ਦਿੱਲੀ ਦੇ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਲਿਵ-ਇਨ ਪਾਰਟਨਰ ਦਾ ਗਲਾ ਘੋਟ ਕੇ, ਉਸਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਮਹਿਰੌਲੀ ਥਾਣੇ ਦੀ ਪੁਲਿਸ ਨੇ ਕਰੀਬ ਛੇ ਮਹੀਨੇ ਪਹਿਲਾਂ ਹੋਏ ਕਤਲ ਕਾਂਡ ਨੂੰ ਸੁਲਝਾ ਲਿਆ ਹੈ।
ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਨਾਂ ਆਫਤਾਬ ਹੈ। ਜਾਣਕਾਰੀ ਮੁਤਾਬਕ ਆਫਤਾਬ ਅਤੇ ਸ਼ਰਧਾ ਨਾਂ ਦੀ ਲੜਕੀ ਦੀ ਦੋਸਤੀ ਮੁੰਬਈ ਦੇ ਇਕ ਕਾਲ ਸੈਂਟਰ 'ਚ ਕੰਮ ਕਰਦੇ ਸਮੇਂ ਹੋਈ ਸੀ। ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਪਰਿਵਾਰ ਦੇ ਵਿਰੋਧ 'ਤੇ ਦੋਵੇਂ ਦਿੱਲੀ ਭੱਜ ਗਏ। ਸ਼ਰਧਾ ਦੇ ਪਰਿਵਾਰਕ ਮੈਂਬਰ ਸੋਸ਼ਲ ਮੀਡੀਆ ਰਾਹੀਂ ਉਸ ਦੀ ਜਾਣਕਾਰੀ ਲੈਂਦੇ ਸਨ। ਪਰ ਜਦੋਂ ਸੋਸ਼ਲ ਮੀਡੀਆ 'ਤੇ ਅਪਡੇਟ ਆਉਣਾ ਬੰਦ ਹੋ ਗਿਆ ਤਾਂ ਲੜਕੀ ਦੇ ਪਿਤਾ ਦਿੱਲੀ ਪਹੁੰਚ ਗਏ। ਬੇਟੀ ਨਾ ਮਿਲਣ 'ਤੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ ।
ਸ਼ਰਧਾ ਦੇ ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਬੇਟੀ ਮੁੰਬਈ ਦੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ। ਇੱਥੇ ਉਸ ਦੀ ਮੁਲਾਕਾਤ ਆਫਤਾਬ ਨਾਂ ਦੇ ਵਿਅਕਤੀ ਨਾਲ ਹੋਈ ਅਤੇ ਉਨ੍ਹਾਂ ਦੀ ਦੋਸਤੀ ਕਾਫੀ ਨਜ਼ਦੀਕੀ ਬਣ ਗਈ। ਦੋਵੇਂ ਇਕ-ਦੂਜੇ ਨੂੰ ਪਸੰਦ ਕਰਨ ਲੱਗੇ ਪਰ ਪਰਿਵਾਰ ਵਾਲੇ ਇਸ ਗੱਲ ਤੋਂ ਖੁਸ਼ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਇਸ ਵਿਰੋਧ ਕਾਰਨ ਉਸ ਦੀ ਬੇਟੀ ਅਤੇ ਆਫਤਾਬ ਮੁੰਬਈ ਛੱਡ ਕੇ ਦਿੱਲੀ ਆ ਗਏ ਅਤੇ ਇੱਥੇ ਛਤਰਪੁਰ ਇਲਾਕੇ 'ਚ ਰਹਿਣ ਲੱਗੇ। ਤਕਨੀਕੀ ਨਿਗਰਾਨੀ ਦੀ ਮਦਦ ਨਾਲ ਦਿੱਲੀ ਪੁਲਿਸ ਨੇ ਆਫਤਾਬ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਆਫਤਾਬ ਨੂੰ ਫੜਿਆ ਗਿਆ।
ਪੁਲਿਸ ਪੁੱਛਗਿੱਛ 'ਚ ਦੋਸ਼ੀ ਨੇ ਦੱਸਿਆ ਕਿ ਸ਼ਰਧਾ ਉਸ 'ਤੇ ਵਿਆਹ ਲਈ ਲਗਾਤਾਰ ਦਬਾਅ ਬਣਾ ਰਹੀ ਸੀ, ਜਿਸ ਕਾਰਨ ਉਨ੍ਹਾਂ 'ਚ ਅਕਸਰ ਝਗੜੇ ਹੋਣ ਲੱਗੇ। ਉਸ ਨੇ ਮਈ ਵਿਚ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਵੱਖ-ਵੱਖ ਥਾਵਾਂ 'ਤੇ ਜੰਗਲ ਵਿਚ ਸੁੱਟ ਦਿੱਤਾ। ਪੁਲਿਸ ਸੂਤਰਾਂ ਮੁਤਾਬਕ ਆਫਤਾਬ ਨੇ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਘਰ 'ਚ ਰੱਖ ਕੇ ਆਰੇ ਨਾਲ ਉਸ ਦੇ 35 ਟੁਕੜੇ ਕਰ ਦਿੱਤੇ। ਇਸ ਦੇ ਲਈ ਆਫਤਾਬ ਨੇ ਨਵਾਂ ਵੱਡਾ ਫਰਿੱਜ ਖਰੀਦਿਆ। 18 ਦਿਨਾਂ ਤੱਕ ਉਹ ਰਾਤ ਦੇ ਦੋ ਵਜੇ ਇਕ-ਇਕ ਕਰਕੇ ਲਾਸ਼ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਥੈਲੇ ਵਿਚ ਪਾ ਕੇ ਸੁੱਟ ਦਿੰਦਾ ਸੀ। ਇਸ ਦੇ ਨਾਲ ਹੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵੀ ਇਸ ਮਾਮਲੇ ਦੀ ਆਲੋਚਨਾ ਕੀਤੀ ਹੈ।