
ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕੁਮਾਰ ਵਿਸ਼ਵਾਸ ਦੇ ਇਸ ਦਾਅਵੇ ਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਸਿਆਸੀ ਵਿਰੋਧੀਆਂ ਦੁਆਰਾ ਅੱਤਵਾਦੀ ਕਹੇ ਜਾਣ ਵਾਲਾ ਵਿਅਕਤੀ 12,000 ਤੋਂ ਵੱਧ ਸਮਾਰਟ ਕਲਾਸਰੂਮ ਦੇਸ਼ ਨੂੰ ਸਮਰਪਿਤ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੰਬੇਡਕਰ ਅਤੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਲਗਾਤਾਰ ਯਤਨਸ਼ੀਲ ਰਹਿਣਗੇ।ਦਿੱਲੀ ਵਿੱਚ 12,430 ਅਤਿ-ਆਧੁਨਿਕ ਕਲਾਸਰੂਮਾਂ ਦੀ ਸ਼ੁਰੂਆਤ ਮੌਕੇ ਬੋਲਦਿਆਂ, ਕੇਜਰੀਵਾਲ ਨੇ ਆਪਣੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ, ਜੋ ਉਸ ਨੂੰ ਪੰਜਾਬ ਵਿੱਚ ਵੱਖਵਾਦੀ ਤੱਤਾਂ ਨਾਲ ਕਥਿਤ ਸਬੰਧਾਂ ਲਈ ਨਿਸ਼ਾਨਾ ਬਣਾ ਰਹੇ ਹਨ।
ਹਾਲ ਹੀ 'ਚ 'ਆਪ' ਨੇਤਾ ਕੁਮਾਰ ਵਿਸ਼ਵਾਸ ਨੇ ਦਾਅਵਾ ਕੀਤਾ ਸੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਜਾਂ ਖਾਲਿਸਤਾਨ (ਆਜ਼ਾਦ ਦੇਸ਼) ਦੇ ਪਹਿਲੇ ਪ੍ਰਧਾਨ ਮੰਤਰੀ ਦਾ ਸੁਪਨਾ ਦੇਖ ਰਹੇ ਹਨ।ਇਸ ਦੇ ਜਵਾਬ ਵਿੱਚ ਅਰਵਿੰਦ ਕੇਜਰੀਵਾਲ ਨੇ ਬਾਬਾ ਸਾਹਿਬ ਅੰਬੇਡਕਰ ਅਤੇ ਭਗਤ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਇਹ 12,430 ਜਮਾਤਾਂ ਦੇਸ਼ ਨੂੰ ਸਮਰਪਿਤ ਕੀਤੀਆਂ ਹਨ।
ਜਿਸ ਵਿਅਕਤੀ ਨੂੰ ਉਹ ਅੱਤਵਾਦੀ ਕਹਿ ਰਹੇ ਹਨ, ਉਸ ਨੇ ਸਕੂਲ ਬਣਾਏ ਹਨ ਜਿੱਥੇ ਗਰੀਬ ਅਤੇ ਅਮੀਰ ਲੋਕਾਂ ਦੇ ਬੱਚੇ ਇਕੱਠੇ ਪੜ੍ਹਦੇ ਹਨ। ਜਿਸ ਵਿਅਕਤੀ 'ਤੇ ਉਹ ਅੱਤਵਾਦ ਦਾ ਦੋਸ਼ ਲਗਾ ਰਹੇ ਹਨ, ਉਹ ਸੁਪਨੇ ਪੂਰੇ ਕਰ ਰਿਹਾ ਹੈ। ਹੁਣ ਅਫ਼ਸਰਾਂ, ਜੱਜਾਂ, ਰਿਕਸ਼ਾ ਚਾਲਕਾਂ ਅਤੇ ਮਜ਼ਦੂਰਾਂ ਦੇ ਬੱਚੇ ਇੱਕੋ ਡੈਸਕ ਤੇ ਬੈਠ ਕੇ ਇਕੱਠੇ ਪੜ੍ਹਣਗੇ।
ਇਹ ਦੱਸਦੇ ਹੋਏ ਕਿ ਦੇਸ਼ ਦੇ ਲੋਕ "ਇਨ੍ਹਾਂ ਭ੍ਰਿਸ਼ਟ ਲੋਕਾਂ" ਅੱਗੇ ਨਹੀਂ ਝੁਕਣਗੇ, 'ਆਪ' ਆਗੂ ਨੇ ਕਿਹਾ ਕਿ ਉਹ ਅੰਬੇਡਕਰ ਅਤੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੇ ਯਤਨ ਜਾਰੀ ਰੱਖਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੀ ਭਲਾਈ ਲਈ ਰਾਜਨੀਤਿਕ ਵਿਚਾਰਧਾਰਾਵਾਂ ਤੇ ਵਿਚਾਰ ਕੀਤੇ ਬਿਨਾਂ ਉਨ੍ਹਾਂ ਦੀ ਸਿੱਖਿਆ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਦੂਜੇ ਰਾਜਾਂ ਦੀ ਮਦਦ ਕਰਨ ਲਈ ਤਿਆਰ ਹੈ।
ਕੇਜਰੀਵਾਲ ਨੇ ਕਿਹਾ, "ਮੈਂ ਅੱਜ ਇੱਕ ਪੇਸ਼ਕਸ਼ ਕਰ ਰਿਹਾ ਹਾਂ। ਜੇਕਰ ਕੋਈ ਵੀ ਰਾਜ ਸਰਕਾਰ, ਭਾਵੇਂ ਭਾਜਪਾ ਜਾਂ ਕਾਂਗਰਸ ਦੀ ਅਗਵਾਈ ਵਾਲੀ ਹੋਵੇ, ਆਪਣੇ ਸਿੱਖਿਆ ਢਾਂਚੇ ਵਿੱਚ ਸੁਧਾਰ ਕਰਨਾ ਚਾਹੁੰਦੀ ਹੈ, ਤਾਂ ਅਸੀਂ ਉਸ ਲਈ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀਆਂ ਸੇਵਾਵਾਂ ਦੇਣ ਲਈ ਤਿਆਰ ਹਾਂ।"