ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ 14 ਦਿਨ ਹੋਰ ਰਹਿਣਾ ਪਵੇਗਾ ਜੇਲ੍ਹ 'ਚ

ਦਿੱਲੀ ਦੇ ਮੰਤਰੀ ਸਤੇਂਦਰ ਜੈਨ 'ਤੇ ਕੋਲਕਾਤਾ ਸਥਿਤ ਸ਼ੈੱਲ ਕੰਪਨੀਆਂ ਦੇ ਜ਼ਰੀਏ ਮਨੀ ਲਾਂਡਰਿੰਗ ਦਾ ਦੋਸ਼ ਹੈ।
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ 14 ਦਿਨ ਹੋਰ ਰਹਿਣਾ ਪਵੇਗਾ ਜੇਲ੍ਹ 'ਚ

ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਨਿਆਂਇਕ ਹਿਰਾਸਤ ਦੋ ਹਫ਼ਤਿਆਂ ਲਈ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਜੈਨ ਦੀ ਨਿਆਂਇਕ ਹਿਰਾਸਤ ਨੂੰ ਪੇਸ਼ ਕੀਤੇ ਬਿਨਾਂ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਦੇ ਰਵੱਈਏ ਨੂੰ ਦੇਖਦੇ ਹੋਏ ED ਨੇ ਜੈਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹਸਪਤਾਲ ਤੋਂ ਪੇਸ਼ ਕੀਤਾ। ਜੈਨ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਹਨ। ਆਕਸੀਜਨ ਦਾ ਪੱਧਰ ਘਟਣ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਹਫ਼ਤੇ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਰੌਜ਼ ਐਵੇਨਿਊ ਸਥਿਤ ਵਿਸ਼ੇਸ਼ ਸੀਬੀਆਈ ਜੱਜ ਗੀਤਾਂਜਲੀ ਗੋਇਲ ਨੇ ਜੈਨ ਦੀ ਹਿਰਾਸਤ ਵਧਾਉਣ ਦੀ ਮੰਗ ਕਰਨ ਵਾਲੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਅਰਜ਼ੀ 'ਤੇ ਇਹ ਹੁਕਮ ਦਿੱਤਾ।

ਇਸ ਤੋਂ ਪਹਿਲਾਂ ਦਿਨ 'ਚ ਜੱਜ ਨੇ ਇਹ ਕਹਿੰਦਿਆਂ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਕਾਰਵਾਈ ਦੌਰਾਨ ਨਾ ਤਾਂ ਜੈਨ ਅਤੇ ਨਾ ਹੀ ਉਨ੍ਹਾਂ ਦੀ ਨੁਮਾਇੰਦਗੀ ਕਰਨ ਵਾਲਾ ਕੋਈ ਵਕੀਲ ਅਦਾਲਤ 'ਚ ਮੌਜੂਦ ਸੀ। ਅਦਾਲਤ ਨੇ ED ਨੂੰ ਨਿਰਦੇਸ਼ ਦਿੱਤਾ ਕਿ ਜੈਨ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਦਿਨ ਵਿੱਚ ਵੀਡੀਓ ਕਾਨਫਰੰਸ ਰਾਹੀਂ ਜੈਨ ਦੀ ਮੌਜੂਦਗੀ ਯਕੀਨੀ ਬਣਾਈ ਜਾਵੇ। ਅਦਾਲਤ ਨੇ ਏਜੰਸੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੈਨ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ।

ਕਿਉਂ ਕੀਤਾ ਗਿਆ ਸੀ ਗ੍ਰਿਫਤਾਰ?

ED ਨੇ 57 ਸਾਲਾ ਜੈਨ ਨੂੰ 30 ਮਈ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਕਥਿਤ ਕਥਿਤ ਹਵਾਲਾ ਲੈਣ-ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। CBI ਨੇ ਜੈਨ, ਉਨ੍ਹਾਂ ਦੀ ਪਤਨੀ ਅਤੇ ਹੋਰਾਂ 'ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਅਪਰਾਧ ਕਰਨ ਦਾ ਦੋਸ਼ ਲਗਾਇਆ ਹੈ। 31 ਮਾਰਚ ਨੂੰ, ਈਡੀ ਨੇ ਮੰਤਰੀ ਦੀ ਮਲਕੀਅਤ ਅਤੇ ਨਿਯੰਤਰਣ ਵਾਲੀਆਂ ਕੰਪਨੀਆਂ ਨਾਲ ਸਬੰਧਤ 4.81 ਕਰੋੜ ਰੁਪਏ ਦੀ ਅਚੱਲ ਜਾਇਦਾਦ ਅਸਥਾਈ ਤੌਰ 'ਤੇ ਕੁਰਕ ਕੀਤੀ ਸੀ।

ਈਡੀ ਨੇ 6 ਜੂਨ ਨੂੰ ਜੈਨ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ, ਜਿਨ੍ਹਾਂ ਨੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਉਸ ਦੀ ਮਦਦ ਕੀਤੀ ਸੀ ਜਾਂ ਮਨੀ ਲਾਂਡਰਿੰਗ ਪ੍ਰਕਿਰਿਆਵਾਂ ਵਿਚ ਹਿੱਸਾ ਲਿਆ ਸੀ। ਛਾਪੇਮਾਰੀ ਦੌਰਾਨ 2.85 ਕਰੋੜ ਰੁਪਏ ਦੀ ਨਕਦੀ ਅਤੇ 1.80 ਕਿਲੋ ਵਜ਼ਨ ਦੇ 133 ਸੋਨੇ ਦੇ ਸਿੱਕੇ ਬਰਾਮਦ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਜੈਨ ਨੂੰ ਇੱਕ "ਕੱਟੜ, ਇਮਾਨਦਾਰ ਦੇਸ਼ਭਗਤ" ਕਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਇਮਾਨਦਾਰ ਮਿਨਿ,ਟਰ ਨੂੰ "ਝੂਠੇ ਕੇਸ ਵਿੱਚ ਫਸਾਇਆ ਗਿਆ ਹੈ"।

'ਆਪ' ਮੁਖੀ ਅਰਵਿੰਦ ਕੇਜਰੀਵਾਲ ਨੇ ਹਾਲ ਹੀ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ED ਦੀ ਜਾਂਚ ਤੋਂ ਬਾਅਦ ਜੈਨ ਨੂੰ ਕਲੀਨ ਚਿੱਟ ਮਿਲ ਜਾਵੇਗੀ।

Related Stories

No stories found.
logo
Punjab Today
www.punjabtoday.com