
'ਦਿ ਕਸ਼ਮੀਰ ਫਾਈਲਜ਼' ਫਿਲਮ ਨੂੰ ਲੈ ਕੇ ਪ੍ਰਕਾਸ਼ ਰਾਜ ਨੇ ਇਕ ਵੱਡਾ ਬਿਆਨ ਦਿਤਾ ਹੈ। ਦੱਖਣ ਅਦਾਕਾਰ ਪ੍ਰਕਾਸ਼ ਰਾਜ ਨੇ 'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ 'ਤੇ ਤੰਜ਼ ਮਾਰਦੇ ਹੋਏ ਕਿਹਾ ਹੈ, ਕਿ ਉਨ੍ਹਾਂ ਨੂੰ ਆਸਕਰ ਕਿ ਭਾਸਕਰ ਵੀ ਨਹੀਂ ਮਿਲੇਗਾ। ਦਰਅਸਲ, ਪ੍ਰਕਾਸ਼ ਨੇ ਹਾਲ ਹੀ ਵਿੱਚ ਕੇਰਲ ਵਿੱਚ ਮਾਥਰੂਭੂਮੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਲੈਟਰਸ ਵਿੱਚ ਸ਼ਿਰਕਤ ਕੀਤੀ ਸੀ।
ਇਸ ਦੌਰਾਨ ਉਸਨੇ 'ਦਿ ਕਸ਼ਮੀਰ ਫਾਈਲਜ਼' ਬਾਰੇ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਨੇ ਫਿਲਮ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਬਕਵਾਸ ਫਿਲਮ ਦੱਸਿਆ। ਪ੍ਰਕਾਸ਼ ਰਾਜ ਨੇ ਈਵੈਂਟ 'ਤੇ ਕਿਹਾ, 'ਦਿ ਕਸ਼ਮੀਰ ਫਾਈਲਜ਼ ਸਭ ਤੋਂ ਵੱਧ ਬਕਵਾਸ ਅਤੇ ਕੂੜੇ-ਕਰਕਟ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ, ਪਰ ਅਸੀਂ ਜਾਣਦੇ ਹਾਂ ਕਿ ਇਸ ਨੂੰ ਕਿਸ ਨੇ ਬਣਾਇਆ ਹੈ। ਇੱਥੋਂ ਤੱਕ ਕਿ ਅੰਤਰਰਾਸ਼ਟਰੀ ਜਿਊਰੀ ਨੇ ਵੀ ਉਸ 'ਤੇ ਥੁੱਕਿਆ। ਉਹ ਅਜੇ ਵੀ ਬੇਸ਼ਰਮ ਹਨ।
ਇਸ ਫਿਲਮ ਦੇ ਨਿਰਦੇਸ਼ਕ ਪੁੱਛ ਰਹੇ ਹਨ ਕਿ ਮੈਨੂੰ ਆਸਕਰ ਕਿਉਂ ਨਹੀਂ ਮਿਲ ਰਿਹਾ। ਪ੍ਰਕਾਸ਼ ਰਾਜ ਨੇ ਅੱਗੇ ਕਿਹਾ, 'ਮੈਂ ਤੁਹਾਨੂੰ ਦੱਸਦਾ ਹਾਂ ਕਿਉਂਕਿ ਸਾਡੇ ਇੱਥੇ ਸੰਵੇਦਨਸ਼ੀਲ ਮੀਡੀਆ ਵੀ ਹੈ। ਤੁਸੀਂ ਇੱਥੇ ਇੱਕ ਪ੍ਰਚਾਰ ਫਿਲਮ ਬਣਾ ਰਹੇ ਹੋ। ਮੇਰੇ ਸੂਤਰਾਂ ਅਨੁਸਾਰ, ਕਈ ਲੋਕਾਂ ਨੇ ਇਸ ਤਰ੍ਹਾਂ ਦੀ ਫਿਲਮ ਬਣਾਉਣ ਲਈ 2000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਪਰ ਤੁਸੀਂ ਲੋਕਾਂ ਨੂੰ ਹਰ ਸਮੇਂ ਮੂਰਖ ਨਹੀਂ ਬਣਾ ਸਕਦੇ।'
ਪਿਛਲੇ ਸਾਲ ਭਾਰਤ ਦੇ 53ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਸਮਾਪਤੀ ਸਮਾਰੋਹ ਵਿੱਚ ਇਜ਼ਰਾਈਲੀ ਫਿਲਮ ਨਿਰਮਾਤਾ ਨਦਾਵ ਲੈਪਿਡ ਨੇ 'ਦਿ ਕਸ਼ਮੀਰ ਫਾਈਲਜ਼' ਨੂੰ ਅਸ਼ਲੀਲ ਅਤੇ ਬੇਕਾਰ ਫਿਲਮ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਇਸ ਫਿਲਮ ਨੂੰ ਦੇਖ ਕੇ ਪਰੇਸ਼ਾਨ ਅਤੇ ਹੈਰਾਨ ਹਾਂ। ਇਹ ਫ਼ਿਲਮ ਅਜਿਹੇ ਵੱਕਾਰੀ ਫ਼ਿਲਮ ਫੈਸਟੀਵਲ ਲਈ ਢੁਕਵੀਂ ਨਹੀਂ ਹੈ।
ਲੈਪਿਡ ਦੇ ਇਸ ਬਿਆਨ ਤੋਂ ਬਾਅਦ ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਸਾਰਿਆਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਕਸ਼ਮੀਰ ਫਾਈਲਜ਼ ਦਾ ਇੱਕ ਵੀ ਡਾਇਲਾਗ ਜਾਂ ਇੱਕ ਸੀਨ ਝੂਠਾ ਨਿਕਲਦਾ ਹੈ ਤਾਂ ਉਹ ਫਿਲਮਾਂ ਬਣਾਉਣਾ ਬੰਦ ਕਰ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਯਾਸੀਨ ਮਲਿਕ ਆਪਣੇ ਜ਼ੁਲਮਾਂ ਦਾ ਇਕਬਾਲ ਕਰ ਕੇ ਜੇਲ 'ਚ ਸੜ ਰਿਹਾ ਹੈ, ਤਾਂ ਇਹ ਫਿਲਮ ਝੂਠ ਕਿਵੇਂ ਹੋ ਸਕਦੀ ਹੈ। ਫਿਲਮ 'ਦਿ ਕਸ਼ਮੀਰ ਫਾਈਲਜ਼' ਭਾਰਤ ਵਿੱਚ ਰਿਲੀਜ਼ ਹੋਣ ਵਾਲੀ ਮਹਾਂਮਾਰੀ ਤੋਂ ਬਾਅਦ ਦੀ ਸਭ ਤੋਂ ਸਫਲ ਫਿਲਮਾਂ ਵਿੱਚੋਂ ਇੱਕ ਸੀ। ਇਸ ਸਾਲ 11 ਮਾਰਚ ਨੂੰ ਰਿਲੀਜ਼ ਹੋਈ ਇਹ ਫਿਲਮ ਸਾਲ 1990 'ਚ ਕਸ਼ਮੀਰ ਘਾਟੀ ਤੋਂ ਕਸ਼ਮੀਰੀ ਪੰਡਿਤਾਂ ਦੇ ਕੂਚ 'ਤੇ ਆਧਾਰਿਤ ਹੈ। ਫਿਲਮ ਨੇ ਬਾਕਸ ਆਫਿਸ 'ਤੇ 330 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ।