ਫਤਹਿਗੜ੍ਹ ਸਾਹਿਬ 'ਚ ਬਣ ਰਹੀ ਹੈ ਨਵੀਂ ਫਿਲਮ ਸਿਟੀ,ਸੀਐਮ ਨੇ ਕੀਤਾ ਉਦਘਾਟਨ

ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਫਿਲਮ ਸਿਟੀ ਪ੍ਰੋਜੈਕਟ ਨੂੰ ਹਰ ਤਰ੍ਹਾਂ ਦੀ ਸਰਕਾਰੀ ਸਹਾਇਤਾ ਦਾ ਭਰੋਸਾ ਦਿੱਤਾ ਹੈ, ਨਾਲ ਹੀ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕੀਤਾ ਹੈ।
ਫਤਹਿਗੜ੍ਹ ਸਾਹਿਬ 'ਚ ਬਣ ਰਹੀ ਹੈ ਨਵੀਂ ਫਿਲਮ ਸਿਟੀ,ਸੀਐਮ ਨੇ ਕੀਤਾ ਉਦਘਾਟਨ

ਇਨਵੈਸਟ ਪੰਜਾਬ ਐਂਡ ਬਿਜ਼ਨਸ ਫਸਟ ਨੀਤੀ ਦੇ ਤਹਿਤ ਪੰਜਾਬ ਸਰਕਾਰ ਵਲੋਂ ਪਹਿਲਕਦਮੀ ਕਰਦੇ ਹੋਏ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਫਤਿਹਗੜ੍ਹ ਸਾਹਿਬ-ਮੋਹਾਲੀ ਰੋਡ 'ਤੇ ਪੈਂਦੇ ਪਿੰਡ, ਮੁਕਾਰੋਂਪੁਰ ਵਿਖੇ ਫਿਲਮ ਸਿਟੀ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਪੰਜਾਬੀ ਫਿਲਮ ਜਗਤ ਦੀਆਂ ਵੀ ਕਾਫੀ ਹਸਤੀਆਂ ਪਹੁੰਚੀਆਂ ਹੋਈਆਂ ਸਨ। 400 ਏਕੜ ਦੇ ਇਸ ਪ੍ਰੋਜੈਕਟ ਦਾ ਨਿਰਮਾਣ ਪੀਐਫਸੀ ਵਰਲਡ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੁਆਰਾ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, "ਫਿਲਮ ਭਾਈਚਾਰੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।"

ਪਹਿਲੇ ਚਰਨ ਵਿੱਚ 20 ਏਕੜ ਜ਼ਮੀਨ ਤੇ ਫਿਲਮ ਸਿਟੀ ਦਾ ਨਿਰਮਾਣ ਕੀਤਾ ਜਾਵੇਗਾ। ਪੰਜਾਬ ਸਰਕਾਰ ਵੀ ਜਲਦ ਹੀ 400 ਏਕੜ ਜ਼ਮੀਨ ਵਿੱਚ ਫਿਲਮ ਸਿਟੀ ਦਾ ਨਿਰਮਾਣ ਕਰਨ ਜਾ ਰਹੀ ਹੈ। ਚੰਨੀ ਨੇ ਕਿਹਾ ਕਿ ਦੁਨੀਆਂ ਭਰ ਚ ਪੰਜਾਬੀ ਫ਼ਿਲਮਾਂ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਦੇਸ਼ਾਂ ਵਿਦੇਸ਼ਾਂ ਚ ਪੰਜਾਬੀ ਫ਼ਿਲਮਾਂ ਦੀ ਮੰਗ ਵੀ ਵਧੀ ਹੈ। ਸੀਐਮ ਨੇ ਅੱਗੇ ਕਿਹਾ ਕਿ ਫ਼ਿਲਮਾਂ ਨੌਜਵਾਨਾਂ ਨੂੰ ਸਹੀ ਸੇਧ ਦੇਣ ਦਾ ਇੱਕ ਵਧੀਆ ਸਾਧਨ ਹਨ।

ਇਸ ਸਮੇਂ ਉਨ੍ਹਾਂ ਦੇ ਨਾਲ ਮੌਜੂਦ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਵਿੱਚ ਚੰਗੀਆਂ ਫਿਲਮਾਂ ਅਤੇ ਗੀਤਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਨੂੰ ਸਹੀ ਸੇਧ ਮਿਲ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਫਿਲਮ ਇੰਡਸਟਰੀ ਅਤੇ ਕਲਾਕਾਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਪੀਐਫਸੀ ਐਂਟਰਟੇਨਮੈਂਟ ਵਰਲਡ ਪ੍ਰਾਈਵੇਟ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ ਇਕਬਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਪਿਛਲੇ ਸਾਲਾਂ ਦੌਰਾਨ ਵਧਿਆ ਹੈ। ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਦਾ ਸਥਾਈ ਆਧਾਰ ਚੰਡੀਗੜ੍ਹ ਦੇ ਨੇੜੇ ਹੋਵੇਗਾ। ਇੱਥੇ ਕਲਾਕਾਰਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਆਦਿ ਵੀ ਮੌਜੂਦ ਸਨ।

Related Stories

No stories found.
logo
Punjab Today
www.punjabtoday.com