ਬ੍ਰਿਜ ਭੂਸ਼ਨ ਅਤੇ ਪਹਿਲਵਾਨਾਂ ਦੇ ਵਿਚਾਲੇ ਤਨਾਤਨੀ ਜਾਰੀ ਹੈ। ਦਿੱਲੀ ਦੇ ਜੰਤਰ-ਮੰਤਰ 'ਤੇ ਖਿਡਾਰੀਆਂ ਅਤੇ ਪਹਿਲਵਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ 7 ਮਹਿਲਾ ਪਹਿਲਵਾਨਾਂ ਦੇ ਬਿਆਨ ਦਰਜ ਕੀਤੇ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਮਹੱਤਵਪੂਰਨ ਗੱਲ ਇਹ ਹੈ ਕਿ 28 ਅਪ੍ਰੈਲ ਨੂੰ ਬ੍ਰਿਜ ਭੂਸ਼ਣ ਸਿੰਘ 'ਤੇ ਮਹਿਲਾ ਪਹਿਲਵਾਨਾਂ ਦੁਆਰਾ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਪੁਲਿਸ ਅਨੁਸਾਰ ਬ੍ਰਿਜਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 354, 354ਏ, 354ਡੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੋਕਸੋ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਮਹਿਲਾ ਪਹਿਲਵਾਨਾਂ ਵੱਲੋਂ ਦਰਜ ਕੀਤੇ ਗਏ ਮਾਮਲੇ ਦੀ ਜਾਂਚ ਕਰ ਰਹੀ ਹੈ। ਐਫਆਈਆਰ ਵਿੱਚ ਪਹਿਲਵਾਨਾਂ ਵੱਲੋਂ 2012 ਤੋਂ 2022 ਦਰਮਿਆਨ ਦੇਸ਼-ਵਿਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਦੱਸ ਦੇਈਏ ਕਿ 23 ਅਪ੍ਰੈਲ ਤੋਂ ਪਹਿਲਵਾਨ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਭੂਸ਼ਣ ਸ਼ਰਨ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਕੁਝ ਪੁਲਿਸ ਕਰਮਚਾਰੀਆਂ ਅਤੇ ਪਹਿਲਵਾਨਾਂ ਵਿਚਾਲੇ ਝੜਪ ਹੋਈ ਸੀ। ਇਸ ਸਬੰਧੀ ਪਹਿਲਵਾਨਾਂ ਦਾ ਕਹਿਣਾ ਸੀ ਕਿ ਦਿੱਲੀ ਵਿੱਚ ਬਾਰਸ਼ ਕਾਰਨ ਜਿਸ ਥਾਂ 'ਤੇ ਧਰਨਾ ਲਾਇਆ ਗਿਆ ਸੀ, ਉੱਥੇ ਪਾਣੀ ਭਰ ਗਿਆ ਸੀ। ਇਸ ਲਈ ਰਾਤ ਨੂੰ ਸੌਣ ਲਈ ਇੱਕ ਫੋਲਡਿੰਗ ਬਿਸਤਰਾ ਲਿਆਂਦਾ ਗਿਆ ਸੀ। ਪਰ ਪੁਲਿਸ ਨੇ ਇਸ ਖਾਟ ਨੂੰ ਹੇਠਾਂ ਨਹੀਂ ਆਉਣ ਦਿੱਤਾ। ਇਸ ਕਾਰਨ ਪੁਲਿਸ ਤੇ ਪਹਿਲਵਾਨਾਂ ਵਿਚਾਲੇ ਝੜਪ ਵੀ ਦੇਖਣ ਨੂੰ ਮਿਲੀ। ਇਸ ਮਾਮਲੇ 'ਤੇ ਵਿਨੇਸ਼ ਫੋਗਾਟ ਨੇ ਕਿਹਾ ਸੀ ਕਿ ਔਰਤਾਂ ਨਾਲ ਬਤਮੀਜ਼ੀ ਕੀਤੀ ਗਈ ਹੈ। ਇਸ ਦੇ ਨਾਲ ਹੀ ਬਜਰੰਗ ਪੂਨੀਆ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਮੈਡਲ ਵਾਪਸ ਕਰਨਗੇ। ਦੱਸ ਦਈਏ ਕਿ ਇਹ ਵਿਰੋਧ ਦਿਨੋਂ-ਦਿਨ ਵੱਡਾ ਹੁੰਦਾ ਜਾ ਰਿਹਾ ਹੈ, ਕਿਉਂਕਿ ਹੁਣ ਇਸ ਅੰਦੋਲਨ ਨੂੰ ਵੱਖ-ਵੱਖ ਗਰੁੱਪਾਂ ਦਾ ਸਮਰਥਨ ਮਿਲ ਰਿਹਾ ਹੈ।