
ਸ਼ਾਹਰੁਖ ਖਾਨ ਨੇ ਲੱਖਾਂ ਫੈਨਜ਼ ਹਨ, ਜੋ ਉਨ੍ਹਾਂ ਦੀ ਪਲ ਪਲ ਦੀ ਖਬਰ ਤੋਂ ਜਾਣੂ ਹੋਣਾ ਚਾਹੁੰਦੇ ਹਨ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਅਕਸਰ ਆਪਣੀ ਦਰਿਆਦਿਲੀ ਦੀ ਮਿਸਾਲ ਦਿੰਦੇ ਹਨ। ਹਾਲ ਹੀ 'ਚ ਇਕ ਵਾਰ ਫਿਰ ਇੰਡਸਟਰੀ ਦੇ 'ਪਠਾਨ' ਨੇ ਸਾਬਤ ਕਰ ਦਿੱਤਾ ਹੈ, ਕਿ ਉਹ ਕਿਸੇ ਦੀ ਮਦਦ ਕਰਨ 'ਚ ਪਿੱਛੇ ਨਹੀਂ ਹਨ। ਦਰਅਸਲ, ਕਿੰਗ ਖਾਨ ਦੀ ਐਨਜੀਓ ਮੀਰ ਫਾਊਂਡੇਸ਼ਨ ਨਵੇਂ ਸਾਲ ਦੀ ਸਵੇਰ ਦਿੱਲੀ ਵਿੱਚ ਆਪਣੀ ਜਾਨ ਗੁਆਉਣ ਵਾਲੀ 20 ਸਾਲਾ ਲੜਕੀ ਅੰਜਲੀ ਸਿੰਘ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ।
ਦਿੱਲੀ ਵਿੱਚ ਵਾਪਰੀ ਇਸ ਦਰਦਨਾਕ ਘਟਨਾ ਵਿੱਚ ਅੰਜਲੀ ਨੂੰ ਕਈ ਕਿਲੋਮੀਟਰ ਤੱਕ ਕਾਰ ਨਾਲ ਘਸੀਟਿਆ ਗਿਆ। ਨਵੇਂ ਸਾਲ 'ਤੇ ਜਿੱਥੇ ਹਰ ਕੋਈ ਖੁੱਲ੍ਹੇ ਦਿਲ ਨਾਲ 2023 ਦਾ ਸਵਾਗਤ ਕਰ ਰਿਹਾ ਸੀ, ਉੱਥੇ ਹੀ ਦਿੱਲੀ ਦੀ ਸੜਕ 'ਤੇ ਅੰਜਲੀ ਨਾਂ ਦੀ ਲੜਕੀ ਆਪਣੀ ਜਾਨ ਤੋਂ ਹੱਥ ਧੋ ਰਹੀ ਸੀ। ਅੰਜਲੀ ਸਿੰਘ ਨਾਲ ਵਾਪਰੀ ਇਸ ਭਿਆਨਕ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ, ਪਰ ਸਭ ਤੋਂ ਵੱਡਾ ਦੁੱਖ ਉਸ ਦੇ ਪਰਿਵਾਰ ਨੂੰ ਪਹੁੰਚਿਆ ਹੈ।
ਅੰਜਲੀ ਦੇ ਪਰਿਵਾਰ ਨੇ ਆਪਣੀ ਇਕ ਬੇਟੀ ਨੂੰ ਗੁਆ ਦਿੱਤਾ ਹੈ, ਜੋ ਆਪਣਾ ਘਰ ਚਲਾ ਰਹੀ ਸੀ। ਦਰਅਸਲ ਅੰਜਲੀ ਆਪਣੇ ਘਰ ਦੀ ਇਕਲੌਤੀ ਕਮਾਈ ਕਰਨ ਵਾਲੀ ਮੈਂਬਰ ਸੀ। ਅਜਿਹੇ 'ਚ ਅੰਜਲੀ ਦੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਸ਼ਾਹਰੁਖ ਖਾਨ ਦੀ ਫਾਊਂਡੇਸ਼ਨ ਸਮੇਤ ਕਈ ਹੋਰ ਸੰਸਥਾਵਾਂ ਨੇ ਵੀ ਪੈਸਾ ਦਾਨ ਕੀਤਾ ਹੈ। ਇਸ ਦਾ ਖੁਲਾਸਾ ਕਰਦੇ ਹੋਏ ਦਿੱਲੀ ਦੇ ਇਕ ਸੂਤਰ ਨੇ ਕਿਹਾ, ਸ਼ਾਹਰੁਖ ਖਾਨ ਦੀ ਮੀਰ ਫਾਊਂਡੇਸ਼ਨ ਨੇ ਅੰਜਲੀ ਸਿੰਘ ਦੇ ਪਰਿਵਾਰ ਨੂੰ ਅਣਦੱਸੀ ਰਕਮ ਦਾਨ ਕੀਤੀ ਹੈ।
ਅੰਜਲੀ ਪਰਿਵਾਰ ਦੀ ਇਕਲੌਤੀ ਰੋਟੀ ਕਮਾਉਣ ਵਾਲੀ ਸੀ, ਉਸਦੇ ਪਰਿਵਾਰ 'ਚ ਉਸਦੀ ਮਾਂ ਅਤੇ ਭੈਣ-ਭਰਾ ਸ਼ਾਮਲ ਹਨ। ਮੀਰ ਫਾਊਂਡੇਸ਼ਨ ਵੱਲੋਂ ਸਹਾਇਤਾ ਦਾ ਮਕਸਦ ਪਰਿਵਾਰ ਦੀ ਮਦਦ ਕਰਨਾ ਹੈ। ਦਾਨ ਦੀ ਰਕਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਨੇ ਆਪਣੇ ਪਿਤਾ ਮੀਰ ਤਾਜ ਮੁਹੰਮਦ ਖਾਨ ਦੇ ਨਾਂ 'ਤੇ ਮੀਰ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਹੈ। NGO ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਬਦਲਾਅ ਲਿਆਉਣਾ ਹੈ ਅਤੇ ਇੱਕ ਅਜਿਹੀ ਦੁਨੀਆ ਬਣਾਉਣ ਲਈ ਕੰਮ ਕਰਦਾ ਹੈ, ਜੋ ਔਰਤਾਂ ਨੂੰ ਸਸ਼ਕਤ ਕਰਦਾ ਹੈ। ਅੰਜਲੀ ਦੇ ਪਰਿਵਾਰ ਨੂੰ ਉਨ੍ਹਾਂ ਦੇ ਮਕਸਦ ਮੁਤਾਬਕ ਇਹ ਦਾਨ ਦਿੱਤਾ ਗਿਆ ਹੈ। ਅੰਜਲੀ ਦੀ ਮੌਤ ਦੇ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਪਰਿਵਾਰ ਨੂੰ ਨਿਆਂ ਦੀ ਭਾਲ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।