ਬੁਲੰਦੀਆਂ ਦੇ ਸਿਖ਼ਰ ਨੂੰ ਛੂਹ ਰਹੇ ਹਨ ਪਰਮੀਸ਼ ਵਰਮਾ

ਇੱਕ ਗਾਣੇ ਲਈ ਪਰਮੀਸ਼ ਵਰਮਾ ਤਕਰੀਬਨ 20 ਲੱਖ ਰੁਪਏ ਚਾਰਜ ਕਰਦੇ ਹਨ।
ਬੁਲੰਦੀਆਂ ਦੇ ਸਿਖ਼ਰ ਨੂੰ ਛੂਹ ਰਹੇ ਹਨ ਪਰਮੀਸ਼ ਵਰਮਾ

ਪੰਜਾਬੀ ਗਾਇਕੀ ਦੇ ਮਸ਼ਹੂਰ ਸਿਤਾਰੇ ਪਰਮੀਸ਼ ਵਰਮਾ ਅੱਜ ਦੇ ਸਮੇਂ ਵਿੱਚ ਬੁਲੰਦੀਆਂ ਤੇ ਹਨ। ਪਰਮੀਸ਼ ਵਰਮਾ ਦਾ ਜਨਮ 3 ਜੁਲਾਈ 1990 ਨੂੰ ਪਟਿਆਲਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸਤੀਸ਼ ਵਰਮਾ ਹੈ ਅਤੇ ਮਾਤਾ ਦਾ ਨਾਮ ਪਰਮਜੀਤ ਕੌਰ ਵਰਮਾ ਹੈ। ਪਰਮੀਸ਼ ਦਾ ਨਾਮ ਵੀ ਆਪਣੇ ਮਾਤਾ ਅਤੇ ਪਿਤਾ ਦੇ ਨਾਮ ਦੇ ਵਿੱਚੋਂ ਹੀ ਨਿਕਲਿਆ ਹੈ। ਪੇਸ਼ੇ ਵਜੋਂ ਸਤੀਸ਼ ਵਰਮਾ ਪੰਜਾਬੀ ਦੇ ਲਿਖਾਰੀ ਕਵੀ ਅਤੇ ਥੀਏਟਰ ਆਰਟਿਸਟ ਸਨ ਅਤੇ ਪੰਜਾਬੀ ਯੂਨੀਵਰਸਿਟੀ ਵਿੱਚੋਂ ਰਿਟਾਇਰ ਹੋਏ ਹਨ। ਪਰਮੀਸ਼ ਵਰਮਾ ਦੀ ਇਕ ਵੱਡੀ ਭੈਣ ਹੈ ਜਿਸਦਾ ਨਾਮ ਸ਼ੈਰੀ ਰਾਣਾ ਹੈ ਅਤੇ ਇਕ ਛੋਟਾ ਭਰਾ ਸੁਖਨ ਵਰਮਾ ਹੈ। ਪਿਛਲੇ ਸਾਲ ਹੀ ਪਰਮੀਸ਼ ਵਰਮਾ ਨੇ ਕੈਨੇਡਾ ਦੀ ਇੱਕ ਰਾਜਨੇਤਾ ਗੁਨੀਤ ਕੌਰ ਗਰੇਵਾਲ ਨਾਲ ਵਿਆਹ ਰਚਾਇਆ ਹੈ।

ਪਰਮੀਸ਼ ਵਰਮਾ ਪਹਿਲਾਂ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਆਸਟ੍ਰੇਲੀਆ ਜਾ ਕੇ ਵੱਸ ਗਏ ਸਨ। ਆਸਟ੍ਰੇਲੀਆ ਦੀ PR ਲੈਣ ਤੋਂ ਬਾਅਦ ਇੱਕ ਵਾਰ ਫੇਰ ਪਰਮੀਸ਼ ਵਰਮਾ ਵਾਪਸ ਭਾਰਤ ਆਏ। ਵਾਪਸ ਪੰਜਾਬ ਆਉਣ ਤੋਂ ਬਾਅਦ ਪਰਮੀਸ਼ ਵਰਮਾ ਨੇ ਪੰਜਾਬ ਬੋਲਦਾ ਨਾਮਕ ਇੱਕ ਪੰਜਾਬੀ ਫ਼ਿਲਮ ਵਿੱਚ ਬਤੌਰ ਸਪੋਰਟਿੰਗ ਐਕਟਰ ਕੰਮ ਕੀਤਾ। ਪਰਮੀਸ਼ ਵਰਮਾ ਦੱਸਦੇ ਹਨ ਭਾਰਤ ਆਉਣ ਤੋਂ ਬਾਅਦ ਗੁਰਦਾਸ ਮਾਨ ਦੇ ਪਰਿਵਾਰ ਨੇ ਵੀ ਉਨ੍ਹਾਂ ਦੀ ਬਹੁਤ ਮਦਦ ਕੀਤੀ ਅਤੇ ਗੁਰਦਾਸ ਮਾਨ ਦੇ ਸਪੁੱਤਰ ਗੁਰੀਕ ਮਾਨ ਨੇ ਉਨ੍ਹਾਂ ਨੂੰ ਡਾਇਰੈਕਸ਼ਨ ਦਾ ਕੰਮ ਵੀ ਸਿਖਾਇਆ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਆਪਣਾ ਡਾਇਰੈਕਸ਼ਨ ਹਾਊਸ ਸ਼ੁਰੂ ਕਰ ਲਿਆ। ਪਹਿਲਾ ਕਮਰਸ਼ਲ ਹਿੱਟ ਗਾਣਾ ਉਨ੍ਹਾਂ ਵੱਲੋਂ ਡਾਇਰੈਕਟ ਕੀਤਾ ਗਿਆ ਅਤੇ ਗਾਇਕ ਨਿੰਜਾ ਵੱਲੋਂ ਗਾਇਆ ਗਿਆ ਗਾਣਾ 'ਠੋਕਦਾ ਰਿਹਾ' ਸੀ।

ਇਸ ਗਾਣੇ ਦੀ ਸਫਲਤਾ ਤੋਂ ਬਾਅਦ ਪਰਮੀਸ਼ ਵਰਮਾ ਨੇ ਮੁੜਕੇ ਨਹੀਂ ਦੇਖਿਆ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਗਾਇਕੀ ਵਿੱਚ ਵੀ ਆਪਣੇ ਪੈਰ ਜਮਾਏ ਅਤੇ ਆਪਣਾ ਪਹਿਲਾ ਗਾਣਾ ਆਹ ਲੈ ਚੱਕ ਮੈਂ ਆ ਗਿਆ ਗਾਇਆ। ਇਹ ਗਾਣਾ ਵੀ ਬਹੁਤ ਹਿੱਟ ਹੋਇਆ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਇੱਕ ਤੋਂ ਇੱਕ ਹਿੱਟ ਗਾਣੇ ਗਾਏ ਜਿਨ੍ਹਾਂ ਵਿਚ ਛੜਾ, ਗਾਲ਼ ਨਹੀਂ ਕੱਢਣੀ ਆਦਿ ਸਨ। ਪਰਮੀਸ਼ ਵਰਮਾ ਨੇ ਬਤੌਰ ਐਕਟਰ ਵੀ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਪਹਿਲੀ ਫ਼ਿਲਮ ਰੌਕੀ ਮੈਂਟਲ ਵੀ ਬਹੁਤ ਸਫ਼ਲ ਫ਼ਿਲਮ ਸੀ। ਰੌਕੀ ਮੈਂਟਲ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਕਈ ਹੋਰ ਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿੱਚ ਮੁੱਖ ਤੌਰ ਤੇ ਦਿਲ ਦੀਆਂ ਗੱਲਾਂ ਸੀ ਜੋ ਬਹੁਤ ਹਿੱਟ ਹੋਈਆਂ। ਪਿਛਲੇ ਦਿਨੀਂ ਪਿਓ ਪੁੱਤ ਦੇ ਰਿਸ਼ਤੇ ਨੂੰ ਦਰਸਾਉਂਦੀ ਪਰਮੀਸ਼ ਅਤੇ ਡਾ ਸਤੀਸ਼ ਵਰਮਾ ਦੀ ਫ਼ਿਲਮ ,ਮੈਂ ਅਤੇ ਬਾਪੂ ਰਿਲੀਜ਼ ਹੋਈ ਹੈ। ਇਹ ਵੀ ਹਿੱਟ ਜਾ ਰਹੀ ਹੈ।

ਜੇਕਰ ਅਸੀਂ ਪਰਮੀਸ਼ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹ ਕਰੀਬਨ 110 ਕਰੋੜ ਤੋਂ ਉੱਪਰ ਹੈ। ਇੱਕ ਗਾਣੇ ਲਈ ਉਹ ਤਕਰੀਬਨ ਵੀਹ ਲੱਖ ਰੁਪਏ ਲੈਂਦੇ ਹਨ ਅਤੇ ਕਿਸੇ ਬਰੈਂਡ ਦੀ ਮਸ਼ਹੂਰੀ ਕਰਨ ਲਈ ਵੀ ਉਹ ਇੱਕ ਕਰੋੜ ਦੇ ਕਰੀਬ ਲੈਂਦੇ ਹਨ।

ਜੇਕਰ ਅਸੀਂ ਪਰਮੀਸ਼ ਵਰਮਾ ਦੇ ਕਾਰਾਂ ਦੇ ਕਾਫਲੇ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਕਈ ਬਹੁਤ ਹੀ ਮਹਿੰਗੀਆਂ ਕਾਰਾਂ ਹਨ। ਪਰਮੀਸ਼ ਵਰਮਾ ਦੀ ਸਭ ਤੋਂ ਮਹਿੰਗੀ ਕਾਰ ਰੋਲਜ਼ ਰੌਇਸ ਰੈਥ ਜਿਸ ਦੀ ਕੀਮਤ 6.50 ਕਰੋੜ ਰੁਪਏ ਦੇ ਕਰੀਬ ਹੈ। ਇਸ ਰੋਲਜ਼ ਰੌਇਸ ਉੱਤੇ ਕੰਪਨੀ ਵੱਲੋਂ ਸਪੈਸ਼ਲੀ ਡਿਜ਼ਾਇੰਡ ਫਾਰ ਪਰਮੀਸ਼ ਵਰਮਾ ਵੀ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਪਰਮੀਸ਼ ਵਰਮਾ ਨੇ ਆਪਣੇ ਵਿਆਹ ਉੱਤੇ ਆਪਣੀ ਪਤਨੀ ਗੁਨੀਤ ਗਰੇਵਾਲ ਨੂੰ ਵੀ ਬੈਂਟਲੇ ਕਾਰ ਗਿਫਟ ਕੀਤੀ ਸੀ।

ਦੂਜੀ ਕਾਰ ਪਰਮੀਸ਼ ਵਰਮਾ ਕੋਲ ਮਰਸਡੀਜ਼ amg g63 ਹੈ ਜਿਸ ਨੂੰ ਜੀ ਵੇਗਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਇਸ ਕਾਰ ਦੀ ਕੀਮਤ ਵੀ ਢਾਈ ਕਰੋੜ ਰੁਪਏ ਦੇ ਕਰੀਬ ਹੈ। ਇਸ ਤੋਂ ਇਲਾਵਾ ਮੌਜੂਦਾ ਸਮੇਂ ਵਿੱਚ ਯੂਥ ਦੀ ਪਸੰਦੀਦਾ ਆਫ ਰੋਡਿੰਗ ਕਾਰ ਜੀਪ ਰੈਂਗਲਰ ਰੂਬੀਕੌਣ ਵੀ ਪਰਮੀਸ਼ ਵਰਮਾ ਤੇ ਗੱਡੀਆਂ ਦੇ ਕਾਫਲੇ ਦਾ ਹਿੱਸਾ ਹੈ। ਇਸ ਕਾਰ ਦੀ ਕੀਮਤ ਵੀ ਸੱਠ ਲੱਖ ਰੁਪਏ ਦੇ ਕਰੀਬ ਹੈ।

ਇਸ ਤੋਂ ਇਲਾਵਾ ਪਰਮੀਸ਼ ਵਰਮਾ ਕੋਲ ਰੇਂਜ ਰੋਵਰ ਸਪੋਰਟ ਕਾਰ ਵੀ ਹੈ ਜਿਸ ਦੀ ਕੀਮਤ ਇੱਕ ਕਰੋੜ ਰੁਪਏ ਦੇ ਕਰੀਬ ਹੈ। ਪਰਮੀਸ਼ ਵਰਮਾ ਬੀਐਮਡਬਲਿਊ ਥ੍ਰੀ ਸੀਰੀਜ਼ ਦੇ ਵੀ ਮਾਲਕ ਹਨ ਜਿਸ ਦੀ ਕੀਮਤ ਪੰਜਾਹ ਲੱਖ ਰੁਪਏ ਦੇ ਕਰੀਬ ਹੈ। ਵਰਮਾ ਕੋਲ ਟੋਇਟਾ ਦੀ ਫਾਰਚੂਨਰ ਕਾਰ ਵੀ ਹੈ ਜਿਸ ਦੀ ਕੀਮਤ ਪਨਤਾਲੀ ਲੱਖ ਰੁਪਏ ਹੈ।

ਇਸ ਤੋਂ ਇਲਾਵਾ ਪਰਮੀਸ਼ ਵਰਮਾ ਟਾਟਾ ਸਫਾਰੀ ਕਾਰ ਦੇ ਵੀ ਮਾਲਕ ਹਨ। ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਕੋਲ ਸਟਾਰ ਬਣਨ ਤੋਂ ਪਹਿਲਾਂ ਇਕ ਕਾਲੇ ਰੰਗ ਦੀ ਟਾਟਾ ਸਫਾਰੀ ਸੀ ਜੋ ਹਾਲੇ ਵੀ ਉਨ੍ਹਾਂ ਕੋਲ ਹੈ ਅਤੇ ਉਹ ਇਸ ਸਫ਼ਾਰੀ ਦੀਆਂ ਆਪਣੇ ਸੋਸ਼ਲ ਮੀਡੀਆ ਉੱਤੇ ਬਹੁਤ ਤਾਰੀਫ਼ਾਂ ਕਰਦੇ ਸਨ। ਇਸ ਦੇ ਕਾਰਨ ਹੀ ਜਦੋਂ ਟਾਟਾ ਗਰੁੱਪ ਨੇ ਨਵੀਂ ਸਫ਼ਾਰੀ ਲਾਂਚ ਕੀਤੀ, ਸਭ ਤੋਂ ਪਹਿਲਾਂ ਉਨ੍ਹਾਂ ਨੇ ਪਰਮੀਸ਼ ਵਰਮਾ ਨੂੰ ਸਫਾਰੀ ਗਿਫਟ ਕੀਤੀ।

ਕਾਰਾਂ ਦੇ ਨਾਲ ਨਾਲ ਪਰਮੀਸ਼ ਵਰਮਾ ਘੜੀਆਂ ਦੇ ਵੀ ਬਹੁਤ ਸ਼ੌਕੀਨ ਹਨ। ਮਹਿੰਗੇ ਤੋਂ ਮਹਿੰਗੇ ਬਰੈਂਡ ਦੀਆਂ ਘੜੀਆਂ ਜਿਵੇਂ ਕਿ ਰੋਲੈਕਸ ਉਨ੍ਹਾਂ ਕੋਲ ਹਨ।

ਪਰਮੀਸ਼ ਵਰਮਾ ਦੇ ਨਾਮ ਨਾਲ ਕਈ ਕੰਟਰੋਵਰਸੀਆਂ ਵੀ ਜੁੜੀਆਂ ਹੋਈਆਂ ਹਨ ਅਤੇ ਉਨ੍ਹਾਂ ਦੇ ਉੱਤੇ ਗੈਂਗਸਟਰ ਦਿਲਪ੍ਰੀਤ ਬਾਬਾ ਵੱਲੋਂ ਫਿਰੌਤੀ ਮੰਗਣ ਦੇ ਕਾਰਨ ਅਟੈਕ ਵੀ ਕੀਤਾ ਗਿਆ ਸੀ। ਪਰ ਰੱਬ ਦੀ ਕਿਰਪਾ ਨਾਲ ਉਹ ਉਸ ਅਟੈਕ ਵਿੱਚੋਂ ਬਚ ਨਿਕਲੇ।

ਇੱਕ ਛੋਟੇ ਜਿਹੇ ਕਰੀਅਰ ਵਿੱਚ ਪਰਮੀਸ਼ ਵਰਮਾ ਨੇ ਬੁਲੰਦੀਆਂ ਨੂੰ ਪ੍ਰਾਪਤ ਕਰ ਲਿਆ ਹੈ। ਉਹ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦੇ ਹਨ। ਉਹ ਕਹਿੰਦੇ ਹਨ ਕਿ ਜਦੋਂ ਉਹ ਆਸਟਰੇਲੀਆ ਤੋਂ ਵਾਪਸ ਆਏ ਸਨ, ਉਸ ਸਮੇਂ ਜੇ ਉਨ੍ਹਾਂ ਦੇ ਪਿਤਾ ਨੇ ਸਪੋਰਟ ਨਾ ਕੀਤੀ ਹੁੰਦੀ ਤਾਂ ਉਹ ਫਿਰ ਆਸਟ੍ਰੇਲੀਆ ਦੇ ਕਿਸੇ ਰੈਸਟੋਰੈਂਟ ਵਿੱਚ ਕੰਮ ਕਰ ਰਹੇ ਹੋਣੇ ਸੀ। ਸਾਨੂੰ ਵੀ ਪਰਮੀਸ਼ ਵਰਮਾ ਦੇ ਜੀਵਨ ਤੋਂ ਇਹੀ ਸਬਕ ਲੈਣਾ ਚਾਹੀਦਾ ਹੈ ਕਿ ਆਪਣੇ ਮਾਤਾ ਪਿਤਾ ਦੇ ਆਸ਼ੀਰਵਾਦ ਨਾਲ ਬੰਦਾ ਮਿਹਨਤ ਕਰਦਾ ਰਹੇ। ਇਸ ਮਿਹਨਤ ਸਦਕਾ ਫਲ ਉਸ ਨੂੰ ਆਪਣੇ ਆਪ ਮਿਲ ਜਾਵੇਗਾ।

Related Stories

No stories found.
logo
Punjab Today
www.punjabtoday.com