
'ਅਨੁਪਮਾ' ਸ਼ੋਅ ਘਰ-ਘਰ 'ਚ ਮਸ਼ਹੂਰ ਹੈ। ਦਰਸ਼ਕ ਵੀ ਸ਼ੋਅ ਦੇ ਸਾਰੇ ਐਪੀਸੋਡ ਨੂੰ ਦੇਖਣਾ ਪਸੰਦ ਕਰਦੇ ਹਨ। ਹੁਣ ਇਸ ਸ਼ੋਅ 'ਚ ਰੂਪਾਲੀ ਗਾਂਗੁਲੀ ਦੀ ਦੋਸਤ ਦੇਵਿਕਾ ਦੇ ਪਤੀ ਦਾ ਕਿਰਦਾਰ ਨਿਭਾਉਣ ਵਾਲੇ ਨਿਤੀਸ਼ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਇਹ ਸੁਣ ਕੇ ਪੂਰੀ ਟੀਵੀ ਇੰਡਸਟਰੀ 'ਚ ਸੋਗ ਦੀ ਲਹਿਰ ਫੈਲ ਗਈ ਹੈ। ਕੋਈ ਵੀ ਇਸ ਖ਼ਬਰ 'ਤੇ ਵਿਸ਼ਵਾਸ ਨਹੀਂ ਕਰ ਰਿਹਾ ਹੈ।
ਬੀਤੀ ਰਾਤ ਅਨੁਪਮਾ ਫੇਮ ਨਿਤੀਸ਼ ਪਾਂਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਭਿਨੇਤਾ ਦੀ ਉਮਰ ਸਿਰਫ 51 ਸਾਲ ਸੀ, ਪਰ ਇਸ ਉਮਰ 'ਚ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਿਹਾ। ਨਿਤੀਸ਼ ਪਾਂਡੇ ਲੰਬੇ ਸਮੇਂ ਤੋਂ ਟੀਵੀ ਇੰਡਸਟਰੀ ਦਾ ਹਿੱਸਾ ਸਨ ਅਤੇ ਨਿਯਮਿਤ ਤੌਰ 'ਤੇ ਅਨੁਪਮਾ ਦੇ ਸ਼ੋਅ ਵਿੱਚ ਨਜ਼ਰ ਆਉਂਦੇ ਸਨ। ਹੁਣ ਇਸ ਖਬਰ ਕਾਰਨ ਪਰਿਵਾਰ ਵਾਲੇ ਹੀ, ਨਹੀਂ ਬਲਕਿ ਪ੍ਰਸ਼ੰਸਕ ਵੀ ਸੋਗ ਵਿੱਚ ਡੁੱਬੇ ਹੋਏ ਹਨ। ਇਹ ਖਬਰ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਲੇਖਕ ਸਿਧਾਰਥ ਨਾਗਰ ਨੇ ਨਿਤੀਸ਼ ਪਾਂਡੇ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਲੇਖਕ ਨੇ ਫੇਸਬੁੱਕ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬਾਅਦ ਵਿੱਚ ਸਿਧਾਰਥ ਨੇ ਇੱਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਲੇਖਕ ਨੇ ਦੱਸਿਆ ਕਿ ਨਿਤੀਸ਼ ਸ਼ੂਟਿੰਗ ਲਈ ਇਗਤਪੁਰ ਗਏ ਹੋਏ ਸਨ। ਉੱਥੇ ਰਾਤ ਕਰੀਬ ਡੇਢ ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਹ ਸਾਡੇ ਨਾਲ ਨਹੀਂ ਹਨ।
ਅਭਿਨੇਤਾ ਨਿਤੀਸ਼ ਪਾਂਡੇ ਨੇ ਬਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਸਨ। 17 ਜਨਵਰੀ 1973 ਨੂੰ ਜਨਮੇ ਨਿਤੀਸ਼ ਪਾਂਡੇ ਨੇ ਟੀਵੀ ਦੀ ਦੁਨੀਆ ਵਿੱਚ ਚੰਗਾ ਨਾਮ ਕਮਾਇਆ ਸੀ। ਇੰਨਾ ਹੀ ਨਹੀਂ, ਅਦਾਕਾਰ ਨੇ ਬਾਲੀਵੁੱਡ ਦੇ ਕਿੰਗ ਖਾਨ ਨਾਲ ਫਿਲਮ 'ਓਮ ਸ਼ਾਂਤੀ ਓਮ' 'ਚ ਵੀ ਕੰਮ ਕੀਤਾ ਸੀ। ਅਨੁਪਮਾ ਸ਼ੋਅ ਵਿੱਚ ਨਿਤੀਸ਼ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਵੀ ਸਰਾਹਿਆ ਸੀ। ਨਿਤੇਸ਼ ਨੂੰ 'ਓਮ ਸ਼ਾਂਤੀ ਓਮ' 'ਚ ਸ਼ਾਹਰੁਖ ਦੇ ਸਹਾਇਕ ਦੀ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ। ਨਿਤੇਸ਼ ਨੇ ਕਈ ਫਿਲਮਾਂ 'ਦਬੰਗ 2', 'ਖੋਸਲਾ ਕਾ ਘੋਸਲਾ' ਅਤੇ ਟੀਵੀ ਸੀਰੀਅਲਾਂ 'ਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਉਹ ਇਸ ਸਮੇਂ 'ਇੰਡੀਆਵਾਲੀ ਮਾਂ', 'ਅਨੁਪਮਾ' 'ਚ ਕੰਮ ਕਰ ਰਿਹਾ ਸੀ।