
ਦੇਸ਼ 'ਚ ਨਵੀਂ ਸੰਸਦ ਦੇ ਉਦਘਾਟਨ ਨੂੰ ਲੈ ਕੇ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਦੋ ਹਿੱਸਿਆਂ ਵਿਚ ਵੰਡ ਗਈਆਂ ਹਨ। ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੁੱਲ 40 ਪਾਰਟੀਆਂ ਵਿੱਚੋਂ ਕਾਂਗਰਸ ਸਮੇਤ 20 ਵਿਰੋਧੀ ਪਾਰਟੀਆਂ ਨੇ ਇਸ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਭਾਜਪਾ ਸਮੇਤ 17 ਪਾਰਟੀਆਂ ਨੇ ਸਰਕਾਰ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ।
ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਬਾਈਪਾਸ ਕਰਕੇ ਇਸ ਦਾ ਉਦਘਾਟਨ ਕਰਵਾਉਣ ਦਾ ਫੈਸਲਾ ਨਾ ਸਿਰਫ਼ ਘੋਰ ਅਪਮਾਨ ਹੈ, ਸਗੋਂ ਇਹ ਲੋਕਤੰਤਰ 'ਤੇ ਸਿੱਧਾ ਹਮਲਾ ਵੀ ਹੈ। ਬੁੱਧਵਾਰ ਨੂੰ ਵਿਰੋਧੀ ਪਾਰਟੀਆਂ ਦੇ ਸਾਂਝੇ ਬਿਆਨ 'ਚ ਕਿਹਾ ਗਿਆ ਹੈ, ਕਿ ਇਸ ਸਰਕਾਰ 'ਚ ਸੰਸਦ 'ਚੋਂ ਲੋਕਤੰਤਰ ਦੀ ਆਤਮਾ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਨਵੀਂ ਇਮਾਰਤ ਬਣਾਉਣ ਦਾ ਕੋਈ ਮਤਲਬ ਨਹੀਂ ਹੈ।
ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜਿੱਥੋਂ ਤੱਕ ਨਵੀਂ ਸੰਸਦ ਭਵਨ ਦੀ ਉਸਾਰੀ ਦਾ ਸਵਾਲ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ। ਇਹੀ 32 ਸਾਲ ਪਹਿਲਾਂ ਕਾਂਗਰਸ ਦੀ ਸੋਚ ਸੀ। ਹੁਣ ਜੇਕਰ ਕੋਈ ਇਸ ਦਾ ਬਾਈਕਾਟ ਕਰਦਾ ਹੈ ਜਾਂ ਉਦਘਾਟਨ ਸਮਾਰੋਹ 'ਚ ਨਹੀਂ ਜਾਂਦਾ ਤਾਂ ਉਨ੍ਹਾਂ ਕੋਲ ਇਸ 'ਤੇ ਟਿੱਪਣੀ ਕਰਨ ਲਈ ਕੁਝ ਨਹੀਂ ਹੈ। ਨਵੀਂ ਇਮਾਰਤ ਦੀ ਉਸਾਰੀ ਜ਼ਰੂਰੀ ਸੀ ਅਤੇ ਚੰਗੀ ਗੱਲ ਹੈ ਕਿ ਹੁਣ ਇਹ ਬਣ ਗਈ ਹੈ।
28 ਮਈ ਦਿਨ ਐਤਵਾਰ ਨੂੰ ਸਵੇਰੇ ਨਵੇਂ ਸੰਸਦ ਭਵਨ ਵਿਖੇ ਹਵਨ ਦੇ ਨਾਲ ਪੂਜਾ ਅਰਚਨਾ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ 12 ਵਜੇ ਉਦਘਾਟਨ ਕਰਨਗੇ। ਸੰਸਦ ਭਵਨ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੇ ਸ਼੍ਰਮ ਯੋਗੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਮੋਦੀ 28 ਮਈ ਨੂੰ ਨਵੀਂ ਸੰਸਦ ਭਵਨ ਦੇ ਉਦਘਾਟਨ ਮੌਕੇ ਲੋਕ ਸਭਾ ਸਪੀਕਰ ਦੀ ਸੀਟ ਨੇੜੇ ਪਵਿੱਤਰ ਸੇਂਗੋਲ (ਰਾਜਦੰਡ) ਸਥਾਪਿਤ ਕਰਨਗੇ। ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀਐਮਕੇ, ਆਮ ਆਦਮੀ ਪਾਰਟੀ, ਸ਼ਿਵ ਸੈਨਾ (ਉਧਵ ਧੜਾ), ਸਮਾਜਵਾਦੀ ਪਾਰਟੀ, ਆਰਜੇਡੀ, ਸੀਪੀਆਈ, ਜੇਐਮਐਮ, ਕੇਰਲ ਕਾਂਗਰਸ (ਮਨੀ), ਵੀਸੀਕੇ, ਆਰਐਲਡੀ, ਐਨਸੀਪੀ, ਜੇਡੀਯੂ, ਸੀਪੀਆਈ (ਐਮ), ਆਈਯੂਐਮਐਲ, ਨੈਸ਼ਨਲ ਕਾਨਫਰੰਸ , RSP, AIMIM ਅਤੇ MDMK ਨੇ ਇਸ ਪ੍ਰੋਗਰਾਮ ਦਾ ਵਿਰੋਧ ਕੀਤਾ ਹੈ।