Cannes ਫਿਲਮ ਫੈਸਟੀਵਲ 2022: ਦੀਪਿਕਾ ਪਾਦੂਕੋਣ ਬਣੇਗੀ ਜਿਊਰੀ ਦਾ ਹਿੱਸਾ

ਦੀਪਿਕਾ ਪਾਦੂਕੋਣ ਨੂੰ 75ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਜਿਊਰੀ ਦਾ ਮੈਂਬਰ ਚੁਣਿਆ ਗਿਆ ਹੈ।
Cannes ਫਿਲਮ ਫੈਸਟੀਵਲ 2022: ਦੀਪਿਕਾ ਪਾਦੂਕੋਣ ਬਣੇਗੀ ਜਿਊਰੀ ਦਾ ਹਿੱਸਾ

2017 ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਆਪਣਾ ਰੈੱਡ ਕਾਰਪੇਟ ਡੈਬਿਊ ਕਰਨ ਵਾਲੀ ਦੀਪਿਕਾ ਨੇ, ਆਸਕਰ ਜੇਤੂ ਫਿਲਮ ਨਿਰਮਾਤਾ ਅਸਗਰ ਫਰਹਾਦੀ, ਜੈਫ ਨਿਕੋਲਸ, ਰੇਬੇਕਾ ਹਾਲ, ਨੂਮੀ ਰੈਪੇਸ, ਜੈਸਮੀਨ ਟ੍ਰਿੰਕਾ, ਲਾਡਜ ਲਾਇ ਅਤੇ ਜੋਚਿਮ ਟ੍ਰੀਅਰ ਸਮੇਤ ਹੋਰ ਜਿਊਰੀ ਮੈਂਬਰਾਂ ਦੀਆਂ ਤਸਵੀਰਾਂ ਨਾਲ ਆਪਣੀ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਇਹ ਖਬਰ ਸਾਂਝੀ ਕੀਤੀ ਹੈ।

ਦੀਪਿਕਾ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਕੰਨੜ ਮੂਵੀ ਦੇ ਇੱਕ ਛੋਟੇ ਰੋਲ ਤੋਂ ਕੀਤੀ ਸੀ। ਫਿਰ 2007 ਵਿੱਚ ਉਸਨੂੰ ਸ਼ਾਹਰੁਖ ਖਾਨ ਨਾਲ ਫਿਲਮ ਉਮ ਸ਼ਾਂਤੀ ਉਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਜਿਸਤੋਂ ਬਾਅਦ ਫਿਰ ਦੀਪਿਕਾ ਨੂੰ ਕਦੇ ਪਿੱਛੇ ਮੁੜ ਕੇ ਵੇਖਣ ਦੀ ਜਰੂਰਤ ਨਹੀਂ ਪਈ। ਇਸ ਫਿਲਮ ਨੇ ਉਸਨੂੰ ਇੱਕ ਫਿਲਮਫੇਅਰ ਅਵਾਰਡ ਦਿੱਤਾ। ਬਾਅਦ ਵਿੱਚ, ਸੰਜੇ ਲੀਲਾ ਭੰਸਾਲੀ ਦੀ ਬਾਜੀਰਾਓ ਮਸਤਾਨੀ, ਪਦਮਾਵਤ, ਗੋਲੀਓਂ ਕੀ ਰਾਸਲੀਲਾ ਰਾਮ-ਲੀਲਾ ਅਤੇ ਪੀਕੂ ਵਰਗੀਆਂ ਫਿਲਮਾਂ ਨੇ ਦੀਪਿਕਾ ਨੂੰ ਹਿੰਦੀ ਸਿਨੇਮਾ ਵਿੱਚ ਇੱਕ ਵੱਖਰੀ ਪਹਿਚਾਣ ਦਵਾਈ। ਉਸਨੇ ਹਾਲੀਵੁੱਡ ਪ੍ਰੋਡਕਸ਼ਨ, XXX: ਰਿਟਰਨ ਆਫ ਜ਼ੈਂਡਰ ਕੇਜ ਵਿੱਚ ਵੀ ਕੰਮ ਕੀਤਾ।

ਕੋਰੋਨਾ ਦੌਰ ਤੋਂ ਬਾਅਦ ਇਹ ਫਿਲਮ ਫੈਸਟੀਵਲ ਇਕ ਵਾਰ ਫਿਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਊਰੀ ਦੀ ਅਗਵਾਈ ਫਰਾਂਸੀਸੀ ਅਦਾਕਾਰ ਵਿਨਸੈਂਟ ਲਿੰਡਨ ਕਰ ਰਹੇ ਹਨ। ਇਹ 17 ਮਈ ਤੋਂ 28 ਮਈ ਤੱਕ ਚੱਲੇਗਾ। ਜਿਊਰੀ ਵਿੱਚ ਪੰਜ ਮੇਲ ਅਤੇ ਚਾਰ ਫੀਮੇਲ ਮੈਂਬਰ ਸ਼ਾਮਲ ਹਨ, ਜੋ ਇਸ ਸਾਲ ਦੇ ਪਾਮ ਡੀ ਓਰ ਸਨਮਾਨਾਂ ਦੇ ਜੇਤੂਆਂ ਦੀ ਚੋਣ ਕਰਨਗੇ। ਦੀਪਿਕਾ, ਜੋ ਲਗਾਤਾਰ 2017 ਤੋਂ ਫੈਸਟਿਵਲ ਵਿੱਚ ਹਿੱਸਾ ਲੈ ਰਹੀ ਹੈ, ਮੌਜੂਦਾ ਅਟਕਲਾਂ ਦੇ ਅਨੁਸਾਰ ਇਸ ਵਾਰ ਉਹ 10 ਦੇ 10 ਦਿਨ ਰੈੱਡ ਕਾਰਪੇਟ ਤੇ ਦਿਖੇਗੀ।

ਤੁਹਾਨੂੰ ਦੱਸ ਦੇਈਏ ਕਿ ਕਾਨਸ ਫਿਲਮ ਫੈਸਟੀਵਲ ਦੁਨੀਆ ਦਾ ਸਭ ਤੋਂ ਵੱਡਾ ਫਿਲਮ ਇਕੱਠ ਹੈ, ਜੋ ਸਭ ਤੋਂ ਵਧੀਆ ਗਲੋਬਲ ਫਿਲਮਾਂ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਗਲੋਬਲ ਫਿਲਮ ਉਦਯੋਗ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ।

'ਫੈਸਟੀਵਲ ਦ ਕਾਨਸ' ਨੇ ਵੀ ਅਧਿਕਾਰਤ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਹੈਂਡਲਸ 'ਤੇ ਦੀਪਿਕਾ ਪਾਦੂਕੋਣ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, 'ਭਾਰਤ ਦੀ ਸਭ ਤੋਂ ਵੱਡੀ ਸਟਾਰ ਨਿਰਮਾਤਾ, ਸਮਾਜ ਸੇਵੀ ਅਤੇ ਅਦਾਕਾਰਾ ਦੀਪਿਕਾ ਪਾਦੂਕੋਣ, ਜੋ 30 ਤੋਂ ਵੱਧ ਫੀਚਰ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਉਹ ਹਾਲੀਵੁੱਡ ਵਿੱਚ ਵਿਨ ਡੀਜ਼ਲ ਨਾਲ ਫਿਲਮ xXx: ਰਿਟਰਨ ਆਫ ਜ਼ੈਂਡਰ ਕੇਜ ਵਿੱਚ ਵੀ ਦਿਖਾਈ ਦਿੱਤੇ। ਉਹ ਇੱਕ ਪ੍ਰੋਡਕਸ਼ਨ ਹਾਊਸ ਦੀ ਮਾਲਕਣ ਵੀ ਹੈ, ਜਿਸਦੀ ਸ਼ੁਰੂਆਤ ਉਨ੍ਹਾਂ ਨੇ ਆਪਣੀ ਫਿਲਮ ਛਪਾਕ ਨਾਲ ਕੀਤੀ ਸੀ।

ਪੋਸਟ 'ਚ ਅੱਗੇ ਲਿਖਿਆ, 'ਦੀਪਿਕਾ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਸਪੋਰਟਸ ਡਰਾਮਾ ਫਿਲਮ 83 ਬਣਾਈ ਅਤੇ ਉਸਦੀ ਆਉਣ ਵਾਲੀ ਫਿਲਮ 'ਦਿ ਇੰਟਰਨ' ਵੀ ਉਸ ਦੇ ਪ੍ਰੋਡਕਸ਼ਨ ਹਾਊਸ ਹੇਠ ਹੀ ਬਣੇਗੀ। ਉਨ੍ਹਾਂ ਨੇ 'ਗਹਿਰਾਈਆਂ' ਅਤੇ 'ਪਦਮਾਵਤ' ਵਿੱਚ ਜਬਰਦਸਤ ਪ੍ਰਫੋਰਮੈਂਸ ਦਿੱਤੀ ਹੈ। ਅਤੇ ਸਾਲ 2015 'ਚ ਰਿਲੀਜ਼ ਹੋਈ ਫਿਲਮ 'ਪੀਕੂ' 'ਚ ਆਪਣੀ ਅਦਾਕਾਰੀ ਲਈ ਕਈ ਐਵਾਰਡ ਜਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਲ 2018 ਵਿੱਚ ਲੋਕਾਂ ਨੂੰ ਮਾਨਸਿਕ ਰੋਗਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਸੰਸਥਾ ਵੀ ਬਣਾਈ ਹੈ। ਹਾਲ ਹੀ 'ਚ ਉਨ੍ਹਾਂ ਨੂੰ ਟਾਈਮ 100 ਇਮਪੈਕਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਸ ਦੌਰਾਨ, ਜੇ ਅਸੀਂ ਦੀਪਿਕਾ ਦੇ ਅਪਕਮਿੰਗ ਪ੍ਰੋਜੈਕਟਜ਼ ਦੀ ਗੱਲ ਕਰੀਏ ਤਾਂ ਉਸ ਕੋਲ ਫਿਲਹਾਲ ਬਾੱਲੀਵੁੱਡ ਦੀਆਂ ਦੋ ਵੱਡੀਆਂ ਫਿਲਮਾਂ ਹਨ; ਰਿਤਿਕ ਰੋਸ਼ਨ ਦੇ ਨਾਲ ਫਾਈਟਰ ਅਤੇ ਸ਼ਾਹਰੁਖ ਖਾਨ ਅਤੇ ਜੌਨ ਅਬ੍ਰਾਹਮ ਨਾਲ ਪਠਾਨ। ਪਠਾਨ ਜਨਵਰੀ 2023 ਵਿੱਚ ਰਿਲੀਜ਼ ਹੋਣ ਵਾਲੀ ਹੈ।

ਦੀਪਿਕਾ ਦਾ ਕਾਨਸ ਫਿਲਮ ਫੈਸਟਿਵਲ ਦੀ ਜਿਊਰੀ 'ਚ ਸ਼ਾਮਲ ਹੋਣਾ, ਬੇਸ਼ਕ ਹੀ ਭਾਰਤ ਲਈ ਇੱਕ ਮਾਨ ਦੀ ਗੱਲ ਹੈ। ਅਦਾਰਾ ਪੰਜਾਬ ਟੂਡੇ ਵੀ ਦੀਪਿਕਾ ਪਾਦੂਕੋਣ ਅਤੇ ਉਹਨਾਂ ਦੇ ਫੈਨਜ਼ ਨੂੰ ਇਸ ਉਪਲੱਬਧੀ ਤੇ ਵਧਾਈ ਦਿੰਦਾ ਹੈ।

Related Stories

No stories found.
logo
Punjab Today
www.punjabtoday.com