ਭੋਪਾਲ ਗੈਸ ਤ੍ਰਾਸਦੀ ਨੂੰ ਲੈਕੇ ਜਦੋ ਵੀ ਕੋਈ ਡੋਕੂਮੈਂਟਰੀ ਬਣਦੀ ਹੈ ਤਾਂ ਲੋਕ ਇਸਨੂੰ ਬੜੇ ਹੀ ਧਿਆਨ ਨਾਲ ਵੇਖਦੇ ਹਨ, ਕਿਉਕਿ ਇਹ ਭਾਰਤ ਵਿਚ ਹੋਏ ਸਭ ਤੋਂ ਵੱਡੇ ਕਾਂਡ ਭੋਪਾਲ ਗੈਸ ਕਾਂਡ ਉਤੇ ਅਧਾਰਿਤ ਹੁੰਦੀ ਹੈ । ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਵੱਡੇ ਪ੍ਰੋਡਕਸ਼ਨ ਹਾਊਸ ਯਸ਼ਰਾਜ ਫਿਲਮਜ਼ ਨੇ OTT ਦੀ ਦੁਨੀਆ 'ਚ ਐਂਟਰੀ ਕਰਨ ਦੀ ਤਿਆਰੀ ਕਰ ਲਈ ਹੈ। ਯਸ਼ਰਾਜ ਫਿਲਮਜ਼ ਨੇ ਆਪਣੀ ਸੀਰੀਜ਼ 'ਦਿ ਰੇਲਵੇ ਮੈਨ' ਦਾ ਐਲਾਨ ਕੀਤਾ ਹੈ। ਇਸ ਲੜੀਵਾਰ ਦੀ ਕਹਾਣੀ 1984 ਵਿੱਚ ਵਾਪਰੀ ਭੋਪਾਲ ਗੈਸ ਤ੍ਰਾਸਦੀ ਦੇ ਆਲੇ-ਦੁਆਲੇ ਬੁਣੀ ਗਈ ਹੈ।ਰੇਲਵੇ ਮੈਨ ਵਿੱਚ ਆਰ ਮਾਧਵਨ, ਕੇਕੇ ਮੈਨਨ, ਦਿਵਯੇਂਦੂ ਸ਼ਰਮਾ, ਬਾਬਿਲ ਵਰਗੇ ਕਈ ਮਹਾਨ ਕਲਾਕਾਰ ਹਨ।
ਇਸ ਦੁਖਾਂਤ 'ਤੇ ਹੁਣ ਤੱਕ ਕਈ ਡਾਕੂਮੈਂਟਰੀਜ਼ ਬਣ ਚੁੱਕੀਆਂ ਹਨ,ਪਰ ਯਸ਼ ਰਾਜ ਫਿਲਮ ਦੀ ਇਸ ਸੀਰੀਜ਼ 'ਚ ਤੁਸੀਂ ਇਸ ਕਹਾਣੀ ਨੂੰ ਨੇੜਿਓਂ ਦੇਖ ਸਕੋਗੇ, ਜੋ ਤੁਸੀਂ ਸ਼ਾਇਦ ਹੀ ਕਿਤੇ ਦੇਖੀ ਹੋਵੇ। 'ਦਿ ਰੇਲਵੇ ਮੈਨ' 'ਚ ਦਿਖਾਇਆ ਜਾਵੇਗਾ ਕਿ ਭੋਪਾਲ ਗੈਸ ਤ੍ਰਾਸਦੀ ਦੌਰਾਨ ਭੋਪਾਲ ਸਟੇਸ਼ਨ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਆਪਣੀ ਜਾਨ 'ਤੇ ਖੇਡ ਕੇ ਕਈ ਲੋਕਾਂ ਦੀ ਜਾਨ ਬਚਾਈ ਸੀ।ਅੱਜ ਇਸ ਦੁਖਾਂਤ ਘਟਨਾ ਨੂੰ 37 ਸਾਲ ਬੀਤ ਚੁੱਕੇ ਹਨ। ਅਜਿਹੇ 'ਚ ਯਸ਼ਰਾਜ ਫਿਲਮਜ਼ ਨੇ ਅੱਜ ਦੇ ਦਿਨ 'ਦਿ ਰੇਲਵੇ ਮੈਨ' ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਟੀਜ਼ਰ 'ਚ ਸਾਰੇ ਕਲਾਕਾਰਾਂ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ।
'ਦਿ ਰੇਲਵੇ ਮੈਨ' ਦੇ ਟੀਜ਼ਰ ਦਾ ਪਿਛੋਕੜ ਇੰਨਾ ਖ਼ਤਰਨਾਕ ਹੈ, ਕਿ ਇਹ ਤੁਹਾਨੂੰ ਹੈਰਾਨ ਕਰ ਦੇਵੇਗਾ।ਜਿਵੇਂ ਹੀ 'ਦਿ ਰੇਲਵੇ ਮੈਨ' ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਤਾਂ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਪ੍ਰਸ਼ੰਸਕ ਇਸ ਸੀਰੀਜ਼ ਨੂੰ ਦੇਖਣ ਲਈ ਬੇਤਾਬ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੀਰੀਜ਼ ਦੀ ਸਟਾਰਕਾਸਟ ਇੰਨੀ ਸ਼ਾਨਦਾਰ ਹੈ, ਕਿ ਉਮੀਦਾਂ ਹੋਰ ਵੀ ਵਧ ਗਈਆਂ ਹਨ।ਆਦਿਤਿਆ ਚੋਪੜਾ ਇਸ ਸੀਰੀਜ਼ 'ਤੇ ਕਾਫੀ ਮਿਹਨਤ ਕਰ ਰਹੇ ਸਨ।
ਆਦਿਤਿਆ ਚੋਪੜਾ ਨੇ ਕਿਹਾ ਕਿ ਇਹ ਪਹਿਲਾਂ ਹੀ ਸਪਸ਼ਟ ਸੀ, ਕਿ ਇਸ ਦੁਖਾਂਤ ਨੂੰ ਪਰਦੇ 'ਤੇ ਕਿਵੇਂ ਦਿਖਾਉਣਾ ਹੈ। ਉਸ ਨੂੰ ਅਜਿਹੇ ਕਲਾਕਾਰਾਂ ਦੀ ਤਲਾਸ਼ ਸੀ, ਜੋ ਦਰਸ਼ਕਾਂ ਤੱਕ ਹਰ ਜਜ਼ਬਾਤ ਨੂੰ ਆਸਾਨੀ ਨਾਲ ਪਹੁੰਚਾ ਸਕਣ। ਆਦਿਤਿਆ ਚੋਪੜਾ ਨੇ ਇਸ ਸੀਰੀਜ਼ ਲਈ ਸਭ ਤੋਂ ਪਹਿਲਾਂ ਆਰ ਮਾਧਵਨ ਅਤੇ ਕੇ ਕੇ ਮੈਨਨ ਨੂੰ ਫਾਈਨਲ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸੀਰੀਜ਼ ਕਰੀਬ 10 ਕਰੋੜ ਦੇ ਬਜਟ 'ਚ ਬਣਾਈ ਗਈ ਹੈ।