
ਐਸਐਸ ਰਾਜਾਮੌਲੀ ਲਈ ਇਹ ਸਾਲ ਬਹੁਤ ਵਧੀਆ ਚੜ੍ਹਿਆ ਹੈ। ਮਸ਼ਹੂਰ ਭਾਰਤੀ ਨਿਰਦੇਸ਼ਕ ਐਸਐਸ ਰਾਜਾਮੌਲੀ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਉਸਦੀ ਅਦਭੁਤ ਫ਼ਿਲਮਕਾਰੀ ਦਾ ਸੰਸਾਰ ਕਾਇਲ ਹੈ। ਹਾਲਾਂਕਿ, ਐਸਐਸ ਰਾਜਾਮੌਲੀ ਖੁਦ ਮਸ਼ਹੂਰ ਅਮਰੀਕੀ ਫਿਲਮ ਨਿਰਮਾਤਾ-ਨਿਰਦੇਸ਼ਕ ਅਤੇ ਸਕ੍ਰਿਪਟ ਲੇਖਕ ਸਟੀਵਨ ਸਪੀਲਬਰਗ ਦੇ ਕਾਇਲ ਹਨ। ਹਾਲ ਹੀ 'ਚ ਉਨ੍ਹਾਂ ਦਾ ਫੈਨ ਮੋਮੈਂਟ ਦੇਖਣ ਨੂੰ ਮਿਲਿਆ।
ਦਰਅਸਲ ਰਾਜਾਮੌਲੀ ਨੇ ਹਾਲ ਹੀ 'ਚ ਸਪੀਲਬਰਗ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀਆਂ ਹਨ ਅਤੇ ਇਸ ਦੇ ਨਾਲ ਇਕ ਸ਼ਾਨਦਾਰ ਕੈਪਸ਼ਨ ਵੀ ਲਿਖਿਆ ਹੈ। ਐਸਐਸ ਰਾਜਾਮੌਲੀ ਨੇ ਸਟੀਵਨ ਸਪੀਲਬਰਗ ਨੂੰ ਭਗਵਾਨ ਦਾ ਦਰਜਾ ਦਿੱਤਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਕਿ ਮਸ਼ਹੂਰ ਨਿਰਦੇਸ਼ਕ ਇਸ ਮੁਲਾਕਾਤ ਤੋਂ ਕਿੰਨੇ ਖੁਸ਼ ਹਨ।
ਐਸਐਸ ਰਾਜਾਮੌਲੀ ਨੇ ਸਪੀਲਬਰਗ ਨਾਲ ਆਪਣੀ ਮੁਲਾਕਾਤ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਸਪੀਲਬਰਗ ਨੂੰ ਮਿਲਣ ਤੋਂ ਬਾਅਦ ਰਾਜਾਮੌਲੀ ਦੀ ਖੁਸ਼ੀ ਸਾਫ਼ ਵੇਖੀ ਜਾ ਸਕਦੀ ਹੈ। ਬੱਚੇ ਦੀ ਤਰ੍ਹਾਂ ਉਹ ਆਪਣੇ ਦੋਵੇਂ ਹੱਥ ਆਪਣੀਆਂ ਗੱਲ੍ਹਾਂ 'ਤੇ ਰੱਖਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸਪੀਲਬਰਗ ਨੂੰ ਨਿਰਦੇਸ਼ਕ ਨਾਲ ਗੱਲ ਕਰਦੇ ਦੇਖਿਆ ਜਾ ਸਕਦਾ ਹੈ।
ਦੂਜੀ ਤਸਵੀਰ ਵਿੱਚ ਐਮਐਮ ਕੀਰਵਾਨੀ ਦੇ ਨਾਲ ਐਸਐਸ ਰਾਜਾਮੌਲੀ ਅਤੇ ਸਪੀਲਬਰਗ ਵੀ ਹਨ। ਤਿੰਨੋਂ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਪੋਸਟ ਦੇ ਨਾਲ ਰਾਜਾਮੌਲੀ ਨੇ ਲਿਖਿਆ, 'ਮੈਂ ਭਗਵਾਨ ਨੂੰ ਮਿਲਿਆ, ਇਸ ਨਾਲ ਉਸ ਨੇ ਹਾਰਟ ਐਂਡ ਫਾਇਰ ਇਮੋਜੀ ਬਣਾਈ ਹੈ। ਹਾਲਾਂਕਿ, ਪੋਸਟ ਤੋਂ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਐਸਐਸ ਰਾਜਾਮੌਲੀ ਅਤੇ ਸਪੀਲਬਰਗ ਦੀ ਇਹ ਮੁਲਾਕਾਤ ਕਦੋਂ ਅਤੇ ਕਿੱਥੇ ਹੋਈ ਸੀ।
ਕਿਆਸਅਰਾਈਆਂ ਜ਼ੋਰਾਂ 'ਤੇ ਹਨ ਕਿ ਰਾਜਾਮੌਲੀ ਨੇ ਹਾਲ ਹੀ ਵਿੱਚ ਆਯੋਜਿਤ 80ਵੇਂ ਗੋਲਡਨ ਗਲੋਬ ਅਵਾਰਡਸ ਵਿੱਚ ਸਪੀਲਬਰਗ ਨਾਲ ਮੁਲਾਕਾਤ ਕੀਤੀ ਹੋ ਸਕਦੀ ਹੈ, ਜਿੱਥੇ ਰਾਜਾਮੌਲੀ ਦੇ ਨਿਰਦੇਸ਼ਕ ਉੱਦਮ 'ਆਰਆਰਆਰ' ਦੇ 'ਨਾਟੂ ਨਾਟੂ' ਨੂੰ ਸਰਵੋਤਮ ਮੂਲ ਗੀਤ ਸ਼੍ਰੇਣੀ ਵਿੱਚ ਪੁਰਸਕਾਰ ਮਿਲਿਆ। ਰਾਜਾਮੌਲੀ ਦੀ ਇਸ ਪੋਸਟ 'ਤੇ ਯੂਜ਼ਰਸ ਜ਼ਬਰਦਸਤ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਸਿਨੇਮਾ ਸਿਨੇਮਾ ਨੂੰ ਮਿਲਦਾ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਤੁਸੀਂ ਦੋਵੇਂ ਲੈਜੇਂਡ ਹੋ, ਜਿਨ੍ਹਾਂ ਨੇ ਸਾਨੂੰ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ।' ਇਕ ਹੋਰ ਯੂਜ਼ਰ ਨੇ ਲਿਖਿਆ, 'ਲੱਗਦਾ ਹੈ ਕਿ ਰਾਮ ਅਤੇ ਯਿਸੂ ਦੀ ਮੁਲਾਕਾਤ ਹੋ ਗਈ ਹੈ।' ਇਕ ਯੂਜ਼ਰ ਨੇ ਲਿਖਿਆ, 'ਸਾਨੂੰ ਤੁਹਾਡੇ 'ਤੇ ਮਾਣ ਹੈ, ਸਰ'।