ਸੰਜੇ ਲੀਲਾ ਭੰਸਾਲੀ ਦੀ ਫਿਲਮ ਗੰਗੂਬਾਈ, ਰਿਲੀਜ਼ ਤੋਂ ਪਹਿਲਾਂ ਘਿਰੀ ਵਿਵਾਦ 'ਚ

ਗੰਗੂਬਾਈ ਦੇ ਪਰਿਵਾਰ ਨੇ ਆਲੀਆ ਭੱਟ ਸਟਾਰਰ ਫਿਲਮ 'ਤੇ ਸੱਚੇ ਤੱਥਾਂ ਨਾਲ ਛੇੜਛਾੜ ਕਰਨ ਅਤੇ ਗਲਤ ਤੱਥਾਂ ਨੂੰ ਪੇਸ਼ ਕਰਨ ਦੇ ਦੋਸ਼ ਲਾਏ ਹਨ।
ਸੰਜੇ ਲੀਲਾ ਭੰਸਾਲੀ ਦੀ ਫਿਲਮ ਗੰਗੂਬਾਈ, ਰਿਲੀਜ਼ ਤੋਂ ਪਹਿਲਾਂ ਘਿਰੀ ਵਿਵਾਦ 'ਚ

ਸੰਜੇ ਲੀਲਾ ਭੰਸਾਲੀ ਅਤੇ ਆਲੀਆ ਭੱਟ ਦੀ ਆਉਣ ਵਾਲੀ ਫਿਲਮ ਗੰਗੂਬਾਈ ਕਾਠੀਆਵਾੜੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਗੰਗੂਬਾਈ ਦੇ ਪਰਿਵਾਰ ਦਾ ਦੋਸ਼ ਹੈ ਕਿ ਫਿਲਮ ਰਾਹੀਂ ਪਰਿਵਾਰ ਦੀ ਛਵੀ ਖਰਾਬ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਫਿਲਮ, ਸੰਜੇ ਲੀਲਾ ਭੰਸਾਲੀ ਅਤੇ ਲੇਖਕ ਹੁਸੈਨ ਜ਼ੈਦੀ ਤੇ ਮਾਣਹਾਨੀ ਦਾ ਦਾਅਵਾ ਠੋਕ ਦਿੱਤਾ ਹੈ।

ਪਰਿਵਾਰ ਦਾ ਦੋਸ਼ ਹੈ ਕਿ ਇਸ ਫਿਲਮ 'ਚ ਸਾਡੀ ਮਾਂ ਨੂੰ ਸਮਾਜ ਸੇਵਿਕਾ ਤੋਂ ਵੇਸ਼ਵਾ ਬਣਾ ਦਿੱਤਾ ਗਿਆ ਹੈ। ਲੋਕ ਹੁਣ ਸਾਨੂੰ ਵੇਸਵਾ ਦੇ ਬੱਚੇ ਕਹਿ ਕੇ ਬੁਲਾ ਰਹੇ ਹਨ। ਇੱਥੋਂ ਤੱਕ ਕਿ ਉਹਨਾਂ ਮੁੰਬਈ ਵਿੱਚ ਵਾਰ-ਵਾਰ ਆਪਣਾ ਘਰ ਬਦਲਣਾ ਪੈਂ ਰਿਹਾ ਹੈ ਤਾਂ ਜੋ ਉਹ ਲੋਕਾਂ ਦੇ ਤਿੱਖੇ ਸਵਾਲਾਂ ਤੋਂ ਬਚ ਸਕਣ।

ਗੰਗੂਬਾਈ ਨੇ 1949 ਵਿੱਚ ਚਾਰ ਬੱਚੇ ਗੋਦ ਲਏ ਸਨ, ਅੱਜ ਉਨ੍ਹਾਂ ਦੇ ਪਰਿਵਾਰ ਵਿੱਚ 20 ਮੈਂਬਰ ਹਨ। ਇੰਨੇ ਸਾਲਾਂ ਤੋਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਗੰਗੂਬਾਈ ਦੇ ਪਰਿਵਾਰਕ ਮੈਂਬਰ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਨਾਲ ਸਵਾਲਾਂ ਦੇ ਘੇਰੇ 'ਚ ਆ ਗਏ ਹਨ।

ਇੰਨਾ ਹੀ ਨਹੀਂ ਗੰਗੂਬਾਈ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦੀ ਮਾਂ 'ਤੇ ਕੋਈ ਕਿਤਾਬ ਲਿਖੀ ਗਈ ਹੈ। ਲੋਕਾਂ ਵਿੱਚ ਲਗਾਤਾਰ ਮਜ਼ਾਕ ਦਾ ਪਾਤਰ ਬਣ ਰਹੇ ਗੰਗੂਬਾਈ ਦੇ ਬੇਟੇ ਨੇ ਆਪਣੀ ਮਾਂ ਅਤੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਅਦਾਲਤ ਵਿੱਚ ਜਾਣ ਦਾ ਫੈਸਲਾ ਕੀਤਾ।

ਗੰਗੂਬਾਈ ਦੇ ਬੇਟੇ ਮੁਤਾਬਕ ਉਸ ਦੀ ਮਾਂ ਸਮਾਜ ਸੇਵੀ ਸੀ ਪਰ ਫਿਲਮ ਵਿੱਚ ਉਸ ਨੂੰ ਵੇਸਵਾ ਦੇ ਰੂਪ 'ਚ ਦਿਖਾਇਆ ਗਿਆ ਹੈ। ਇਸ ਦੌਰਾਨ ਗੰਗੂਬਾਈ ਦੇ ਪਰਿਵਾਰ ਨੇ ਇਹ ਵੀ ਕਿਹਾ ਕਿ ਸੰਜੇ ਲੀਲਾ ਦੀ ਇਸ ਫਿਲਮ ਨੂੰ ਬਣਾਉਣ ਲਈ ਉਨ੍ਹਾਂ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ।

ਦਰਅਸਲ, ਗੰਗੂਬਾਈ ਦੇ ਪਰਿਵਾਰ ਵਿੱਚ, ਉਨ੍ਹਾਂ ਦੇ ਬੇਟੇ ਬਾਬੂ ਰਾਓਜੀ ਸ਼ਾਹ ਅਤੇ ਉਨ੍ਹਾਂ ਦੀ ਪੋਤੀ ਭਾਰਤੀ ਫਿਲਮ ਨੂੰ ਲੈ ਕੇ ਬਹੁਤ ਨਾਰਾਜ਼ ਹਨ। ਪਿਛਲੇ ਸਾਲ ਬਾਬੂ ਰਾਓਜੀ ਸ਼ਾਹ ਨੇ ਵੀ ਇਸ ਮਾਮਲੇ ਨੂੰ ਲੈ ਕੇ ਅਦਾਲਤ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਨੇ ਫਿਲਮ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਜਿਸਤੋਂ ਬਾਅਦ ਸੰਜੇ ਲੀਲਾ ਭੰਸਾਲੀ ਅਤੇ ਆਲੀਆ ਭੱਟ ਨੂੰ ਮੁੰਬਈ ਦੀ ਅਦਾਲਤ ਨੇ ਸੰਮਨ ਵੀ ਜਾਰੀ ਕੀਤਾ ਸੀ।

ਹਾਲਾਂਕਿ, ਬਾਂਬੇ ਹਾਈ ਕੋਰਟ ਨੇ ਬਾਅਦ ਵਿੱਚ ਗੰਗੂਬਾਈ ਕਾਠੀਆਵਾੜੀ ਦੀ ਰਿਲੀਜ਼ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਲਮ ਦੇ ਨਿਰਮਾਤਾਵਾਂ ਵਿਰੁੱਧ ਅਪਰਾਧਿਕ ਮਾਣਹਾਨੀ ਦੀ ਕਾਰਵਾਈ 'ਤੇ ਅੰਤ੍ਰਿਮ ਰੋਕ ਵੀ ਲਾ ਦਿੱਤੀ। ਮਾਮਲਾ ਅਜੇ ਵੀ ਲਟਕ ਰਿਹਾ ਹੈ।

Related Stories

No stories found.
logo
Punjab Today
www.punjabtoday.com