ਜਾਣੋ ਕਰਨ ਔਜਲਾ ਦੀ ਜ਼ਿੰਦਗੀ ਬਾਰੇ ਕੁਝ ਦਿਲਚਸਪ ਗੱਲਾਂ

ਕਰਨ ਔਜਲਾ ਦਾ ਡੈਬਿਊ ਗਾਣਾ ਸੈੱਲਫੋਨ, ਫਲਾੱਪ ਹੋ ਗਿਆ ਸੀ। ਬਾਵਜੂਦ ਇਸਦੇ ਅੱਜ ਉਹ ਬੁਲੰਦੀਆਂ ਤੇ ਹੈ।
ਜਾਣੋ ਕਰਨ ਔਜਲਾ ਦੀ ਜ਼ਿੰਦਗੀ ਬਾਰੇ ਕੁਝ ਦਿਲਚਸਪ ਗੱਲਾਂ
Updated on
3 min read

ਕਰਨ ਔਜਲਾ ਜਿਸਦਾ ਅਸਲੀ ਨਾਮ ਜਸਕਰਨ ਸਿੰਘ ਔਜਲਾ ਹੈ ਦਾ ਜਨਮ 18 ਜਨਵਰੀ 1997 ਨੂੰ ਪਿੰਡ ਘੁਰਾਲਾ, ਲੁਧਿਆਣਾ ਵਿਖੇ ਹੋਇਆ। ਕਰਨ ਔਜਲਾ ਦੇ ਪਿਤਾ ਦਾ ਨਾਮ ਬਲਵਿੰਦਰ ਸਿੰਘ ਔਜਲਾ ਅਤੇ ਮਾਤਾ ਦਾ ਨਾਮ ਰਾਜਿੰਦਰ ਕੌਰ ਸੀ। ਕਰਨ ਔਜਲਾ ਹਾਲੇ 9 ਸਾਲ ਦੇ ਹੀ ਸਨ ਕਿ ਉਨ੍ਹਾਂ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਕਰਨ ਨੂੰ ਉਸਦੇ ਨਾਨਕੇ ਪਰਿਵਾਰ ਨੇ ਹੀ ਪਾਲਿਆ।

ਬਚਪਨ ਤੋਂ ਹੀ ਕਰਨ ਔਜਲਾ ਨੂੰ ਲਿਖਣ ਦਾ ਬਹੁਤ ਸ਼ੌਂਕ ਸੀ। ਇੱਕ ਵਾਰ ਉਹ ਮਸ਼ਹੂਰ ਪੰਜਾਬੀ ਸਿੰਗਰ ਜੱਸੀ ਗਿੱਲ ਨੂੰ ਕਿਸੇ ਵਿਆਹ ਦੇ ਫੰਕਸ਼ਨ ਤੇ ਮਿਲਿਆ ਅਤੇ ਉਸਤੋਂ ਬਾਅਦ ਉਸਨੇ ਗਾਣੇ ਲਿਖਣੇ ਸ਼ੁਰੂ ਕਰ ਦਿੱਤੇ। ਆਪਣੀ ਉਚੇਰੀ ਵਿੱਦਿਆ ਲੈਣ ਲਈ ਔਜਲਾ ਕੈਨੇਡਾ ਜਾ ਵਸਿਆ ਅਤੇ ਉੱਥੇ ਆਪਣੀ ਪੜ੍ਹਾਈ ਪੂਰੀ ਕੀਤੀ।

ਕਰਨ ਔਜਲਾ ਨੇ ਆਪਣਾ ਡੈਬਿਊ ਗਾਣਾ ਸੈੱਲਫੋਨ ਕੱਢਿਆ ਜੋਕਿ ਫਲਾਪ ਸਾਬਤ ਹੋਇਆ। ਉਸਤੋਂ ਬਾਅਦ ਕਰਨ ਔਜਲਾ ਨੇ ਟੋਰਾਂਟੋ ਵਿਖੇ ਦੀਪ ਜੰਡੂ ਨਾਲ ਕੰਮ ਕਰਨਾ ਸ਼ੁਰੂ ਕੀਤਾ। ਦੀਪ ਜੰਡੂ ਬਤੌਰ ਮਿਊਜੀਸ਼ੀਅਨ ਕੰਮ ਕਰ ਰਿਹਾ ਸੀ ਅਤੇ ਕਰਨ ਔਜਲਾ ਨੇ ਗਾਣੇ ਲਿਖਣੇ ਸ਼ੁਰੂ ਕੀਤੇ ਅਤੇ ਉਸ ਨੇ ਕਈ ਗਾਇਕ ਜਿਵੇਂ ਕਿ ਜੱਸੀ ਗਿੱਲ, ਐਲੀ ਮਾਂਗਟ, ਜੈਜ਼ੀ ਬੀ, ਗਗਨ ਕੋਕਰੀ, ਸੁਖੀ, ਬੋਹੇਮੀਆ ਵਾਸਤੇ ਗਾਣੇ ਲਿਖੇ।

2016 ਵਿੱਚ ਔਜਲਾ ਗਾਇਕੀ ਦੇ ਖੇਤਰ ਵਿੱਚ ਵੀ ਆਇਆ ਅਤੇ ਉਸਨੇ ਗਾਣਾ ਪ੍ਰਾਪਰਟੀ ਆੱਫ਼ ਪੰਜਾਬ ਗਾਇਆ ਅਤੇ ਉਸਤੋਂ ਬਾਅਦ ਕਈ ਗਾਣਿਆਂ ਵਿੱਚ ਰੈਪ ਵੀ ਕਰਨਾ ਸ਼ੁਰੂ ਕੀਤਾ। ਪਰ ਅਸਲੀ ਕਾਮਯਾਬੀ ਉਸਨੂੰ ਉਸ ਦੇ ਗਾਣੇ ਡੌਂਟ ਵਰੀ ਤੋਂ ਬਾਅਦ ਮਿਲੀ ਜੋ ਬਹੁਤ ਹੀ ਕਮਰਸ਼ੀਅਲ ਹਿੱਟ ਸਾਬਤ ਹੋਇਆ। ਇਸ ਗਾਣੇ ਦੇ ਯੂਟਿਊਬ ਉੱਤੇ ਡੇਢ ਸੌ ਮਿਲੀਅਨ ਤੋਂ ਵੀ ਵੱਧ ਵਿਊਜ਼ ਹੋਏ।

ਇਸ ਤੋਂ ਬਾਅਦ ਕਰਨ ਔਜਲਾ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਇੱਕ ਤੋਂ ਇੱਕ ਹਿੱਟ ਗਾਣੇ ਦਿੱਤੇ। ਉਸਦੇ ਹਿੱਟ ਗਾਣਿਆਂ ਵਿੱਚ ਡੌਂਟ ਲੁੱਕ, ਚਿੱਟਾ ਕੁੜਤਾ, ਡੌਂਟ ਵਰੀ, ਨੋ ਨੀਡ, ਯਾਰੀਆਂ ਚ ਫਿੱਕ, ਝਾਂਜਰ, ਸ਼ੇਖ, ਹੇਅਰ ਐਂਡ ਦੇਅਰ ਆਦਿ ਸ਼ਾਮਲ ਹਨ। ਕਰਨ ਔਜਲਾ ਦਾ ਤਕਰੀਬਨ ਹਰ ਡੂਏਟ ਗਾਣਾ ਗੁਰਲੇਜ਼ ਅਖ਼ਤਰ ਨਾਲ ਹੀ ਹੈ।

ਕਰਨ ਔਜਲਾ ਦੀ ਸਿੱਧੂ ਮੂਸੇਵਾਲੇ ਨਾਲ ਕੰਟਰੋਵਰਸੀ ਵੀ ਹੋਈ। ਸ਼ੁਰੂਆਤ ਵਿੱਚ ਕਰਨ ਔਜਲਾ ਤੇ ਸਿੱਧੂ ਮੁਸੇਵਾਲਾ ਚੰਗੇ ਦੋਸਤ ਸਨ ਪਰ ਬਾਅਦ ਵਿੱਚ ਕਿਸੇ ਕਾਰਨ ਉਨ੍ਹਾਂ ਵਿੱਚ ਲੜਾਈ ਹੋ ਗਈ ਅਤੇ ਸਿੱਧੂ ਮੂਸੇਵਾਲਾ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਕਰਨ ਔਜਲਾ ਜਾਣਬੁੱਝ ਕੇ ਉਨ੍ਹਾਂ ਦੇ ਗਾਣੇ ਲੀਕ ਕਰ ਰਿਹਾ ਹੈ। ਇਸ ਕਾਰਨ ਇਨ੍ਹਾਂ ਦੋਵਾਂ ਗਾਇਕਾਂ ਦੇ ਗਾਣਿਆਂ ਵਿੱਚ ਇਨਡਾਇਰੈਕਟ ਤਰੀਕੇ ਨਾਲ ਇੱਕ ਦੂਜੇ ਦੇ ਵਿਰੁੱਧ ਹਿੰਸਾ ਵਾਲੇ ਗਾਣੇ ਗਾਏ ਜਾ ਰਹੇ ਹਨ ਜਿਸ ਦੀ ਲੋਕਾਂ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ।

ਕਰਨ ਔਜਲਾ ਸਪੋਰਟਸ ਅਤੇ ਵਿੰਟੇਜ ਕਾਰਾਂ ਦੇ ਬਹੁਤ ਸ਼ੌਕੀਨ ਹਨ। ਉਹਨਾਂ ਕੋਲ ਲੈਮਬੋਰਗਿਨੀ ਗੈਲਾਰਡੋ ਕਾਰ ਹੈ ਜਿਸ ਦੀ ਕੀਮਤ ਬਾਜ਼ਾਰ ਦੇ ਵਿੱਚ ਸਾਢੇ ਤਿੰਨ ਕਰੋੜ ਰੁਪਏ ਤੋਂ ਵੀ ਉੱਪਰ ਹੈ। ਇਹ ਕਾਰ ਦੁਨੀਆ ਦੀਆਂ ਉੱਪਰਲੀਆਂ ਸਪੋਰਟਸ ਕਾਰਾਂ ਵਿਚੋਂ ਇਕ ਹੈ। ਇਸ ਤੋਂ ਇਲਾਵਾ ਉਸ ਕੋਲ ਵਿੰਟੇਜ ਕਾਰਾਂ ਦਾ ਵੀ ਕਾਫੀ ਵੱਡਾ ਕਾਫ਼ਲਾ ਹੈ। ਇਹ ਵਿੰਟੇਜ ਕਾਰਾਂ ਦੀ ਕੀਮਤ ਵੀ ਸੱਤਰ ਲੱਖ ਤੋਂ ਇੱਕ ਕਰੋੜ ਰੁਪਏ ਦੇ ਕਰੀਬ ਹੈ। ਕਰਨ ਔਜਲਾ ਰੇਂਜ ਰੋਵਰ ਕਾਰ ਦੇ ਵੀ ਸ਼ੌਕੀਨ ਹਨ ਅਤੇ ਉਨ੍ਹਾਂ ਕੋਲ ਰੇਂਜ ਰੋਵਰ ਦੀ ਡਿਸਕਵਰੀ ਮਾਡਲ ਦੀ ਕਾਰ ਹੈ ਜਿਸ ਦੀ ਕੀਮਤ ਇੱਕ ਕਰੋੜ ਰੁਪਏ ਤੋਂ ਵੱਧ ਹੈ।

ਜੇਕਰ ਅਸੀਂ ਔਜਲਾ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹ ਭਾਰਤੀ ਰੁਪਏ ਵਿਚ ਤਕਰੀਬਨ 35 ਕਰੋੜ ਤੋਂ ਉੱਪਰ ਹੈ। ਅੱਜ ਦੇ ਸਮੇਂ ਵਿੱਚ ਉਹ ਸਭ ਤੋਂ ਵੱਧ ਕਮਾਈ ਕਰਨ ਵਾਲੇ ਪੰਜਾਬੀ ਗਾਇਕਾਂ ਵਿੱਚੋਂ ਇੱਕ ਹੈ। ਕਰਨ ਔਜਲਾ ਦੇ ਕੈਨੇਡਾ ਦੇ ਘਰ ਤੋਂ ਇਲਾਵਾ ਉਨ੍ਹਾਂ ਦੀਆਂ ਪੰਜਾਬ ਵਿੱਚ ਵੀ ਕਾਫ਼ੀ ਪ੍ਰਾਪਰਟੀਆਂ ਹਨ।

ਬਿਨਾਂ ਮਾਂ ਪਿਓ ਦੇ ਸਹਾਰੇ ਤੋਂ ਮਿਹਨਤ ਕਰ ਕੇ ਅੱਜ ਉਹ ਇਸ ਮੁਕਾਮ ਤੇ ਹੈ। ਅਸੀਂ ਉਸਦੀ ਜ਼ਿੰਦਗੀ ਤੋਂ ਇਹੀ ਸਿੱਖ ਸਕਦੇ ਹਾਂ ਕਿ ਮਿਹਨਤ ਦਾ ਕੋਈ ਤੋੜ ਨਹੀਂ ਹੈ। ਸਾਨੂੰ ਆਪਣੀ ਸੋਚ ਅਤੇ ਸੁਪਨਿਆਂ ਉੱਤੇ ਲਗਾਤਾਰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਕਾਮਯਾਬੀ ਆਪਣੇ ਆਪ ਹੀ ਹਾਸਲ ਹੋ ਜਾਂਦੀ ਹੈ।

Related Stories

No stories found.
logo
Punjab Today
www.punjabtoday.com