ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੇ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ਵਿੱਚ ਇੱਕ 17 ਸਾਲਾ ਲੜਕੇ ਨੂੰ ਅਗਵਾ ਕਰ ਲਿਆ। ਸੂਬੇ ਦੇ ਸੰਸਦ ਮੈਂਬਰ ਤਾਪੀਰ ਗਾਓ ਨੇ ਇਹ ਜਾਣਕਾਰੀ ਦਿੱਤੀ। ਅਗਵਾ ਹੋਏ ਲੜਕੇ ਦਾ ਨਾਂ ਮੀਰਾਮ ਤਰੋਨ ਹੈ।ਸਾਂਸਦ ਗਾਓ ਨੇ ਮੀਡਿਆ ਨੂੰ ਫ਼ੋਨ ਤੇ ਦੱਸਿਆ ਕਿ ਮੀਰਾਮ ਦਾ ਦੋਸਤ ਜੌਨੀ ਯਿੰਗ ਚੀਨੀ ਫ਼ੌਜਾਂ ਤੋਂ ਭੱਜਣ 'ਚ ਕਾਮਯਾਬ ਹੋ ਗਿਆ ਸੀ।
ਫਰਾਰ ਹੋਣ ਤੋਂ ਬਾਅਦ ਯਿੰਗ ਨੇ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸਾਂਸਦ ਗਾਓ ਨੇ ਇਸ ਮਾਮਲੇ ਦੀ ਜਾਣਕਾਰੀ ਗ੍ਰਹਿ ਰਾਜ ਮੰਤਰੀ ਐਨ ਪ੍ਰਮਾਨਿਕ ਨੂੰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਮੀਰਾਮ ਦੀ ਰਿਹਾਈ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਸਾਂਸਦ ਨੇ ਦੱਸਿਆ ਕਿ ਜਿਸ ਥਾਂ ਤੋਂ ਸਾਂਗਪੋ ਨਦੀ ਭਾਰਤ ਵਿੱਚ ਦਾਖ਼ਲ ਹੁੰਦੀ ਹੈ, ਉੱਥੇ ਇਹ ਘਟਨਾ ਵਾਪਰੀ। ਸਾਂਗਪੋ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਸਿਆਂਗ ਅਤੇ ਅਸਾਮ ਵਿੱਚ ਬ੍ਰਹਮਪੁੱਤਰ ਕਿਹਾ ਜਾਂਦਾ ਹੈ। ਸਾਂਸਦ ਨੇ ਦੱਸਿਆ ਕਿ ਇਹ ਲੁੰਗਟਾ ਜੋਰ ਇਲਾਕੇ ਵਿੱਚ ਆਉਂਦਾ ਹੈ। 2018 ਵਿੱਚ ਚੀਨ ਨੇ ਇਸ ਖੇਤਰ ਵਿੱਚ 3-4 ਕਿਲੋਮੀਟਰ ਤੱਕ ਸੜਕ ਬਣਾਈ ਸੀ।
ਇਹ ਇਲਾਕਾ ਸੀਂਗਲਾ ਅਧੀਨ ਆਉਂਦਾ ਹੈ।ਦੋਵੇਂ ਲੜਕੇ ਜੀਦੋ ਪਿੰਡ ਦੇ ਰਹਿਣ ਵਾਲੇ ਹਨ। ਐਮਪੀ ਗਾਓ ਨੇ ਟਵਿੱਟਰ 'ਤੇ ਸਾਂਝੀ ਕੀਤੀ ਜਾਣਕਾਰੀ ਵਿੱਚ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਰਤੀ ਫੌਜ ਨੂੰ ਵੀ ਟੈਗ ਕੀਤਾ ਹੈ।ਸਤੰਬਰ 2020 ਵਿੱਚ ਵੀ, ਪੀਐਲਏ ਨੇ ਅਰੁਣਾਚਲ ਪ੍ਰਦੇਸ਼ ਦੇ ਸੁਬਾਨਸਿਰੀ ਜ਼ਿਲ੍ਹੇ ਤੋਂ ਪੰਜ ਨੌਜਵਾਨਾਂ ਨੂੰ ਅਗਵਾ ਕੀਤਾ ਸੀ ਅਤੇ ਲਗਭਗ ਇੱਕ ਹਫ਼ਤੇ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ।
ਭਾਰਤ ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਤੱਕ ਚੀਨ ਨਾਲ 3,400 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ (LAC) ਸਾਂਝਾ ਕਰਦਾ ਹੈ। ਇਹ ਸਰਹੱਦ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚੋਂ ਲੰਘਦੀ ਹੈ। ਇਹ ਤਿੰਨ ਸੈਕਟਰਾਂ ਵਿੱਚ ਵੰਡਿਆ ਹੋਇਆ ਹੈ - ਪੱਛਮੀ ਸੈਕਟਰ ਜੰਮੂ ਅਤੇ ਕਸ਼ਮੀਰ, ਮੱਧ ਸੈਕਟਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਅਤੇ ਪੂਰਬੀ ਸੈਕਟਰ ਅਰਥਾਤ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼।