਕ ਰੂੜ੍ਹੀਵਾਦ ਨੂੰ ਉਤਸ਼ਾਹਿਤ ਕਰਨ ਅਤੇ ਪਿਛਾਖੜੀ ਵਿਚਾਰਾਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਗਿਆ ਹੈ।
CBSE ਦੇ 10ਵੀਂ ਜਮਾਤ ਦੇ ਅੰਗਰੇਜ਼ੀ ਪ੍ਰੀਖਿਆ ਪੇਪਰ ਤੇ ਵਿਵਾਦ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੀ ਪ੍ਰੀਖਿਆ ਨੂੰ ਲੈ ਕੇ ਇਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ।

ਦੱਸ ਦੇਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ 12ਵੀਂ ਦੇ ਸਮਾਜ ਸ਼ਾਸਤਰ ਦੇ ਪ੍ਰਸ਼ਨ ਪੱਤਰ ਵਿੱਚ ਪੁੱਛਿਆ ਗਿਆ ਸੀ ਕਿ ਗੁਜਰਾਤ ਵਿੱਚ 2002 ਦੇ ਦੰਗੇ ਕਿਸ ਪਾਰਟੀ ਦੀ ਸਰਕਾਰ ਦੇ ਅਧੀਨ ਹੋਏ ਸਨ। ਬਾਅਦ ਵਿੱਚ ਸੀਬੀਐਸਈ ਨੇ ਇਸਨੂੰ ਅਨੁਚਿੱਤ ਅਤੇ ਦਿਸ਼ਾ ਨਿਰਦੇਸ਼ਾਂ ਦੇ ਵਿਰੁੱਧ ਕਿਹਾ ਸੀ।

ਅਤੇ ਹੁਣ ਸ਼ਨੀਵਾਰ 11 ਦਸੰਬਰ ਨੂੰ ਹੋਈ 10ਵੀਂ ਜਮਾਤ ਦੀ ਅੰਗਰੇਜ਼ੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵਿੱਚ, "ਔਰਤਾਂ ਦੀ ਆਜ਼ਾਦੀ ਨੇ ਬੱਚਿਆਂ ਤੇ ਮਾਤਾ-ਪਿਤਾ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਹੈ" ਅਤੇ "ਕੇਵਲ ਆਪਣੇ ਪਤੀ ਦਾ ਤਰੀਕਾ ਅਪਣਾ ਕੇ ਹੀ ਇੱਕ ਮਾਂ ਦੀ ਆਪਣੇ ਬੱਚਿਆਂ ਨੂੰ ਆਗਿਆਕਾਰੀ ਬਣਾ ਸਕਦੀ ਸੀ" ਵਰਗੇ ਵਾਕਾਂ ਵਾਲਾ ਇੱਕ ਪਹਿਰਾ ਦਿੱਤਾ ਗਿਆ ਸੀ। ਇਸ ਪਹਿਰੇ ਚ ਅੱਗੇ ਇਹ ਵੀ ਲਿਖਿਆ ਗਿਆ ਸੀ ਕਿ "ਬੱਚਿਆਂ ਅਤੇ ਨੌਕਰਾਂ" ਨੂੰ "ਉਨ੍ਹਾਂ ਦੀ ਜਗ੍ਹਾ ਜਾਣਨਾ" ਸਿਖਾਇਆ ਗਿਆ ਸੀ।

ਸੋਸ਼ਲ ਮੀਡੀਆ 'ਤੇ ਇਸ ਪਹਿਰੇ ਦੇ ਕਈ ਅੰਸ਼ ਵਾਇਰਲ ਹੋ ਗਏ ਹਨ। ਉਪਭੋਗਤਾਵਾਂ ਨੇ ਟਵਿੱਟਰ 'ਤੇ ਬੋਰਡ ਦੀ ਗਲਤ ਅਤੇ "ਪ੍ਰਤੱਖ ਰਾਏ" ਲਈ ਆਲੋਚਨਾ ਕੀਤੀ ਅਤੇ "ਹੈਸ਼ਟੈਗ ਸੀਬੀਐਸਈ ਔਰਤਾਂ ਦਾ ਅਪਮਾਨ ਕਰਦਾ ਹੈ", ਦਾ ਸਮਰਥਨ ਕੀਤਾ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਨੂੰ ‘ਘਿਣਾਉਣਾ’ ਕਰਾਰ ਦਿੱਤਾ ਹੈ।

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਟਵੀਟ ਕਰਦਿਆਂ ਪ੍ਰਸ਼ਨ ਪੱਤਰ 'ਤੇ ਇਤਰਾਜ਼ ਜਤਾਇਆ ਹੈ। "ਅਵਿਸ਼ਵਾਸ਼ਯੋਗ! ਕੀ ਅਸੀਂ ਸੱਚਮੁੱਚ ਬੱਚਿਆਂ ਨੂੰ ਇਹ ਬਕਵਾਸ ਸਿਖਾ ਰਹੇ ਹਾਂ? ਸਪੱਸ਼ਟ ਹੈ ਕਿ ਭਾਜਪਾ ਸਰਕਾਰ ਔਰਤਾਂ ਬਾਰੇ ਇਹਨਾਂ ਪਿਛਾਖੜੀ ਵਿਚਾਰਾਂ ਦਾ ਸਮਰਥਨ ਕਰਦੀ ਹੈ, ਨਹੀਂ ਤਾਂ ਇਹ ਸੀਬੀਐਸਈ ਦੇ ਪਾਠਕ੍ਰਮ ਵਿੱਚ ਕਿਉਂ ਸ਼ਾਮਲ ਹੁੰਦਾ?"

ਤਾਮਿਲਨਾਡੂ ਕਾਂਗਰਸ ਕਮੇਟੀ ਦੀ ਪ੍ਰਵਕਤਾ ਲਕਸ਼ਮੀ ਰਾਮਚੰਦਰਨ ਨੇ ਕਿਹਾ, "ਅੱਜ 10ਵੀਂ ਸੀਬੀਐਸਈ ਬੋਰਡ ਪ੍ਰੀਖਿਆ ਦੇ ਪੇਪਰ ਵਿੱਚ ਇੱਕ ਬਹੁਤ ਹੀ ਬੇਤੁਕਾ ਪੈਸੇਜ ਸਾਹਮਣੇ ਆਇਆ। ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ? CBSE ਨੂੰ ਸਪੱਸ਼ਟੀਕਰਨ ਦੇਣਾ ਪਵੇਗਾ ਅਤੇ ਸਾਡੇ ਬੱਚਿਆਂ ਨੂੰ ਇਸ ਨਾਲ ਪ੍ਰਭਾਵਿਤ ਕਰਨ ਲਈ ਮੁਆਫੀ ਮੰਗਣੀ ਪਵੇਗੀ।"

ਅਰਾਪੋਰ ਇਯਾਕਮ ਦੇ ਕਨਵੀਨਰ ਜੈਰਾਮ ਨੇ ਕਿਹਾ,"10ਵੀਂ ਜਮਾਤ ਦਾ CBSE ਅੰਗਰੇਜ਼ੀ ਦਾ ਪੇਪਰ ਕਹਿੰਦਾ ਹੈ ਕਿ ਬੱਚਿਆਂ ਅਤੇ ਨੌਕਰਾਂ ਨੂੰ ਉਨ੍ਹਾਂ ਦੀ ਜਗ੍ਹਾ ਦਿਖਾਉਣੀ ਚਾਹੀਦੀ ਹੈ ਅਤੇ ਔਰਤਾਂ ਦੀ ਆਜ਼ਾਦੀ ਨੇ ਬੱਚਿਆਂ 'ਤੇ ਮਾਪਿਆਂ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਹੈ। ਪੂਰਾ ਪਹਿਰਾ ਇਸ ਤਰ੍ਹਾਂ ਦੀ ਮੂਰਖਤਾ ਨਾਲ ਭਰਿਆ ਹੈ। CBSE ਵਿੱਚ ਪ੍ਰਸ਼ਨ ਪੱਤਰ ਸੈੱਟ ਕਰਨ ਵਾਲੇ ਇਹ ਮੂਰਖ ਕੌਣ ਹਨ?"

ਸੀ.ਬੀ.ਐੱਸ.ਐੱਸ.ਈ. ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਨਿਰਧਾਰਤ ਪ੍ਰਕਿਰਿਆ ਅਨੁਸਾਰ ਇਸ ਮਾਮਲੇ ਨੂੰ ਵਿਚਾਰ ਲਈ ਪਹਿਲਾਂ ਵਿਸ਼ਾ ਮਾਹਿਰ ਕੋਲ ਭੇਜਿਆ ਜਾਵੇਗਾ। ਜੇਕਰ ਮਾਹਰ ਕਹਿੰਦੇ ਹਨ ਕਿ ਇਸ ਵਾਕ ਦੇ ਕਈ ਅਰਥ ਨਿਕਲਦੇ ਹਨ ਤਾਂ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਲਈ ਸਹੀ ਕਾਰਵਾਈ ਕੀਤੀ ਜਾਵੇਗੀ।

Related Stories

No stories found.
logo
Punjab Today
www.punjabtoday.com