ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਨਵੀਨਤਮ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ (NFHS) ਨੇ ਇੱਕ ਚਿੰਤਾਜਨਕ ਰੁਝਾਨ ਨੂੰ ਫਲੈਗ ਕੀਤਾ ਹੈ: ਕੁਝ ਉਮਰ ਸਮੂਹਾਂ ਵਿੱਚ ਅਨੀਮੀਆ ਵਿੱਚ ਵਾਧਾ, ਖਾਸ ਕਰਕੇ ਬੱਚਿਆਂ ਅਤੇ ਔਰਤਾਂ ਵਿੱਚ। ਐਨ.ਐਫ.ਐਚ.ਐਸ 2019-21 ਦੇ ਅੰਕੜੇ ਦਰਸਾਉਂਦੇ ਹਨ ਕਿ ਸਾਰੇ ਉਮਰ ਸਮੂਹਾਂ ਵਿੱਚੋਂ, 6-59 ਮਹੀਨਿਆਂ ਦੀ ਉਮਰ ਦੇ ਬੱਚਿਆਂ ਵਿੱਚ ਅਨੀਮੀਆ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ। ਇਹ 2015-16 ਵਿੱਚ 58.6 ਪ੍ਰਤੀਸ਼ਤ ਤੋਂ ਵੱਧ ਕੇ 2019-21 ਵਿੱਚ 67.1 ਪ੍ਰਤੀਸ਼ਤ ਹੋ ਗਿਆ ਹੈ। ਅੰਕੜਿਆਂ ਮੁਤਾਬਕ ਸ਼ਹਿਰੀ ਭਾਰਤ (64.2 ਪ੍ਰਤੀਸ਼ਤ) ਦੇ ਮੁਕਾਬਲੇ ਪੇਂਡੂ ਭਾਰਤ (68.3 ਪ੍ਰਤੀਸ਼ਤ) ਵਿੱਚ ਇਹ ਸੰਖਿਆ ਵੱਧ ਹੈ।
ਇਸ ਤੋਂ ਇਲਾਵਾ,15 ਤੋ 19 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਅਨੀਮੀਆ ਬਹੁਤ ਜ਼ਿਆਦਾ ਪਾਇਆ ਗਿਆ ਹੈ। ਇਹ 2015-16 ਵਿੱਚ 54.1 ਪ੍ਰਤੀਸ਼ਤ ਤੋਂ ਵੱਧ ਕੇ 2019-21 ਵਿੱਚ 59.1 ਪ੍ਰਤੀਸ਼ਤ ਹੋ ਗਿਆ ਹੈ। ਇਸ ਸਮੂਹ ਵਿੱਚ ਵੀ, ਸ਼ਹਿਰੀ ਭਾਰਤ (54.1 ਪ੍ਰਤੀਸ਼ਤ) ਦੇ ਮੁਕਾਬਲੇ ਪੇਂਡੂ ਖੇਤਰਾਂ (58.7 ਪ੍ਰਤੀਸ਼ਤ) ਵਿੱਚ ਇਹ ਸੰਖਿਆ ਦਰਜ ਕੀਤੀ ਗਈ।
15 ਤੋਂ 49 ਸਾਲ ਦੀ ਉਮਰ ਦੀਆਂ ਗਰਭਵਤੀ ਔਰਤਾਂ ਵਿੱਚ, ਪਿਛਲੇ ਸਰਵੇਖਣ 50.4 ਪ੍ਰਤੀਸ਼ਤ ਦੇ ਮੁਕਾਬਲੇ ਇਸ ਵਾਰ 52.2 ਪ੍ਰਤੀਸ਼ਤ ਖੂਨ ਦੀ ਕਮੀ ਨਾਲ ਪੀੜਤ ਪਾਈਆਂ ਗਈਆਂ ਹਨ। ਪਰ ਇਸ ਸਮੂਹ ਵਿੱਚ, ਸ਼ਹਿਰੀ ਖੇਤਰਾਂ (45.7 ਪ੍ਰਤੀਸ਼ਤ) ਅਤੇ ਗ੍ਰਾਮੀਣ ਖੇਤਰਾਂ (54.3 ਪ੍ਰਤੀਸ਼ਤ) ਵਿੱਚ ਜ਼ਿਆਦਾ ਵੱਡਾ ਅੰਤਰ ਨਹੀਂ ਹੈ।
ਅੰਕੜੇ ਦਿਖਾਉਂਦੇ ਹਨ ਕਿ ਮਰਦਾਂ ਵਿੱਚ ਅਨੀਮੀਆ ਦੂਜੇ ਸਮੂਹਾਂ ਦੇ ਮੁਕਾਬਲੇ ਬਹੁਤ ਘੱਟ ਹੈ। ਮਰਦਾਂ ਵਿੱਚ ਅਨੀਮੀਆ ਦੀ ਦਰ,15 ਤੋਂ 49 ਦੀ ਉਮਰ ਸਮੂਹ ਵਿੱਚ 25 ਪ੍ਰਤੀਸ਼ਤ ਅਤੇ 15 ਤੋਂ16 ਦੀ ਉਮਰ ਸਮੂਹ ਵਿੱਚ 31.1 ਪ੍ਰਤੀਸ਼ਤ ਹੈ।
ਭਾਵੇਂ ਇਹ ਡਾਟਾ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਦੇ ਪੋਸ਼ਣ ਵਿੱਚ ਸੁਧਾਰ ਕਰਨ ਲਈ ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਪੋਸ਼ਣ ਅਭਿਆਨ ਦੀ ਸਮੀਖਿਆ ਕੀਤੀ। ਇਸ ਅਭਿਆਨ ਦਾ ਮੁੱਖ ਟੀਚਾ 6 ਤੋਂ 59 ਮਹੀਨਿਆਂ ਦੀ ਉਮਰ ਦੇ ਬੱਚਿਆਂ ਵਿੱਚ ਅਨੀਮੀਆ ਦੇ ਪ੍ਰਸਾਰ ਨੂੰ 9 ਪ੍ਰਤੀਸ਼ਤ ਤੱਕ ਘਟਾਉਣਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਨੂੰ ਹਰੇਕ ਰਾਜ ਵਿੱਚ "ਮਿਸ਼ਨ ਮੋਡ" ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਜ਼ਮੀਨੀ ਪੱਧਰ 'ਤੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਸਵੈ-ਸਹਾਇਤਾ ਸਮੂਹਾਂ ਅਤੇ ਹੋਰ ਸਥਾਨਕ ਸੰਸਥਾਵਾਂ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ।