
ਅੱਲੂ ਅਰਜੁਨ ਲਈ ਇਹ ਸਾਲ ਬਹੁਤ ਵਧੀਆ ਚੜ੍ਹਿਆ ਹੈ। ਅਭਿਨੇਤਾ ਅੱਲੂ ਅਰਜੁਨ ਜਿੱਥੇ ਸਿਨੇਮਾ ਜਗਤ 'ਚ ਧਮਾਕਾ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਖਾਤੇ 'ਚ ਕਈ ਸਨਮਾਨ ਵੀ ਜੁੜ ਰਹੇ ਹਨ। ਕੁਝ ਸਮਾਂ ਪਹਿਲਾਂ ਅੱਲੂ ਅਰਜੁਨ ਨੂੰ ਨਿਊਯਾਰਕ 'ਚ ਸਾਲਾਨਾ ਇੰਡੀਅਨ ਡੇਅ ਪਰੇਡ 'ਚ ਗ੍ਰੈਂਡ ਮਾਰਸ਼ਲ ਦੇ ਤੌਰ 'ਤੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਸੱਦਾ ਦਿੱਤਾ ਗਿਆ ਸੀ, ਜਦੋਂ ਕਿ ਹੁਣ 'ਪੁਸ਼ਪਾ' ਫੇਮ ਅਦਾਕਾਰ ਨੂੰ 'ਇੰਡੀਅਨ ਆਫ ਦਿ ਈਅਰ' ਨਾਲ ਸਨਮਾਨਿਤ ਕੀਤਾ ਗਿਆ ਹੈ।
ਅੱਲੂ ਅਰਜੁਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਦਿੱਲੀ 'ਚ ਇਕ ਈਵੈਂਟ ਦਾ ਆਯੋਜਨ ਕੀਤਾ ਗਿਆ, ਜਿਸ 'ਚ ਅੱਲੂ ਅਰਜੁਨ ਨੂੰ ਐਂਟਰਟੇਨਮੈਂਟ ਇੰਡਸਟਰੀ ਲਈ 'ਇੰਡੀਅਨ ਆਫ ਦਿ ਈਅਰ' ਨਾਲ ਸਨਮਾਨਿਤ ਕੀਤਾ ਗਿਆ।
ਅੱਲੂ ਅਰਜੁਨ ਇਸ ਈਵੈਂਟ 'ਚ ਕਾਲੇ ਕੱਪੜਿਆਂ 'ਚ ਕਾਫੀ ਸਟਾਈਲਿਸ਼ ਲੱਗ ਰਹੇ ਸਨ। ਅੱਲੂ ਅਰਜੁਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਹ ਸਨਮਾਨ ਜਿੱਤਣ ਤੋਂ ਬਾਅਦ ਅੱਲੂ ਨੇ ਕਿਹਾ, ''ਮੈਂ ਫਿਲਮ ਇੰਡਸਟਰੀ 'ਚ 20 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਮੈਨੂੰ ਦੱਖਣ ਵਿੱਚ ਕਈ ਪੁਰਸਕਾਰ ਮਿਲੇ ਹਨ, ਇਹ ਪਹਿਲੀ ਵਾਰ ਹੈ, ਜਦੋਂ ਮੈਨੂੰ ਉੱਤਰ ਤੋਂ ਕੋਈ ਪੁਰਸਕਾਰ ਮਿਲਿਆ ਹੈ, ਇਸ ਲਈ ਇਹ ਮੇਰੇ ਲਈ ਬਹੁਤ ਖਾਸ ਹੈ।''
ਇੰਨਾ ਹੀ ਨਹੀਂ, ਅੱਲੂ ਅਰਜੁਨ ਨੇ 'ਪੁਸ਼ਪਾ' ਦੇ ਸੁਪਰਹਿੱਟ ਡਾਇਲਾਗ 'ਪੁਸ਼ਪਾ... ਪੁਸ਼ਪਰਾਜ, ਮੈਂ ਝੁਕੇਗਾ ਨਹੀਂ ਸਾਲਾ' ਨੂੰ ਨਵਾਂ ਮੋੜ ਦਿੰਦੇ ਹੋਏ ਕਿਹਾ, 'ਭਾਰਤੀ ਸਿਨੇਮਾ, ਭਾਰਤ ਕਦੇ ਝੁਕੇਗਾ ਨਹੀਂ'। ਅੱਲੂ ਦੇ ਇਸ ਸਵੈਗ ਨੂੰ ਇਵੈਂਟ 'ਚ ਮੌਜੂਦ ਲੋਕਾਂ ਨੇ ਕਾਫੀ ਪਸੰਦ ਕੀਤਾ। ਅੱਲੂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਜਿਕਰਯੋਗ ਹੈ, ਕਿ ਪਿਛਲੇ ਸਾਲ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ - ਦਿ ਰਾਈਜ਼' ਰਿਲੀਜ਼ ਹੋਈ ਸੀ, ਜਿਸ ਨੂੰ ਨਾ ਸਿਰਫ ਆਲੋਚਕਾਂ ਨੇ ਸਗੋਂ ਦਰਸ਼ਕਾਂ ਵਲੋਂ ਵੀ ਖੂਬ ਪਸੰਦ ਕੀਤਾ ਗਿਆ ਸੀ। ਜਦੋਂ ਕਿ ਪਹਿਲੀ ਫਿਲਮ ਨੇ ਸਿਨੇਮਾਘਰਾਂ ਵਿੱਚ ਬਹੁਤ ਕਮਾਈ ਕੀਤੀ ਸੀ, ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਤੋਂ ਬਾਅਦ, ਫਿਲਮ ਨੂੰ ਹੋਰ ਵੀ ਮਜ਼ਬੂਤ ਮਾਉਥ ਪਬਲੀਸਿਟੀ ਮਿਲੀ। ਫਿਲਮ ਦਾ ਪਹਿਲਾ ਭਾਗ ਸੁਪਰਹਿੱਟ ਹੋਣ ਤੋਂ ਬਾਅਦ ਹੁਣ ਦਰਸ਼ਕ ਫਿਲਮ 'ਪੁਸ਼ਪਾ' ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ 'ਚ ਅੱਲੂ ਦੇ ਨਾਲ ਰਸ਼ਮਿਕਾ ਮੰਡਾਨਾ ਅਤੇ ਫਹਾਦ ਫਾਸਿਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।