
ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਇਕ ਗਰੇਵਾਲ ਜੱਟ ਸਿੱਖ ਪਰਿਵਾਰ ਦੇ ਵਿੱਚ ਹੋਇਆ ਸੀ। ਉਨ੍ਹਾਂ ਦਾ ਪਿੰਡ ਸਰਾਭਾ ਸੀ ਜੋ ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦਾ ਹੈ। ਕਰਤਾਰ ਸਿੰਘ ਸਰਾਭਾ ਦੇ ਪਿਤਾ ਦਾ ਨਾਮ ਮੰਗਲ ਸਿੰਘ ਗਰੇਵਾਲ ਸੀ ਅਤੇ ਮਾਤਾ ਦਾ ਨਾਮ ਸਾਹਿਬ ਕੌਰ ਸੀ। ਕਰਤਾਰ ਸਿੰਘ ਸਰਾਭਾ ਅਜੇ ਬਹੁਤ ਹੀ ਛੋਟੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਸਰਾਭਾ ਨੂੰ ਉਸਦੇ ਦਾਦਾ ਜੀ ਨੇ ਪਾਲਿਆ।
ਆਪਣੀ ਮੁੱਢਲੀ ਵਿੱਦਿਆ ਪਿੰਡ ਵਿੱਚੋਂ ਹੀ ਪੂਰੀ ਕਰਨ ਤੋਂ ਉਪਰਾਂਤ ਕਰਤਾਰ ਸਿੰਘ ਸਰਾਭਾ ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ ਵਿਖੇ ਗਏ ਜਿੱਥੇ ਉਹ ਅੱਠਵੀਂ ਤਕ ਪੜ੍ਹੇ। ਇਸ ਤੋਂ ਬਾਅਦ ਉਹ ਆਪਣੇ ਚਾਚਾ ਜੀ ਕੋਲ ਉੜੀਸਾ ਚਲੇ ਗਏ ਜਿੱਥੇ ਉਹ ਤਕਰੀਬਨ ਇੱਕ ਸਾਲ ਰਹੇ।
ਉੜੀਸਾ ਤੋਂ ਵਾਪਸ ਆਉਣ ਉਪਰੰਤ ਸਰਾਭਾ ਨੂੰ ਉਸ ਦੇ ਦਾਦਾ ਜੀ ਨੇ ਉਚੇਰੀ ਵਿੱਦਿਆ ਵਾਸਤੇ ਅਮਰੀਕਾ ਭੇਜ ਦਿੱਤਾ। ਜੁਲਾਈ 1912 ਵਿੱਚ ਉਹ ਸੈਨ ਫਰਾਂਸਿਸਕੋ ਲਈ ਨਿਕਲ ਗਏ ਜਿੱਥੇ ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਬਰਕਲੇ ਵਿਖੇ ਦਾਖਲਾ ਲੈਣਾ ਸੀ।
ਬਰਕਲੇ ਵਿਖੇ ਭਾਰਤੀ ਵਿਦਿਆਰਥੀਆਂ ਦਾ ਇੱਕ ਨਾਲੰਦਾ ਕਲੱਬ ਬਣਿਆ ਹੋਇਆ ਸੀ ਜਿਸ ਵਿਚ ਸਰਾਭਾ ਵੀ ਮੈਂਬਰ ਰਹੇ। ਇਸ ਕਲੱਬ ਦੇ ਮੈਂਬਰ ਕਾਰਨ ਸਰਾਭਾ ਅੰਦਰ ਦੇਸ਼ ਭਗਤੀ ਦੀ ਭਾਵਨਾ ਜਾਗ ਗਈ ਅਤੇ ਬਾਹਰਲੇ ਦੇਸ਼ਾਂ ਵਿਚ ਵੱਸ ਰਹੇ ਭਾਰਤੀਆਂ ਦੇ ਖ਼ਿਲਾਫ਼ ਹੋ ਰਹੇ ਮਾੜੇ ਵਤੀਰੇ ਦਾ ਉਹ ਵਿਰੋਧ ਕਰਨ ਲੱਗ ਪਏ।
ਗ਼ਦਰ ਪਾਰਟੀ ਦੇ ਸੰਸਥਾਪਕ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਕਰਤਾਰ ਸਿੰਘ ਸਰਾਭਾ ਨੂੰ ਅੰਗਰੇਜ਼ੀ ਹਕੂਮਤ ਖ਼ਿਲਾਫ਼ ਲੜਨ ਲਈ ਪ੍ਰੇਰਿਆ ਗਿਆ ਅਤੇ ਦੇਸ਼ ਨੂੰ ਇਸ ਹਕੂਮਤ ਤੋਂ ਆਜ਼ਾਦ ਕਰਾਉਣ ਲਈ ਵੀ ਕਿਹਾ ਗਿਆ। ਸੋਹਣ ਸਿੰਘ ਭਕਨਾ ਕਰਤਾਰ ਸਿੰਘ ਸਰਾਭਾ ਨੂੰ ਬਾਬਾ ਜਨਰਲ ਕਹਿੰਦੇ ਸਨ। ਕਰਤਾਰ ਸਿੰਘ ਸਰਾਭਾ ਨੇ ਬੰਦੂਕ ਚਲਾਉਣ ਦੀ ਅਤੇ ਧਮਾਕੇ ਕਰਨ ਦੀ ਅਮਰੀਕਨਾਂ ਤੋਂ ਸਿੱਖਿਆ ਲਈ। ਇਸ ਤੋਂ ਇਲਾਵਾ ਕਰਤਾਰ ਸਿੰਘ ਸਰਾਭਾ ਨੇ ਜਹਾਜ਼ ਚਲਾਉਣਾ ਵੀ ਸਿੱਖਿਆ।
ਗ਼ਦਰ ਪਾਰਟੀ ਦੀ ਸਥਾਪਨਾ ਹੋਣ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਦੇ ਨਾਲ ਜੁੜ ਗਏ। ਸਰਾਭਾ ਇੱਕ ਕ੍ਰਾਂਤੀਕਾਰੀ ਅਖ਼ਬਾਰ ਗ਼ਦਰ ਨੂੰ ਲੋਕਾਂ ਕੋਲ ਪਹੁੰਚਾਉਣ ਦੇ ਵਿੱਚ ਵੀ ਮਦਦ ਕਰਦੇ ਸਨ। ਇਸ ਤੋਂ ਇਲਾਵਾ ਇਸ ਅਖ਼ਬਾਰ ਦੇ ਗੁਰਮੁਖੀ ਐਡੀਸ਼ਨ ਕੱਢਣ ਦੀ ਸਾਰੀ ਜ਼ਿੰਮੇਵਾਰੀ ਸਰਾਭਾ ਕੋਲ ਸੀ ਅਤੇ ਇਸ ਅਖਬਾਰ ਲਈ ਉਹ ਦੇਸ਼ ਭਗਤੀ ਵਾਲੀਆਂ ਕਵਿਤਾਵਾਂ ਅਤੇ ਆਰਟੀਕਲ ਲਿਖਦੇ ਸਨ।
15 ਜੁਲਾਈ 1913 ਨੂੰ ਕੈਲੀਫੋਰਨੀਆ ਵਿਖੇ ਵਸ ਰਹੇ ਪੰਜਾਬੀ ਇਕੱਠੇ ਹੋਏ ਅਤੇ ਗ਼ਦਰ ਪਾਰਟੀ ਬਣਾਈ ਸੀ। ਗ਼ਦਰ ਪਾਰਟੀ ਦਾ ਮੰਤਵ ਭਾਰਤ ਵਿੱਚੋਂ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਸੀ ਭਾਵੇਂ ਉਸ ਲਈ ਹਥਿਆਰਾਂ ਨਾਲ ਲੜਾਈ ਕਿਉਂ ਨਾ ਕਰਨੀ ਪਵੇ।
ਗ਼ਦਰ ਅਖ਼ਬਾਰ ਪੰਜਾਬੀ ਤੋਂ ਇਲਾਵਾ ਹਿੰਦੀ ਉਰਦੂ ਬੰਗਾਲੀ ਗੁਜਰਾਤੀ ਅਤੇ ਪਸ਼ਤੋ ਭਾਸ਼ਾਵਾਂ ਵਿੱਚ ਨਿਕਲਦਾ ਸੀ। ਕਰਤਾਰ ਸਿੰਘ ਸਰਾਭਾ ਬਾਕੀ ਭਾਸ਼ਾਵਾਂ ਦੀ ਵੀ ਦੇਖਰੇਖ ਕਰਦੇ ਸਨ।
ਪਹਿਲੀ ਵਿਸ਼ਵ ਜੰਗ ਸ਼ੁਰੂ ਹੋਣ ਉਪਰੰਤ ਗ਼ਦਰ ਪਾਰਟੀ ਨੇ ਸੋਚਿਆ ਕਿ ਹੁਣ ਚੰਗਾ ਮੌਕਾ ਹੈ ਕਿ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਿਆ ਜਾਵੇ। ਅੰਗਰੇਜ਼ੀ ਹਕੂਮਤ ਵਿਸ਼ਵ ਜੰਗ ਦੇ ਵਿੱਚ ਰੁੱਝੀ ਹੋਣ ਕਾਰਨ ਗ਼ਦਰ ਨੂੰ ਹੋਰ ਵੱਧ ਫੈਲਾਅ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਕਰਤਾਰ ਸਿੰਘ ਸਰਾਭਾ ਨਾਲ ਰਾਸ ਬਿਹਾਰੀ ਬੋਸ ਸੱਤਿਆ ਸੇਨ ਅਤੇ ਹੋਰ ਕਈ ਗ਼ਦਰ ਲੀਡਰ ਸਨ।
ਪਰ ਗ਼ਦਰ ਪਾਰਟੀ ਦੇ ਵਿਚ ਹੀ ਇਕ ਪੁਲੀਸ ਦਾ ਸੂਹੀਆ ਸੀ ਜਿਸ ਨੇ ਗ਼ਦਰ ਪਾਰਟੀ ਦੇ ਇਸ ਪਲੈਨ ਬਾਰੇ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਅਤੇ 19 ਫਰਵਰੀ ਨੂੰ ਬਹੁਤ ਸਾਰੇ ਮੈਂਬਰਾਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਕਰਤਾਰ ਸਿੰਘ ਸਰਾਭਾ ਕੋਲ ਭੱਜਣ ਦਾ ਮੌਕਾ ਸੀ ਪਰ ਉਨ੍ਹਾਂ ਨੇ ਭੱਜਣ ਦੀ ਬਜਾਏ ਆਪਣੇ ਸਾਥੀਆਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਅਤੇ ਕਈ ਸੈਨਿਕਾਂ ਨੂੰ ਵੀ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਅੰਗਰੇਜ਼ਾਂ ਦਾ ਸਾਥ ਛੱਡ ਕੇ ਭਾਰਤੀਆਂ ਦਾ ਸਾਥ ਦੇਣ। ਇੱਥੇ ਕਰਤਾਰ ਸਿੰਘ ਸਰਾਭਾ ਨੂੰ ਬਾਕੀ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਸੀ।
ਕਰਤਾਰ ਸਿੰਘ ਸਰਾਭਾ ਨੂੰ ਲਾਹੌਰ ਕਾਂਸਪੀਰੇਸੀ ਕੇਸ ਵਿੱਚ ਨਾਮਜ਼ਦ ਕਰਕੇ, ਉਹਨਾਂ ਨੂੰ 24 ਹੋਰਨਾ ਨਾਲ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜਿਹਨਾਂ ਵਿੱਚੋਂ ਬਾਅਦ ਵਿੱਚ 17 ਜਣਿਆਂ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਸੀ। ਬਾਕੀ ਜਣਿਆਂ ਨੂੰ ਕਰਤਾਰ ਸਿੰਘ ਸਰਾਭਾ ਦੇ ਨਾਲ ਅੰਗਰੇਜ਼ੀ ਹਕੂਮਤ ਨੇ ਉਨ੍ਹਾਂ ਵੱਲੋਂ ਕੀਤੇ ਗਏ ਦੇਸ਼ ਭਗਤੀ ਦੇ ਕੰਮਾਂ ਕਾਰਨ ਅਤੇ ਅੰਗਰੇਜ਼ ਵਿਰੁੱਧ ਕੰਮਾਂ ਕਾਰਨ 16 ਨਵੰਬਰ 1915 ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਹੋਰ ਫਾਂਸੀ ਤੇ ਚੜਨ ਵਾਲੇ ਸ਼ਹੀਦ ਸਨ ਜਗਤ ਸਿੰਘ ਸੁਰਸਿੰਘ, ਹਰਨਾਮ ਸਿੰਘ ਸਿਆਲਕੋਟੀ, ਵਿਸ਼ਨੂੰ ਗਣੇਸ਼ ਪਿੰਗਲੇ, ਸੁਰੈਣ ਸਿੰਘ ਵੱਡਾ ਅਤੇ ਸੁਰੈਣ ਸਿੰਘ ਛੋਟਾ।
ਇਹ ਵੀ ਕਿਹਾ ਜਾਂਦਾ ਹੈ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਵੀ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਹੀਰੋ ਮੰਨਦੇ ਸਨ ਅਤੇ ਭਗਤ ਸਿੰਘ ਦੇ ਗ੍ਰਿਫਤਾਰ ਹੋਣ ਸਮੇਂ ਉਹਨਾਂ ਕੋਲੋਂ ਕਰਤਾਰ ਸਿੰਘ ਸਰਾਭਾ ਦੀ ਇੱਕ ਫੋਟੋ ਬਰਾਮਦ ਹੋਈ ਸੀ। ਉਹ ਸਰਾਭਾ ਦੀਆਂ ਸਤਰਾਂ
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,
ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਗੁਣਗੁਣਾਉਂਦੇ ਰਹਿਦੇ ਸਨ।
ਅੱਜ ਕਰਤਾਰ ਸਿੰਘ ਸਰਾਭਾ ਦੇ ਬਰਸੀ ਤੇ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।