ਸਿਸੋਦੀਆ ਨੇ ਪਰਗਟ ਸਿੰਘ ਨੂੰ ਸਿੱਖਿਆ ਮਾਡਲ 'ਤੇ ਜਨਤਕ ਬਹਿਸ ਲਈ ਦਿੱਤਾ ਸੱਦਾ

ਮਨੀਸ਼ ਸਿਸੋਦੀਆ ਨੇ ਪੰਜਾਬ ਅਤੇ ਦਿੱਲੀ ਦੇ 10-10 ਸਰਕਾਰੀ ਸਕੂਲਾਂ ਦੇ ਸਾਂਝੇ ਦੌਰੇ ਦਾ ਪ੍ਰਸਤਾਵ ਵੀ ਰੱਖਿਆ ਹੈ।
ਸਿਸੋਦੀਆ ਨੇ ਪਰਗਟ ਸਿੰਘ ਨੂੰ ਸਿੱਖਿਆ ਮਾਡਲ 'ਤੇ ਜਨਤਕ ਬਹਿਸ ਲਈ ਦਿੱਤਾ ਸੱਦਾ

ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਆਪਣੇ ਪੰਜਾਬ ਵਿਰੋਧੀ ਪਰਗਟ ਸਿੰਘ ਨੂੰ ਦੋਵਾਂ ਸਰਕਾਰਾਂ ਦੇ ਸਿੱਖਿਆ ਮਾਡਲਾਂ 'ਤੇ ਜਨਤਕ ਬਹਿਸ ਲਈ ਸੱਦਾ ਦਿੱਤਾ ਹੈ। ਉਨ੍ਹਾਂ ਪੰਜਾਬ ਅਤੇ ਦਿੱਲੀ ਦੇ 10-10 ਸਰਕਾਰੀ ਸਕੂਲਾਂ ਦਾ ਸਾਂਝਾ ਦੌਰਾ ਕਰਨ ਦਾ ਪ੍ਰਸਤਾਵ ਵੀ ਰੱਖਿਆ ਹੈ। ਸਿਸੋਦੀਆ ਦਾ ਸੱਦਾ, 'ਆਪ' ਨੇਤਾਵਾਂ ਅਤੇ ਕਾਂਗਰਸ ਦੇ ਮੰਤਰੀ ਵਿਚਾਲੇ ਇਸ ਮੁੱਦੇ ਤੇ ਹੋਈ ਸ਼ਬਦੀ ਜੰਗ ਕਿ ਸਿੱਖਿਆ 'ਚ ਕਿਹੜਾ ਸੂਬਾ ਬਿਹਤਰ ਹੈ ਤੋਂ ਬਾਅਦ ਆਇਆ ਹੈ।

ਸਿਸੋਦੀਆ ਨੇ ਟਵੀਟ ਕੀਤਾ, “ਮੈਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਸਾਂਝੇ ਤੌਰ ‘ਤੇ ਦਿੱਲੀ ਦੇ 10 ਸਰਕਾਰੀ ਸਕੂਲਾਂ ਦਾ ਦੌਰਾ ਕਰਨ ਲਈ ਸੱਦਾ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੂੰ ਅਸੀਂ ਪਿਛਲੇ ਪੰਜ ਸਾਲਾਂ ਵਿੱਚ ਸੁਧਾਰਿਆ ਹੈ ਅਤੇ ਉਹ ਪੰਜਾਬ ਦੇ 10 ਸਰਕਾਰੀ ਸਕੂਲਾਂ ਦਾ ਦੌਰਾ ਕਰਨ, ਜਿਨ੍ਹਾਂ ਨੂੰ ਉਨ੍ਹਾਂ ਦੀ ਸਰਕਾਰ ਨੇ ਪੰਜ ਸਾਲਾਂ ਵਿੱਚ ਸੁਧਾਰਿਆ ਹੈ। ਫਿਰ ਆਓ ਦਿੱਲੀ ਅਤੇ ਪੰਜਾਬ ਦੇ ਸਿੱਖਿਆ ਮਾਡਲਾਂ 'ਤੇ ਜਨਤਕ ਬਹਿਸ ਕਰੀਏ"।

'ਆਪ', ਜੋ ਕਿ ਆਉਣ ਵਾਲੀਆਂ ਰਾਜ ਚੋਣਾਂ ਵਿੱਚ ਕਾਂਗਰਸ ਦੀਆਂ ਮੁੱਖ ਚੁਣੌਤੀਆਂ ਵਿੱਚੋਂ ਇੱਕ ਹੈ, ਆਪਣੇ ਸਿੱਖਿਆ ਮਾਡਲ ਨੂੰ ਇੱਕ ਵੱਡੀ ਸਫਲਤਾ ਦੱਸ ਰਹੀ ਹੈ। ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਬੁੱਧਵਾਰ ਨੂੰ ਪਰਗਟ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਸੀ ਕਿ," ਪੰਜਾਬ ਵਿੱਚ ਸਿੱਖਿਆ ਵਿੱਚ ਕ੍ਰਾਂਤੀ ਆ ਰਹੀ ਹੈ। ਇਹ ਹੋਰ ਗੱਲ ਹੈ ਕਿ ਤੁਸੀਂ ਇਸ ਤੋਂ ਖੁੰਝ ਗਏ ਹੋ। ਪਰ ਇੱਕ ਦਿੱਲੀ ਵਾਲੇ ਲਈ ਅਸੀਂ ਇਹ ਸਮਝ ਸਕਦੇ ਹਾਂ, ਜਿਸਦੀ ਪੰਜਾਬ ਵਿੱਚ ਦਿਲਚਸਪੀ ਸਿਰਫ਼ ਚੋਣਾਂ ਦੇ ਆਲੇ ਦੁਆਲੇ ਹੀ ਪੈਦਾ ਹੁੰਦੀ ਹੈ।"

ਕੇਜਰੀਵਾਲ ਨੇ ਫਿਰ ਇੱਕ ਟਵੀਟ ਕੀਤਾ ਤੇ ਕਿਹਾ," ਪੰਜਾਬ ਦੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਦੇ ਸਕੂਲ ਦੇਸ਼ ਵਿੱਚ ਸਭ ਤੋਂ ਵਧੀਆ ਹਨ, ਅਧਿਆਪਕ ਬਹੁਤ ਖੁਸ਼ ਹਨ।

ਜਿਹੜੇ ਲੋਕ ਪੰਜਾਬ ਦੇ ਸਕੂਲਾਂ ਅਤੇ ਮੌਜੂਦਾ ਸਿੱਖਿਆ ਪ੍ਰਣਾਲੀ ਤੋਂ ਖੁਸ਼ ਹਨ, ਉਹ ਕਾਂਗਰਸ ਨੂੰ ਵੋਟ ਪਾਉਣ। ਜੋ ਪੰਜਾਬ ਵਿੱਚ ਵੀ ਦਿੱਲੀ ਵਰਗੀ ਸ਼ਾਨਦਾਰ ਸਿੱਖਿਆ ਪ੍ਰਣਾਲੀ ਚਾਹੁੰਦੇ ਹਨ,ਸਾਨੂੰ ਵੋਟ ਦਿਓ।

ਪੀਟੀਆਈ ਦੇ ਅਨੁਸਾਰ, ਇਸ ਦੌਰਾਨ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਪੰਜਾਬ ਦਾ ਦੌਰਾ ਕਰਨਗੇ ਅਤੇ ਉੱਥੇ ਅਧਿਆਪਕਾਂ ਦੇ ਧਰਨੇ ਵਿੱਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਕਈ ਅਧਿਆਪਕ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਮੋਹਾਲੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੇ ਬਾਹਰ ਪਿਛਲੇ ਕੁਝ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ।

Related Stories

No stories found.
logo
Punjab Today
www.punjabtoday.com