ਉਤਰਾਖੰਡ ਹਾਰ ਤੋਂ ਬਾਅਦ ਕਾਂਗਰਸ ਦਾ ਹਿਮਾਚਲ ਤੇ ਫੋਕਸ,'ਆਪ' ਨੇ ਵਧਾਈ ਚਿੰਤਾ

ਹਿਮਾਚਲ ਪ੍ਰਦੇਸ਼ 'ਚ ਇਸ ਸਾਲ ਵਿਧਾਨਸਭਾ ਚੋਣਾਂ ਹੋਣੀਆਂ ਹਨ। ਜੈ ਰਾਮ ਠਾਕੁਰ ਦਾ ਕਾਰਜਕਾਲ ਨਵੰਬਰ 'ਚ ਖਤਮ ਹੋ ਰਿਹਾ ਹੈ।
ਉਤਰਾਖੰਡ ਹਾਰ ਤੋਂ ਬਾਅਦ ਕਾਂਗਰਸ ਦਾ ਹਿਮਾਚਲ ਤੇ ਫੋਕਸ,'ਆਪ' ਨੇ ਵਧਾਈ ਚਿੰਤਾ

ਆਮ ਆਦਮੀ ਪਾਰਟੀ ਨੇ ਹੁਣ ਹਿਮਾਚਲ ਦਾ ਰੁੱਖ ਕਰ ਲਿਆ ਹੈ। ਉਤਰਾਖੰਡ ਹਾਰ ਤੋਂ ਬਾਅਦ ਕਾਂਗਰਸ ਹਿਮਾਚਲ 'ਚ ਫੋਕਸ ਕਰਨ ਵਿਚ ਲੱਗ ਪਈ ਹੈ। ਹਿਮਾਚਲ ਪ੍ਰਦੇਸ਼ ਦੀਆਂ 68 ਸੀਟਾਂ ਲਈ ਇਸ ਸਾਲ ਚੋਣਾਂ ਹੋਣੀਆਂ ਹਨ। ਜੈ ਰਾਮ ਠਾਕੁਰ ਦਾ ਕਾਰਜਕਾਲ ਨਵੰਬਰ 'ਚ ਖਤਮ ਹੋ ਰਿਹਾ ਹੈ। ਇਸ ਦੇ ਨਾਲ ਹੀ ਹਾਲ ਹੀ 'ਚ ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਅਜਿਹੇ 'ਚ ਕਾਂਗਰਸ ਹਾਈਕਮਾਂਡ ਨੇ ਹਿਮਾਚਲ 'ਚ ਆਪਣੀ ਭਰੋਸੇਯੋਗਤਾ ਬਚਾਉਣ ਲਈ ਮੀਟਿੰਗ ਬੁਲਾਈ ਹੈ।

ਹਿਮਾਚਲ ਵਿੱਚ ਹੋਣ ਵਾਲੀ ਚੋਣਾਂ ਲਈ ਮੀਟਿੰਗ ਵਿੱਚ ਕਾਂਗਰਸ ਦੇ ਸਾਰੇ ਵੱਡੇ ਆਗੂ ਹਿੱਸਾ ਲੈਣਗੇ। ਮੀਟਿੰਗ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਕੁਲਦੀਪ ਰਾਠੌਰ, ਵਿਰੋਧੀ ਧਿਰ ਦੇ ਆਗੂ ਮੁਕੇਸ਼ ਅਗਨੀਹੋਤਰੀ, ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ, ਕੌਮੀ ਸਕੱਤਰ ਸੁਧੀਰ ਸ਼ਰਮਾ, ਅਨਿਰੁਧ ਸਿੰਘ, ਰਾਜੇਸ਼ ਧਰਮਾਨੀ, ਰਾਮਲਾਲ ਠਾਕੁਰ ਅਤੇ ਕੁਝ ਵਿਧਾਇਕ ਤੇ ਸੀਨੀਅਰ ਆਗੂ ਹਾਜ਼ਰ ਹੋਣਗੇ।

ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਦੇ ਨਵੇਂ ਪ੍ਰਧਾਨ, ਵਿਰੋਧੀ ਧਿਰ ਦੇ ਨਵੇਂ ਨੇਤਾ ਅਤੇ ਕਾਂਗਰਸ ਚੋਣ ਇੰਚਾਰਜ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਦਿੱਲੀ 'ਚ ਚਰਚਾ ਕੀਤੀ ਗਈ ਹੈ । ਮੌਜੂਦਾ ਸੂਬਾ ਪ੍ਰਧਾਨ ਕੁਲਦੀਪ ਸਿੰਘ ਰਾਠੌਰ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਜ਼ਿਮਨੀ ਚੋਣ 'ਚ 4-0 ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਤੱਕ ਕੁਲਦੀਪ ਦੀ ਥਾਂ ਨਹੀਂ ਲਈ ਜਾ ਸਕਦੀ, ਪਰ ਕਾਂਗਰਸ ਦਾ ਇਕ ਧੜਾ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸ ਤੇ ਅੰਤਿਮ ਫੈਸਲਾ ਸੋਨੀਆ ਗਾਂਧੀ ਹੀ ਲੈਣਗੇ। ਪੰਜਾਬ ਦੀ ਜਿੱਤ ਤੋਂ ਬਾਅਦ ਹਿਮਾਚਲ ਵਿੱਚ ਆਮ ਆਦਮੀ ਪਾਰਟੀ ਦੀਆਂ ਵਧਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਕਾਂਗਰਸ ਲਈ ਟੁੱਟ ਰਹੀ ਪਾਰਟੀ ਨੂੰ ਬਚਾਉਣਾ ਵੱਡੀ ਚੁਣੌਤੀ ਹੈ। ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਸਾਬਕਾ ਯੂਥ ਕਾਂਗਰਸ ਪ੍ਰਧਾਨ ਮਨੀਸ਼ ਠਾਕੁਰ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ।

'ਆਪ' ਨਾਲ ਕੁਝ ਹੋਰ ਵਰਕਰ ਵੀ ਸ਼ਾਮਲ ਹੋਏ ਹਨ। ਸੂਤਰਾਂ ਮੁਤਾਬਕ ਸੂਬਾ ਕਾਂਗਰਸ ਦੇ ਕਈ ਆਗੂ ਪਾਰਟੀ ਇੰਚਾਰਜ ਰਾਜੀਵ ਸ਼ੁਕਲਾ ਅਤੇ ਮੌਜੂਦਾ ਪ੍ਰਧਾਨ ਕੁਲਦੀਪ ਰਾਠੌਰ ਤੋਂ ਨਾਖੁਸ਼ ਹਨ। 2017 ਦੀਆਂ ਚੋਣਾਂ ਦੌਰਾਨ ਵੀ ਕਾਂਗਰਸ ਦੀ ਹਾਲਤ ਚੰਗੀ ਨਹੀਂ ਸੀ। ਉਦੋਂ ਕਾਂਗਰਸ ਨੇ 21 ਸੀਟਾਂ ਜਿੱਤੀਆਂ ਸਨ। ਜਦਕਿ ਭਾਜਪਾ ਨੇ 44 ਸੀਟਾਂ ਤੇ ਜਿੱਤ ਹਾਸਲ ਕਰਕੇ ਸਰਕਾਰ ਬਣਾਈ ਹੈ।

3 ਸੀਟਾਂ ਦੂਜੀਆਂ ਪਾਰਟੀਆਂ ਦੇ ਖਾਤੇ ਵਿੱਚ ਗਈਆਂ ਹਨ । ਭਾਵੇਂ ਹਿਮਾਚਲ ਪ੍ਰਦੇਸ਼ ਵਿੱਚ ਹਰ ਪੰਜ ਸਾਲ ਬਾਅਦ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਪਰੰਪਰਾ ਹੈ, ਪਰ ਅਗਲੀਆਂ ਚੋਣਾਂ ਵੀ ਕਾਂਗਰਸ ਦੀ ਜਿੱਤ ਲਈ ਅਹਿਮ ਬਣ ਜਾਂਦੀਆਂ ਹਨ, ਪਰ ਇਸ ਵਾਰ ਕਾਂਗਰਸ ਅਤੇ ਬੀਜੇਪੀ ਨੂੰ ਹਿਮਾਚਲ ਵਿਧਾਨਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਵੀ ਕਰਨਾ ਪੈ ਸਕਦਾ ਹੈ, ਕਿਉਕਿ 'ਆਪ' ਦੇ ਪੰਜਾਬ ਵਿਧਾਨਸਭਾ ਚੋਣਾਂ ਜਿੱਤਣ ਤੋਂ ਬਾਅਦ ਹੋਂਸਲੇ ਬੁਲੰਦ ਹਨ ।

Related Stories

No stories found.
logo
Punjab Today
www.punjabtoday.com