
ਕੀ ਤੁਹਾਡੇ ਮਨ ਵਿੱਚ ਸੈਨੇਟਰੀ ਪੈਡਜ਼ ਦੀ ਵਰਤੋਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਹਨ? ਕੀ ਤੁਹਾਨੂੰ ਲਗਦਾ ਹੈ ਕਿ ਸੈਨੇਟਰੀ ਪੈਡਜ਼ ਕੈਂਸਰ ਦਾ ਕਾਰਨ ਬਣ ਸਕਦੇ ਹਨ। ਅੱਜ ਦੇ ਇਸ ਆਰਟੀਕਲ ਵਿੱਚ ਅਸੀਂ ਗੱਲ ਕਰਾਂਗੇ ਹਾਲ ਹੀ ਚ ‘ਮੇਨਸਟ੍ਰੂਅਲ ਵੇਸਟ 2022’ ਵਿੱਚ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਬਾਰੇ।
ਸੈਨੇਟਰੀ ਪੈਡਜ਼ ਨੂੰ ਦੁਨੀਆ ਭਰ ਦੀਆਂ ਔਰਤਾਂ ਪੀਰੀਅਡਜ਼ ਦੌਰਾਨ ਇਸਤੇਮਾਲ ਕਰਦੀਆਂ ਹਨ। ਇਹ ਉਹਨਾਂ ਦੀ ਪਹਿਲੀ ਪਸੰਦ ਹਨ। ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ, ਟੈਂਪੋਨ ਅਤੇ ਮਾਹਵਾਰੀ ਕੱਪ ਵਰਗੇ ਵਿਕਲਪ ਵੀ ਉਪਲਬਧ ਹਨ ਪਰ ਫਿਰ ਵੀ ਸੈਨੇਟਰੀ ਪੈਡ ਔਰਤਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ।
ਪਰ ਕੀ ਹੋਵੇ ਜੇ ਪਤਾ ਲੱਗੇ ਕਿ ਸਭ ਤੋਂ ਸੁਵਿਧਾਜਨਕ ਅਤੇ ਭਰੋਸੇਮੰਦ ਪਰੋਡਕਟ ਔਰਤਾਂ ਦੀ ਸਿਹਤ ਨਾਲ ਸਮਝੌਤਾ ਕਰਦਾ ਹੈ?
ਅਜਿਹਾ ਹੀ ਇਸ਼ਾਰਾ ਇੱਕ ਨਵੇਂ ਅਧਿਐਨ ਤੋਂ ਮਿਲਦਾ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਵਿੱਚ ਵਿਕਣ ਵਾਲੇ ਮਸ਼ਹੂਰ ਸੈਨੇਟਰੀ ਨੈਪਕਿਨਾਂ ਵਿੱਚ ਉੱਚ ਮਾਤਰਾ ਵਿੱਚ ਰਸਾਇਣ ਪਾਇਆ ਜਾਂਦਾ ਹੈ, ਜੋ ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਕੈਂਸਰ ਵਰਗੇ ਸਿਹਤ ਜੋਖਮਾਂ ਦਾ ਕਾਰਨ ਬਣ ਸਕਦਾ ਹੈ।
ਹਾਲ ਹੀ ਚ ਦਿੱਲੀ ਸਥਿਤ NGO, ਟੌਕਸਿਕਸ ਲਿੰਕ ਦੇ ਅਧਿਐਨ ਨੇ ਕੁੱਲ 10 Samples, ਛੇ ਅਜੈਵਿਕ ਅਤੇ ਚਾਰ ਜੈਵਿਕ ਸੈਨੇਟਰੀ ਪੈਡਾਂ ਵਿੱਚ ਫਥਾਲੇਟਸ ਅਤੇ ਅਸਥਿਰ ਜੈਵਿਕ ਮਿਸ਼ਰਣਾਂ ਦੀ ਮੌਜੂਦਗੀ ਪਾਈ। ਇਹ ਖੋਜ ਹੁਣ ‘ਮੇਨਸਟ੍ਰੂਅਲ ਵੇਸਟ 2022’ ਰਿਪੋਰਟ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।
ਫਥਾਲੇਟਸ ਕਾਰਨ ਕਈ ਤਰ੍ਹਾਂ ਦੀਆਂ ਸਿਹਤ ਖਰਾਬੀਆਂ ਹੁੰਦੀਆਂ ਹਨ, ਜਿਸ ਵਿੱਚ ਐਂਡੋਕਰੀਨ ਵਿਘਨ, ਦਿਲ ਅਤੇ ਪ੍ਰਜਨਨ ਪ੍ਰਣਾਲੀਆਂ 'ਤੇ ਪ੍ਰਭਾਵ, ਸ਼ੂਗਰ, ਕੁਝ ਕੈਂਸਰ, ਅਤੇ ਬਰਥ ਡਿਫੈਕਟਸ ਸ਼ਾਮਲ ਹਨ।
ਦੂਜੇ ਪਾਸੇ, VOCs ਨਾਲ ਸੰਪਰਕ ਦਿਮਾਗ ਦੀ ਕਮਜ਼ੋਰੀ, ਦਮਾ, ਅਸਮਰਥਤਾ, ਕੁਝ ਕੈਂਸਰਾਂ, ਅਤੇ ਪ੍ਰਜਨਨ ਪ੍ਰਣਾਲੀ ਦੇ ਸਹੀ ਕੰਮਕਾਜ ਦੇ ਜੋਖਮ ਨੂੰ ਵਧਾਉਂਦਾ ਹੈ। ਅਧਿਐਨ ਨੇ ਹੋਰ ਸਾਰੇ ਜੈਵਿਕ ਨਮੂਨਿਆਂ ਵਿੱਚ VOCs ਦੀ ਉੱਚ ਮਾਤਰਾ ਪਾਈ ਹੈ, ਜੋ ਕਿ ਇਸ ਵਿਆਪਕ ਵਿਸ਼ਵਾਸ ਦੇ ਉਲਟ ਹੈ ਕਿ ਜੈਵਿਕ ਪੈਡ ਸੁਰੱਖਿਅਤ ਹਨ।
ਰਿਪੋਰਟ ਦਰਸਾਉਂਦੀ ਹੈ ਕਿ ਡਿਸਪੋਸੇਬਲ ਸੈਨੇਟਰੀ ਪੈਡ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਮਾਹਵਾਰੀ ਉਤਪਾਦ ਹਨ।
ਸਮੇਂ ਦੇ ਨਾਲ, ਸੈਨੇਟਰੀ ਪੈਡਾਂ ਦੇ ਰੂਪ ਵਿੱਚ ਬਹੁਤ ਸਾਰੇ ਬਦਲਾਅ ਹੋਏ ਹਨ, ਕਿਉਂਕਿ ਉਨ੍ਹਾਂ ਨੂੰ ਬਣਾਉਣ ਲਈ ਸਿੰਥੈਟਿਕ ਪਲਾਸਟਿਕ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ਪਲਾਸਟਿਕ ਸਮੱਗਰੀ ਇਹਨਾਂ ਦੀ ਸੋਖਣ ਸ਼ਕਤੀ ਵਧਾਉਣ ਅਤੇ ਕੋਮਲਤਾ ਨੂੰ ਬਿਹਤਰ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ, ਤਾਜ਼ਗੀ ਦੀ ਪ੍ਰਦਾਨ ਕਰਨ ਲਈ ਖੁਸ਼ਬੂਆਂ ਨੂੰ ਵੀ ਐਡ ਕੀਤਾ ਜਾ ਰਿਹਾ ਹੈ।
ਇਸ ਤਾਜ਼ਾ ਰਿਪੋਕਟ ਨੇ ਹੁਣ ਵਧ ਰਹੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਇਸ ਵਿਚ ਇਹ ਉਜਾਗਰ ਕੀਤਾ ਗਿਆ ਹੈ ਕਿ ਸੈਨੇਟਰੀ ਪੈਡਾਂ ਵਿਚ ਰਸਾਇਣਾਂ ਦੀ ਵਰਤੋਂ ਉਪਭੋਗਤਾਵਾਂ ਦੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੀ ਹੈ।