
ਚੰਡੀਗੜ੍ਹ ਪ੍ਰਸ਼ਾਸਨ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਆਏ ਦਿਨ ਨਵੀਆਂ ਸਹੂਲਤਾਂ ਦਿੰਦਾ ਰਹਿੰਦਾ ਹੈ। ਚੰਡੀਗੜ੍ਹ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਮਾਰਟ ਬਾਈਕ (ਬਾਈਸਾਈਕਲ) 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਪਬਲਿਕ ਸਾਈਕਲ ਸ਼ੇਅਰਿੰਗ ਪ੍ਰੋਜੈਕਟ ਤਹਿਤ 1250 ਹੋਰ ਸਾਈਕਲ ਸ਼ਹਿਰ ਵਿੱਚ ਆ ਰਹੇ ਹਨ। ਪ੍ਰਾਜੈਕਟ ਦੇ ਤੀਜੇ ਪੜਾਅ ਵਿੱਚ ਇਨ੍ਹਾਂ ਨਵੀਆਂ ਸਾਈਕਲਾਂ ਦੇ ਨਾਲ-ਨਾਲ 155 ਡੌਕਿੰਗ ਸਟੇਸ਼ਨ ਵੀ ਬਣਾਏ ਜਾਣਗੇ। ਇਹ ਨਵੇਂ ਸਾਈਕਲ 21 ਜਨਵਰੀ ਨੂੰ ਫੇਜ਼ 3 ਤਹਿਤ ਸ਼ਹਿਰ ਵਿੱਚ ਆਉਣਗੇ। 21 ਜਨਵਰੀ ਤੋਂ ਬਾਅਦ ਸ਼ਹਿਰ ਵਿੱਚ ਅਜਿਹੇ 3750 ਸਾਈਕਲ ਹੋ ਜਾਣਗੇ। ਇਸ ਦੇ ਨਾਲ ਹੀ ਡੌਕਿੰਗ ਸਟੇਸ਼ਨਾਂ ਦੀ ਗਿਣਤੀ ਵਧ ਕੇ 465 ਹੋ ਜਾਵੇਗੀ।
ਚੰਡੀਗੜ੍ਹ ਵਿੱਚ ਰੋਜ਼ਾਨਾ ਕਰੀਬ 1200 ਲੋਕ ਇਨ੍ਹਾਂ ਸਾਈਕਲਾਂ 'ਤੇ ਸਵਾਰੀ ਕਰਦੇ ਹਨ। ਇਨ੍ਹਾਂ ਬਾਈਸਾਈਕਲਾਂ ਨੂੰ ਬੁੱਕ ਕਰਨ ਲਈ 1.5 ਲੱਖ ਲੋਕਾਂ ਨੇ ਆਪਣੇ ਮੋਬਾਈਲ 'ਤੇ ਐਪ ਨੂੰ ਡਾਊਨਲੋਡ ਕੀਤਾ ਹੈ। ਇਸ ਨੂੰ ਅੱਧੇ ਘੰਟੇ ਲਈ 10 ਰੁਪਏ ਵਿੱਚ ਬੁੱਕ ਕੀਤਾ ਜਾ ਸਕਦਾ ਹੈ। ਜਦੋਂ ਕਿ ਮੈਂਬਰ ਲਈ ਅੱਧੀ ਰਕਮ 'ਤੇ ਬੁੱਕ ਕੀਤੀ ਜਾਂਦੀ ਹੈ। ਮੈਂਬਰ ਬਣਨ ਲਈ ਸਾਲ ਲਈ 500 ਰੁਪਏ ਨਿਰਧਾਰਤ ਕੀਤੇ ਗਏ ਹਨ। ਦੱਸ ਦੇਈਏ ਕਿ ਸਾਲ 2021 ਵਿੱਚ ਪਹਿਲੀ ਵਾਰ ਇਸ ਪ੍ਰੋਜੈਕਟ ਦੇ ਤਹਿਤ ਲੋਕਾਂ ਨੂੰ ਇਹ ਬਾਈਸਾਈਕਲ ਉਪਲਬਧ ਕਰਵਾਇਆ ਗਿਆ ਸੀ।
ਇਸ ਤੋਂ ਬਾਅਦ ਸਾਲ 2022 ਵਿੱਚ ਦੂਜੇ ਪੜਾਅ ਵਿੱਚ ਹੋਰ ਬਾਈਸਾਈਕਲ ਲਿਆਂਦੇ ਗਏ। ਹੁਣ ਤੀਜੇ ਪੜਾਅ ਵਿੱਚ ਇਸ ਸਾਲ ਬਾਈ-ਸਾਈਕਲ ਸ਼ੁਰੂ ਕੀਤੇ ਜਾ ਰਹੇ ਹਨ। ਚੰਡੀਗੜ੍ਹ ਨਗਰ ਨਿਗਮ ਇਨ੍ਹਾਂ ਸਾਈਕਲਾਂ ਨੂੰ ਸਮਾਰਟ ਬਾਈਕ ਮੋਬਿਲਿਟੀ ਨਾਂ ਦੀ ਕੰਪਨੀ ਨਾਲ ਸਮਝੌਤਾ ਕਰਕੇ ਲੈ ਰਿਹਾ ਹੈ। ਇਸ ਪ੍ਰੋਜੈਕਟ ਦਾ ਫੇਜ਼ 4 ਇਸ ਸਾਲ ਜੁਲਾਈ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ।
ਨਿਗਮ ਅਨੁਸਾਰ ਇਸ ਪ੍ਰਾਜੈਕਟ ਨੂੰ ਸ਼ਹਿਰ ਵਿੱਚ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ। ਸਮਾਰਟਬਾਈਕ ਮੋਬਿਲਿਟੀ ਦੇ ਚੇਅਰਪਰਸਨ ਨੇ ਕਿਹਾ ਕਿ, ''ਸਾਇਕਲ ਘੱਟੋ-ਘੱਟ ਕਿਰਾਏ 'ਤੇ ਯਾਤਰਾ ਦੀ ਸੌਖ ਲਈ ਕਈ ਵਿਸ਼ੇਸ਼ਤਾਵਾਂ ਨਾਲ ਲੈਸ ਹਨ, ਫਿਰ ਵੀ ਇਹਨਾਂ ਦੀ ਲਾਪਰਵਾਹੀ ਨਾਲ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਪ੍ਰੋਜੈਕਟ ਨੂੰ ਜਾਰੀ ਰੱਖਣ ਦੇ ਸਾਡੇ ਯਤਨਾਂ ਨੂੰ ਰੋਕਿਆ ਜਾ ਰਿਹਾ ਹੈ।