
ਨਸੀਰੂਦੀਨ ਸ਼ਾਹ ਨੂੰ ਬਾਲੀਵੁੱਡ ਵਿਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਆਪਣੇ ਬੇਬਾਕ ਬਿਆਨਾਂ ਕਾਰਨ ਅਕਸਰ ਸੁਰਖੀਆਂ 'ਚ ਰਹਿਣ ਵਾਲੇ ਨਸੀਰੂਦੀਨ ਸ਼ਾਹ ਇਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਚਰਚਾ 'ਚ ਹਨ।
ਨਸੀਰੂਦੀਨ ਸ਼ਾਹ ਨੇ 'ਦਿ ਕੇਰਲਾ ਸਟੋਰੀ' ਅਤੇ 'ਦਿ ਕਸ਼ਮੀਰ ਫਾਈਲਜ਼' ਵਰਗੀਆਂ ਫਿਲਮਾਂ ਦਾ ਨਾਂ ਲਏ ਬਿਨਾਂ ਬਿਆਨ ਦਿੱਤਾ ਹੈ ਅਤੇ ਦੇਸ਼ ਵਿੱਚ ਮੁਸਲਮਾਨਾਂ ਪ੍ਰਤੀ ਨਵੇਂ ਰਵੱਈਏ ਬਾਰੇ ਵੀ ਕਾਫੀ ਕੁਝ ਬੋਲਿਆ ਹੈ। ਨਸੀਰੂਦੀਨ ਸ਼ਾਹ ਨੇ ਜੋ ਕਿਹਾ ਹੈ, ਉਸ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਨਸੀਰੂਦੀਨ ਸ਼ਾਹ ਨੇ ਕਿਹਾ ਹੈ ਕਿ ਹੁਣ ਮੁਸਲਮਾਨਾਂ ਨਾਲ ਨਫ਼ਰਤ ਕਰਨਾ ਫੈਸ਼ਨ ਬਣ ਗਿਆ ਹੈ, ਬੜੀ 'ਚਲਾਕੀ' ਨਾਲ ਲੋਕ ਨਫ਼ਰਤ ਨਾਲ ਭਰੇ ਜਾ ਰਹੇ ਹਨ।
ਨਸੀਰੂਦੀਨ ਸ਼ਾਹ ਨੇ ਕਿਹਾ, 'ਇਹ ਬਹੁਤ ਚਿੰਤਾਜਨਕ ਸਮਾਂ ਹੈ। ਇਹੋ ਜਿਹੀਆਂ ਗੱਲਾਂ, ਅੱਜ ਕੱਲ੍ਹ ਮੁਸਲਮਾਨਾਂ ਨਾਲ ਨਫ਼ਰਤ ਕਰਨਾ ਫੈਸ਼ਨ ਬਣ ਗਿਆ ਹੈ। ਪੜ੍ਹੇ-ਲਿਖੇ ਲੋਕਾਂ ਵਿੱਚ ਵੀ ਮੁਸਲਮਾਨਾਂ ਨਾਲ ਨਫ਼ਰਤ ਕਰਨਾ ਅੱਜਕੱਲ੍ਹ ਇੱਕ ਫੈਸ਼ਨ ਬਣ ਗਿਆ ਹੈ। ਸੱਤਾਧਾਰੀ ਪਾਰਟੀ ਨੇ ਬੜੀ ਚਲਾਕੀ ਨਾਲ ਲੋਕਾਂ ਨੂੰ ਘੁਮਾਇਆ ਹੈ। ਇੱਕ ਬਿਰਤਾਂਤ ਨਿਰਧਾਰਤ ਕੀਤਾ ਗਿਆ ਹੈ। ਨਸੀਰੂਦੀਨ ਸ਼ਾਹ ਨੇ ਚੋਣ ਕਮਿਸ਼ਨ ਬਾਰੇ ਬੋਲਦਿਆਂ ਕਿਹਾ ਕਿ ਉਹ ਵੀ ਅਜਿਹੀਆਂ ਗੱਲਾਂ ਖਿਲਾਫ ਆਵਾਜ਼ ਨਹੀਂ ਉਠਾਉਂਦੇ। ਇੱਥੇ ਸਿਆਸੀ ਪਾਰਟੀਆਂ ਵੀ ਚੋਣ ਰੈਲੀਆਂ ਵਿੱਚ ਧਰਮ ਦੀ ਬਹੁਤ ਵਰਤੋਂ ਕਰਦੀਆਂ ਹਨ।
ਉਨ੍ਹਾਂ ਕਿਹਾ, 'ਜੇਕਰ ਕੋਈ ਮੁਸਲਿਮ ਨੇਤਾ ਹੁੰਦਾ ਅਤੇ ਉਹ ਅੱਲ੍ਹਾ ਹੂ ਅਕਬਰ ਬੋਲਦਾ ਬਟਨ ਦਬਾ ਦਿੰਦਾ ਤਾਂ ਹੰਗਾਮਾ ਹੋ ਜਾਣਾ ਸੀ। ਪਰ ਇੱਥੇ ਸਾਡੇ ਪ੍ਰਧਾਨ ਮੰਤਰੀ ਅੱਗੇ ਵਧ ਕੇ ਅਜਿਹੀਆਂ ਗੱਲਾਂ ਕਹਿੰਦੇ ਹਨ। ਨਸੀਰੂਦੀਨ ਸ਼ਾਹ ਨੇ ਉਮੀਦ ਜਤਾਈ ਕਿ ਅਜਿਹੀਆਂ ਚੀਜ਼ਾਂ ਜਲਦੀ ਖਤਮ ਹੋ ਜਾਣਗੀਆਂ, ਪਰ ਮੌਜੂਦਾ ਸਮਾਂ ਬਹੁਤ ਚਿੰਤਾਜਨਕ ਹੈ। ਪ੍ਰੋਫੈਸ਼ਨਲ ਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਨਸੀਰੂਦੀਨ ਸ਼ਾਹ ਫਿਲਮ 'ਕੁੱਤੇ ' ਤੋਂ ਇਲਾਵਾ ਵੈੱਬ ਸੀਰੀਜ਼ 'ਤਾਜ: ਡਿਵਾਈਡਡ ਬਾਏ ਬਲੱਡ' 'ਚ ਨਜ਼ਰ ਆਏ ਸਨ। ਉਹ ਹਾਲ ਹੀ 'ਚ ਰਿਲੀਜ਼ ਹੋਈ ਸੀਰੀਜ਼ 'ਸਾਸ, ਬਹੂ ਔਰ ਫਲੇਮਿੰਗੋ' 'ਚ ਵੀ ਨਜ਼ਰ ਆਏ ਸਨ। ਇਸ ਸੀਰੀਜ਼ 'ਚ ਅਦਿਤੀ ਰਾਓ ਹੈਦਰੀ, ਆਸ਼ਿਮ ਗੁਲਾਟੀ, ਸੰਧਿਆ ਮ੍ਰਿਦੁਲ, ਰਾਹੁਲ ਬੋਸ ਵਰਗੇ ਦਿੱਗਜ ਕਲਾਕਾਰ ਵੀ ਨਜ਼ਰ ਆਏ ਸਨ । ਹਾਲ ਹੀ 'ਚ ਨਸੀਰੂਦੀਨ ਸ਼ਾਹ ਨੇ ਮੀਡੀਆ ਨੂੰ ਇੰਟਰਵਿਊ ਦਿੱਤਾ ਸੀ, ਜਿਸ 'ਚ ਉਨ੍ਹਾਂ ਕਿਹਾ, ਕੁਝ ਫਿਲਮਾਂ ਅਤੇ ਸ਼ੋਅ ਨੂੰ ਪ੍ਰਚਾਰ ਵਜੋਂ ਵਰਤਿਆ ਜਾ ਰਿਹਾ ਹੈ।