ਹਿਮਾਚਲ 'ਚ 70 ਆਗੂ 'ਆਪ' 'ਚ ਸ਼ਾਮਲ,ਸਾਰੀਆਂ ਸੀਟਾਂ 'ਤੇ ਚੋਣ ਲੜਾਂਗੇ:ਜੈਨ

ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਦਿਖਾ ਦਿੱਤਾ ਹੈ, ਕਿ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਜ਼ਮੀਨੀ ਪੱਧਰ ਤੇ ਕੰਮ ਕਰੇਗੀ।
ਹਿਮਾਚਲ 'ਚ 70 ਆਗੂ 'ਆਪ' 'ਚ ਸ਼ਾਮਲ,ਸਾਰੀਆਂ  ਸੀਟਾਂ 'ਤੇ ਚੋਣ ਲੜਾਂਗੇ:ਜੈਨ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬੰਪਰ ਜਿੱਤ ਤੋਂ ਬਾਅਦ ਪਾਰਟੀ ਦੇ ਹੋਂਸਲੇ ਬੁਲੰਦ ਹਨ। ਹੁਣ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਤੋਂ ਬਾਅਦ ਹੋਰ ਰਾਜਾਂ ਵੱਲ ਵੀ ਰੁੱਖ ਕਰ ਲਿਆ ਹੈ। ਪੰਜਾਬ ਵਿੱਚ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਅਤੇ ਭਾਜਪਾ ਨੂੰ ਸਖ਼ਤ ਚੁਣੌਤੀ ਦੇਣ ਦੀ ਤਿਆਰੀ ਵਿੱਚ ਹੈ।

ਧਰਮਸ਼ਾਲਾ ਪਹੁੰਚੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਦੀਆਂ ਸਾਰੀਆਂ 68 ਸੀਟਾਂ 'ਤੇ ਚੋਣ ਲੜੇਗੀ। ਉਨ੍ਹਾਂ ਨੇ ਸੂਬੇ ਦੇ ਕਰੀਬ 70 ਲੋਕਾਂ ਨੂੰ 'ਆਪ' 'ਚ ਸ਼ਾਮਲ ਕਰਵਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿੰਦਰ ਜੈਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਦਿਖਾ ਦਿੱਤਾ ਹੈ ਕਿ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਜ਼ਮੀਨੀ ਪੱਧਰ ’ਤੇ ਕੰਮ ਕਰੇਗੀ ਅਤੇ ਆਮ ਲੋਕਾਂ ਵਿੱਚੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

ਕਾਂਗਰਸ ਅਤੇ ਭਾਜਪਾ ਵੱਲੋਂ 'ਆਪ' ਦੀ ਚੁਣੌਤੀ ਨੂੰ ਠੁਕਰਾਏ ਜਾਣ 'ਤੇ ਜੈਨ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਸਾਨੂੰ ਪੰਜਾਬ 'ਚ ਵੀ ਨਕਾਰ ਦਿੱਤਾ ਸੀ, ਪਰ 'ਆਪ' ਨੇ ਉੱਥੇ ਸਰਕਾਰ ਬਣਾ ਕੇ ਵਿਖਾ ਦਿੱਤਾ ਹੈ। ਦੱਸ ਦੇਈਏ ਕਿ ਕੁਝ ਜ਼ਿਲ੍ਹਿਆਂ ਵਿੱਚ ਆਮ ਆਦਮੀ ਪਾਰਟੀ ਦੀਆਂ ਸੰਭਾਵਨਾਵਾਂ ਬਿਹਤਰ ਮੰਨੀਆਂ ਜਾ ਰਹੀਆਂ ਹਨ। ਖਾਸ ਕਰਕੇ ਪੰਜਾਬ ਦੇ ਨਾਲ ਲੱਗਦੇ ਕਾਂਗੜਾ ਅਤੇ ਊਨਾ ਜ਼ਿਲ੍ਹਿਆਂ ਵਿੱਚ ਆਮ ਆਦਮੀ ਪਾਰਟੀ ਆਪਣੇ ਲਈ ਸੰਭਾਵਨਾਵਾਂ ਦੇਖ ਰਹੀ ਹੈ।

ਫਿਲਹਾਲ 'ਆਪ' ਦਾ ਸਾਰਾ ਧਿਆਨ ਕਾਂਗਰਸ ਅਤੇ ਭਾਜਪਾ ਦੇ ਕੁਝ ਨਾਰਾਜ਼ ਨੇਤਾਵਾਂ ਨੂੰ ਆਪਣੇ ਨਾਲ ਜੋੜਨ 'ਤੇ ਹੈ। ਧਿਆਨ ਯੋਗ ਹੈ ਕਿ ਆਮ ਆਦਮੀ ਪਾਰਟੀ ਨੇ 6 ਅਪ੍ਰੈਲ ਨੂੰ ਮੰਡੀ ਜ਼ਿਲ੍ਹੇ ਵਿੱਚ ਤਿਰੰਗਾ ਯਾਤਰਾ ਕੱਢਣ ਦਾ ਫੈਸਲਾ ਕੀਤਾ ਹੈ। ਇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ।

ਇਸ ਦਿਨ ਭਾਜਪਾ ਆਪਣੇ ਸਥਾਪਨਾ ਦਿਵਸ ਮੌਕੇ ਕਈ ਪ੍ਰੋਗਰਾਮ ਵੀ ਕਰਨ ਜਾ ਰਹੀ ਹੈ। ਜਿਕਰਯੋਗ ਹੈ ਕਿ ਹਿਮਾਚਲ 'ਚ ਲੰਬੇ ਸਮੇਂ ਤੋਂ ਤੀਜੇ ਮੋਰਚੇ ਦੀ ਕਮੀ ਚੱਲ ਰਹੀ ਹੈ। ਇੱਥੇ 1998 'ਚ ਹਿਮਾਚਲ ਵਿਕਾਸ ਕਾਂਗਰਸ ਨਾਂ ਦੀ ਪਾਰਟੀ ਉਭਰੀ ਅਤੇ ਭਾਜਪਾ ਦੀ ਮਦਦ ਨਾਲ ਸਰਕਾਰ ਬਣਾਈ, ਪਰ ਇਹ ਜ਼ਿਆਦਾ ਦੇਰ ਨਹੀਂ ਚੱਲ ਸਕੀ। ਅਜਿਹੇ 'ਚ ਹੁਣ 'ਆਪ' ਇਸ ਦੀ ਕਮੀ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹੈ ।

Related Stories

No stories found.
logo
Punjab Today
www.punjabtoday.com