ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਗ੍ਰਿਫਤਾਰ ਕੀਤਾ ਹੈ। ਇਸਤੋਂ ਪਹਿਲਾ ਪੰਜਾਬ ਦੇ ਸਿਹਤ ਮੰਤਰੀ ਡਾ. ਸਿੰਗਲਾ ਨੂੰ ਉਸਦੇ ਓਐਸਡੀ ਪਰਦੀਪ ਕੁਮਾਰ ਦੇ ਨਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਸਨੂੰ ਬਰਖਾਸਤ ਕਰ ਦਿੱਤਾ ਸੀ ਕਿਉਂਕਿ ਉਹਨਾਂ ਉੱਤੇ ਆਪਣੇ ਵਿਭਾਗ ਦੁਆਰਾ ਟੈਂਡਰਾਂ ਅਤੇ ਖਰੀਦਦਾਰੀ ਵਿੱਚ 1% ਕਮਿਸ਼ਨ ਦੀ ਮੰਗ ਕਰਨ ਦੇ ਦੋਸ਼ ਸਨ।
ਦੂਜੇ ਪਾਸੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਅਤੇ ਦਿੱਲੀ ਦੋਂਵੇ ਥਾਂਵਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਦੋਂਵੇ ਥਾਂਵਾ ਦੇ ਸਿਹਤ ਮੰਤਰੀ ਅੰਦਰ ਹਨ। ਖਾਸ ਗੱਲ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਨਵਰੀ 'ਚ ਹੀ ਜੈਨ ਦੀ ਗ੍ਰਿਫਤਾਰੀ ਦੀ ਭਵਿੱਖਬਾਣੀ ਕੀਤੀ ਸੀ।
ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਜੈਨ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਉਹ ਗ੍ਰਿਫਤਾਰੀ ਲਈ ਤਿਆਰ ਰਹਿਣ। ਮੀਡੀਆ ਰਿਪੋਰਟਾਂ ਮੁਤਾਬਕ ਕੇਜਰੀਵਾਲ ਨੇ ਜਨਵਰੀ 'ਚ ਕਿਹਾ ਸੀ, 'ਸਾਨੂੰ ਆਪਣੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਪੰਜਾਬ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਈਡੀ ਸਤੇਂਦਰ ਜੈਨ ਨੂੰ ਗ੍ਰਿਫਤਾਰ ਕਰਨ ਜਾ ਰਹੀ ਹੈ। ਉਹਨਾਂ ਦਾ ਬਹੁਤ ਸੁਆਗਤ ਹੈ।
ਇਸ ਤੋਂ ਪਹਿਲਾਂ ਵੀ ਕੇਂਦਰ ਨੇ ਸਤੇਂਦਰ ਜੈਨ 'ਤੇ ਛਾਪੇਮਾਰੀ ਕੀਤੀ ਸੀ, ਪਰ ਕੁਝ ਹਾਸਲ ਨਹੀਂ ਹੋਇਆ ਸੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਗਏ ਸਨ। ਈਡੀ ਨੇ ਸੋਮਵਾਰ ਨੂੰ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜੈਨ ਦੇ ਪਰਿਵਾਰ ਦੀ 4.81 ਕਰੋੜ ਰੁਪਏ ਦੀ ਜਾਇਦਾਦ ਅਤੇ ਜੈਨ ਨਾਲ ਸਬੰਧਤ ਕੰਪਨੀਆਂ ਨੂੰ ਉਨ੍ਹਾਂ ਦੇ ਖਿਲਾਫ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਅਸਥਾਈ ਤੌਰ 'ਤੇ ਕੁਰਕ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੰਤਰੀ ਨੂੰ ਮਨੀ ਲਾਂਡਰਿੰਗ (ਰੋਕਥਾਮ) ਐਕਟ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ। ਜੈਨ (57) ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿੱਚ ਸਿਹਤ, ਉਦਯੋਗ, ਬਿਜਲੀ, ਗ੍ਰਹਿ, ਸ਼ਹਿਰੀ ਵਿਕਾਸ ਅਤੇ ਪਾਣੀ ਦੇ ਮੰਤਰੀ ਹਨ।
ਗ੍ਰਿਫਤਾਰੀ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜੈਨ ਨੂੰ ਅੱਠ ਸਾਲ ਪੁਰਾਣੇ 'ਫਰਜ਼ੀ' ਕੇਸ 'ਚ ਗ੍ਰਿਫਤਾਰ ਕੀਤਾ ਗਿਆ ਹੈ, ਕਿਉਂਕਿ ਉਹ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦਾ ਇੰਚਾਰਜ ਹੈ। ਬੀਜੇਪੀ ਨੂੰ ਚੋਣਾਂ ਹਾਰਨ ਦਾ ਡਰ ਹੈ।
ਹਿੰਦੀ ਵਿੱਚ ਕੀਤੇ ਇੱਕ ਟਵੀਟ ਵਿੱਚ ਸਿਸੋਦੀਆ ਨੇ ਕਿਹਾ, “ਸਤੇਂਦਰ ਜੈਨ ਖ਼ਿਲਾਫ਼ ਅੱਠ ਸਾਲਾਂ ਤੋਂ ਫਰਜ਼ੀ ਕੇਸ ਚੱਲ ਰਿਹਾ ਹੈ। ਹੁਣ ਤੱਕ ਈਡੀ ਨੇ ਉਨ੍ਹਾਂ ਨੂੰ ਕਈ ਵਾਰ ਸੰਮਨ ਭੇਜਿਆ ਹੈ। ਇਸ ਵਿਚਾਲੇ ਈਡੀ ਨੇ ਕਈ ਸਾਲਾਂ ਤੱਕ ਉਸ ਨੂੰ ਫੋਨ ਕਰਨਾ ਵੀ ਬੰਦ ਕਰ ਦਿੱਤਾ ਕਿਉਂਕਿ ਉਸ ਨੂੰ ਕੁਝ ਨਹੀਂ ਮਿਲਿਆ। ਹੁਣ ਦੁਬਾਰਾ ਸ਼ੁਰੂ ਕੀਤਾ ਹੈ, ਕਿਉਂਕਿ ਸਤੇਂਦਰ ਜੈਨ ਹਿਮਾਚਲ ਦੇ ਚੋਣ ਇੰਚਾਰਜ ਹਨ।