
ਸ਼ਰਮੀਲਾ ਟੈਗੋਰ ਦੀ ਗਿਣਤੀ ਆਪਣੇ ਜ਼ਮਾਨੇ ਦੀ ਖੂਬਸੂਰਤ ਅਦਾਕਾਰਾਂ ਵਿਚ ਕੀਤੀ ਜਾਂਦੀ ਹੈ। ਮਸ਼ਹੂਰ ਅਭਿਨੇਤਰੀ ਸ਼ਰਮੀਲਾ ਟੈਗੋਰ ਨੇ ਹਾਲ ਹੀ 'ਚ ਵੈੱਬ ਸੀਰੀਜ਼ 'ਗੁਲਮੋਹਰ' ਨਾਲ ਐਕਟਿੰਗ 'ਚ ਵਾਪਸੀ ਕੀਤੀ ਹੈ ਅਤੇ ਉਦੋਂ ਤੋਂ ਹੀ ਉਹ ਲਾਈਮਲਾਈਟ 'ਚ ਹੈ। ਸੱਠ ਅਤੇ ਸੱਤਰ ਦੇ ਦਹਾਕੇ ਵਿੱਚ , ਸ਼ਰਮੀਲਾ ਟੈਗੋਰ ਬਹੁਤ ਖੂਬਸੂਰਤ ਸੀ ਅਤੇ ਉਹ ਉਸ ਦੌਰ ਦੀਆਂ ਸਭ ਤੋਂ ਵੱਧ ਫੀਸ ਲੈਣ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਸੀ।
ਸ਼ਰਮੀਲਾ ਟੈਗੋਰ ਨੇ ਆਪਣੇ ਕਰੀਅਰ 'ਚ ਕੁਝ ਅਜਿਹੀਆਂ ਫਿਲਮਾਂ ਕੀਤੀਆਂ, ਜਿਨ੍ਹਾਂ ਨੂੰ ਅੱਜ ਵੀ 'ਕੱਲਟ' ਮੰਨਿਆ ਜਾਂਦਾ ਹੈ। ਇਨ੍ਹਾਂ ਫਿਲਮਾਂ 'ਚ ਸ਼ਰਮੀਲਾ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ। ਇਨ੍ਹਾਂ 'ਚੋਂ ਇਕ ਫਿਲਮ 'ਅਰਾਧਨਾ' ਹੈ, ਜੋ 1969 'ਚ ਰਿਲੀਜ਼ ਹੋਈ ਸੀ। ਸ਼ਰਮੀਲਾ ਟੈਗੋਰ ਨੇ ਆਪਣੀ ਫਿਲਮ ਦੀ ਤੁਲਨਾ ਐਸਐਸ ਰਾਜਾਮੌਲੀ ਦੀ ਆਰਆਰਆਰ ਨਾਲ ਕੀਤੀ ਹੈ। ਸ਼ਰਮੀਲਾ ਟੈਗੋਰ ਹਾਲ ਹੀ ਵਿੱਚ ਦਿੱਲੀ ਵਿੱਚ ਇੱਕ ਸੈਸ਼ਨ ਦੌਰਾਨ ਮੌਜੂਦ ਸੀ। ਇਸ ਸੈਸ਼ਨ ਵਿੱਚ ਗੱਲਬਾਤ ਦੌਰਾਨ ਸ਼ਰਮੀਲਾ ਨੇ ਦੱਸਿਆ ਕਿ ਉਸਨੇ 1967 ਵਿੱਚ ਆਈ ਫਿਲਮ 'ਐਨ ਈਵਨਿੰਗ ਇਨ ਪੈਰਿਸ' ਤੋਂ ਬਾਅਦ ਅਰਥ ਭਰਪੂਰ ਫਿਲਮਾਂ ਕਿਉਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਸ਼ਰਮੀਲਾ ਨੇ ਉਸ ਦੌਰ ਨੂੰ ਯਾਦ ਕੀਤਾ ਜਦੋਂ 'ਅਰਾਧਨਾ' ਦੀ ਰਿਲੀਜ਼ ਦੇ ਸਮੇਂ ਚੇਨਈ 'ਚ ਹਿੰਦੀ ਵਿਰੋਧੀ ਅੰਦੋਲਨ ਸ਼ੁਰੂ ਹੋਇਆ ਸੀ। ਉਸ ਹੰਗਾਮੇ ਨੂੰ ਯਾਦ ਕਰਦੇ ਹੋਏ ਸ਼ਰਮੀਲਾ ਟੈਗੋਰ ਨੇ ਕਿਹਾ, 'ਜਦੋਂ 1969 'ਚ 'ਅਰਾਧਨਾ' ਰਿਲੀਜ਼ ਹੋਈ ਸੀ ਤਾਂ ਚੇਨਈ 'ਚ ਹਿੰਦੀ ਦੇ ਖਿਲਾਫ ਕਾਫੀ ਵਿਰੋਧ ਪ੍ਰਦਰਸ਼ਨ ਹੋਏ ਸਨ। ਉਸ ਸਮੇਂ ਹਿੰਦੀ ਭਾਸ਼ਾ ਦਾ ਇੱਕ ਤਰ੍ਹਾਂ ਦਾ ਬਾਈਕਾਟ ਹੁੰਦਾ ਸੀ। ਫਿਰ ਵੀ 'ਆਰਾਧਨਾ' ਸਿਨੇਮਾਘਰਾਂ ਵਿੱਚ 50 ਹਫ਼ਤਿਆਂ ਤੱਕ ਚੱਲੀ। ਇਹ ਸਾਡੇ ਸਮਿਆਂ ਦੀ 'ਆਰਆਰਆਰ' ਫਿਲਮ ਸੀ।
ਜਿਕਰਯੋਗ ਹੈ ਕਿ ਐਸਐਸ ਰਾਜਾਮੌਲੀ ਦੀ ਆਰਆਰਆਰ ਅਸਲ ਵਿੱਚ ਤੇਲਗੂ ਭਾਸ਼ਾ ਵਿੱਚ ਬਣੀ ਸੀ, ਪਰ ਇਸਨੂੰ ਹਿੰਦੀ ਭਾਸ਼ਾ ਵਿੱਚ ਵੀ ਰਿਲੀਜ਼ ਕੀਤਾ ਗਿਆ ਸੀ। ਫਿਲਮ ਨੂੰ ਦੱਖਣ ਤੋਂ ਲੈ ਕੇ ਹਿੰਦੀ ਪੱਟੀ ਤੱਕ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਕਾਫੀ ਪਿਆਰ ਮਿਲਿਆ। ਕਰੀਬ 550 ਕਰੋੜ ਰੁਪਏ ਦੇ ਬਜਟ 'ਚ ਬਣੀ 'RRR' ਨੇ ਬਾਕਸ ਆਫਿਸ 'ਤੇ 1200 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਇੰਨਾ ਹੀ ਨਹੀਂ ਇਸ ਫਿਲਮ ਦੇ ਗੀਤ 'ਨਾਟੂ ਨਾਟੂ' ਨੇ ਗੋਲਡਨ ਗਲੋਬ ਅਤੇ ਬੈਸਟ ਓਰੀਜਨਲ ਗੀਤ ਦਾ ਆਸਕਰ ਐਵਾਰਡ ਵੀ ਜਿੱਤਿਆ ਸੀ।