
ਕਾਜੋਲ ਦੀ ਆਉਣ ਵਾਲੀ ਫਿਲਮ ਸਲਾਮ ਵੈਂਕੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਰੇਵਤੀ ਦੁਆਰਾ ਨਿਰਦੇਸ਼ਤ ਇਹ ਫਿਲਮ, ਇੱਕ ਬੀਮਾਰ ਨੌਜਵਾਨ ਅਤੇ ਉਸਦੀ ਮਾਂ ਦੀ ਕਹਾਣੀ ਹੈ।
"ਜ਼ਿੰਦਗੀ ਵੱਡੀ ਹੋਣੀ ਚਾਹੀਦੀ ਹੈ, ਲੰਬੀ ਨਹੀਂ," ਇਹ ਸ਼ਬਦ ਹਨ ਸੁਜਾਤਾ (ਕਾਜੋਲ) ਦੇ, ਜੋਕਿ ਇੱਕ ਮਾਂ ਹੈ, ਅਤੇ ਆਪਣੇ ਬੀਮਾਰ ਬੇਟੇ ਵੈਂਕੀ (ਵਿਸ਼ਾਲ ਜੇਠਵਾ) ਦੀ ਦੇਖਭਾਲ ਕਰ ਰਹੀ ਹੈ।
ਟ੍ਰੇਲਰ ਉਨ੍ਹਾਂ ਦੇ ਜੀਵਨ ਦੀਆਂ, ਸਭ ਤੋਂ ਮਿੱਠੀਆਂ ਅਤੇ ਸਭ ਤੋਂ ਦੁਖਦਾਈ ਯਾਦਾਂ ਨੂੰ ਵਿਖਾਉਂਦਾ ਹੈ, ਪਰ ਚੀਜ਼ਾਂ ਉਦੋਂ ਇੱਕ ਮੋੜ ਲੈ ਲੈਂਦੀਆਂ ਹਨ ਜਦੋਂ ਵੈਂਕੀ ਆਪਣੀ ਮਾਂ ਨੂੰ ਉਸਦੀ ਮਰਨ ਇੱਛਾ ਪੂਰੀ ਕਰਨ ਲਈ ਕਹਿੰਦਾ ਹੈ। ਸੁਜਾਤਾ, ਜਿਸ ਨੇ ਹੁਣ ਤੱਕ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਹਨ, ਕਹਿੰਦੀ ਹੈ ਕਿ ਉਹ ਉਸਦੀ ਇਹ ਇੱਛਾ ਪੂਰੀ ਨਹੀਂ ਕਰ ਸਕਦੀ। ਸਲਾਮ ਵੈਂਕੀ ਇੱਕ ਇਮੋਸ਼ਨਲ ਫਿਲਮ ਹੈ ਜੋ ਤੁਹਾਨੂੰ ਇਮੋਸ਼ਨਲ ਤਾਂ ਕਰੇਗੀ ਪਰ ਇਹ ਵੀ ਸਿਖਾਵੇਗੀ ਕਿ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀਣ ਦਾ ਕੀ ਮਤਲਬ ਹੈ।
ਸਲਾਮ ਵੈਂਕੀ ਦੇ ਟ੍ਰੇਲਰ ਵਿੱਚ ਦਰਸ਼ਕਾਂ ਲਈ ਇੱਕ ਸਰਪ੍ਰਾਈਜ਼ ਵੀ ਹੈ। ਟ੍ਰੇਲਰ ਦੇ ਕੁਝ ਅੰਤਮ ਪਲਾਂ ਵਿੱਚ ਆਮਿਰ ਖਾਨ ਦੀ ਝਲਕ ਦਿਖਾਈ ਦਿੰਦੀ ਹੈ, ਜੋ ਇੱਕ ਕੈਮਿਓ ਰੋਲ ਵਿੱਚ ਦਿਖਾਈ ਦੇ ਰਹੇ ਹਨ।
ਇਸਤੋਂ ਇਲਾਵਾ, ਫਿਲਮ ਵਿੱਚ ਰਾਹੁਲ ਬੋਸ, ਰਾਜੀਵ ਖੰਡੇਲਵਾਲ, ਆਹਾਨਾ ਕੁਮਰਾ, ਪ੍ਰਕਾਸ਼ ਰਾਜ, ਪ੍ਰਿਆ ਮਨੀ, ਰਿਧੀ ਕੁਮਾਰ, ਅਨੀਤ ਪੱਡਾ, ਜੈ ਨੀਰਜ, ਮਾਲਾ ਪਾਰਵਤੀ, ਅਤੇ ਕਮਲ ਸਦਨਾ ਵੀ ਹਨ।
ਇੱਥੇ ਤੁਹਾਨੂੰ ਦੱਸ ਦੇਈਏ ਕਿ ਸਲਾਮ ਵੈਂਕੀ, ਸ਼੍ਰੀਕਾਂਤ ਮੂਰਤੀ ਦੇ ਨਾਵਲ ਦ ਲਾਸਟ ਹੁਰੇ 'ਤੇ ਅਧਾਰਤ ਹੈ। ਫਿਲਮ ਲਈ ਇਸਦੀ ਅਨੁਕੂਲਿਤ ਕਹਾਣੀ ਅਤੇ ਸਕ੍ਰੀਨਪਲੇਅ ਸਮੀਰ ਅਰੋੜਾ ਨੇ ਲਿਖੀ ਹੈ। ਕੌਸਰ ਮੁਨੀਰ ਨੇ ਡਾਇਲਾਗ ਲਿਖੇ ਅਤੇ ਸਕਰੀਨਪਲੇ ਵਿੱਚ ਯੋਗਦਾਨ ਪਾਇਆ। ਫਿਲਮ ਦੀ ਸਿਨੇਮੈਟੋਗ੍ਰਾਫੀ ਰਵੀ ਵਰਮਨ ਨੇ ਕੀਤੀ ਹੈ ਅਤੇ ਐਡੀਟਿੰਗ ਮਨਨ ਸਾਗਰ ਨੇ ਕੀਤੀ ਹੈ। ਫਿਲਮ ਦਾ ਸੰਗੀਤ ਮਿਥੂਨ ਨੇ ਦਿੱਤਾ ਹੈ।
ਸੂਰਜ ਸਿੰਘ, ਸ਼ਰਧਾ ਅਗਰਵਾਲ ਅਤੇ ਵਰਸ਼ਾ ਕੁਕਰੇਜਾ ਦੁਆਰਾ ਨਿਰਮਿਤ, ਇਹ ਫਿਲਮ 9 ਦਸੰਬਰ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।