
ਕੇਜਰੀਵਾਲ ਨੇ ਇਕ ਵਾਰ ਫੇਰ ਦਿੱਲੀ ਦੇ ਐੱਲ.ਜੀ 'ਤੇ ਤੰਜ਼ ਕੱਸਿਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕੇਂਦਰ ਅਤੇ ਉਪ ਰਾਜਪਾਲ ਵੀਕੇ ਸਕਸੈਨਾ 'ਤੇ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਕਿਹਾ ਕਿ ਸਮਾਂ ਸਭ ਤੋਂ ਸ਼ਕਤੀਸ਼ਾਲੀ ਹੈ, ਦੁਨੀਆ 'ਚ ਕੁਝ ਵੀ ਹਮੇਸ਼ਾ ਲਈ ਨਹੀਂ ਹੈ। ਉਨ੍ਹਾਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਐੱਲ.ਜੀ. ਸਾਡੇ ਸਿਰ 'ਤੇ ਆ ਕੇ ਬੈਠ ਗਏ ਹਨ।
ਕੇਜਰੀਵਾਲ ਨੇ ਕਿਹਾ, ਐਲਜੀ ਨੇ ਸਾਡੀ ਫਾਈਲ ਰੋਕੀ ਹੋਈ ਹੈ, ਉਸ ਕੋਲ ਕੋਈ ਸ਼ਕਤੀ ਨਹੀਂ ਹੈ, ਉਸ ਕੋਲ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਲੈਫਟੀਨੈਂਟ ਗਵਰਨਰ ਦਾ ਕੋਈ ਤਰਕ ਸਮਝ ਨਹੀਂ ਆਉਂਦਾ। ਉਹ 'ਬੇਗਾਨੀ ਸ਼ਾਦੀ 'ਚ ਅਬਦੁੱਲਾ ਦੀਵਾਨਾ' ਵਾਂਗ ਗੱਲ ਕਰਦਾ ਹੈ।
ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ 'ਤੇ ਚੁਣੀ ਹੋਈ ਸਰਕਾਰ ਦੇ ਕੰਮਕਾਜ 'ਚ ਦਖਲ ਦੇਣ ਦਾ ਦੋਸ਼ ਲਗਾਉਂਦੇ ਹੋਏ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਸਕਸੈਨਾ 'ਸਾਡਾ ਹੈੱਡਮਾਸਟਰ ਨਹੀਂ ਹੈ ਜੋ ਸਾਡੇ ਹੋਮਵਰਕ ਦੀ ਜਾਂਚ ਕਰੇਗਾ ਅਤੇ ਉਸ ਨੇ ਸਾਡੇ ਪ੍ਰਸਤਾਵਾਂ 'ਤੇ ਸਿਰਫ ਹਾਂ ਜਾਂ ਨਾਂਹ ਕਰਨੀ ਹੈ। 'ਆਪ' ਵਿਧਾਇਕਾਂ ਨੇ ਉਪ ਰਾਜਪਾਲ ਦੇ ਦਫ਼ਤਰ ਤੱਕ ਰੋਸ ਮਾਰਚ ਵੀ ਕੱਢਿਆ।
ਦੂਜੇ ਪਾਸੇ ਭਾਜਪਾ ਦੇ ਵਿਧਾਇਕ ਕਾਲੇ ਕੱਪੜੇ ਅਤੇ ਪੱਗਾਂ ਬੰਨ੍ਹ ਕੇ ਅੱਜ ਦਿੱਲੀ ਵਿਧਾਨ ਸਭਾ ਪੁੱਜੇ ਤੇ 'ਆਪ' ਸਰਕਾਰ 'ਤੇ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਦੇ ਦੋਸ਼ ਲਗਾਉਂਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ। ਭਾਜਪਾ ਮੈਂਬਰ ਅਜੈ ਮਹਾਵਰ ਨੇ ਬੱਸਾਂ ਦੀ ਖਰੀਦ, ਆਬਕਾਰੀ ਨੀਤੀ ਅਤੇ ਦਿੱਲੀ ਜਲ ਬੋਰਡ ਦੇ ਕੰਮਕਾਜ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ "ਬੇਈਮਾਨ" ਸਰਕਾਰ ਮਨੀਸ਼ ਸਿਸੋਦੀਆ ਦਾ ਬਚਾਅ ਕਰ ਰਹੀ ਹੈ, ਜੋ ਭ੍ਰਿਸ਼ਟਾਚਾਰ ਦੇ ਕਈ ਵੱਡੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਜਦੋਂ ਕਿ ਉਨ੍ਹਾਂ ਦਾ ਇੱਕ ਮੰਤਰੀ, ਸਤੇਂਦਰ ਜੈਨ, ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਹੈ। ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੇ ਕਿਹਾ, "ਅਸੀਂ ਦਿੱਲੀ ਦੀ ਭ੍ਰਿਸ਼ਟ ਸਰਕਾਰ ਦੇ ਖਿਲਾਫ ਹਾਂ। ਕਲਾਸਾਂ ਦੀ ਉਸਾਰੀ, ਬੱਸਾਂ ਦੀ ਖਰੀਦ ਅਤੇ ਸ਼ਰਾਬ ਨੀਤੀ ਵਿੱਚ ਘਪਲੇ ਹੋਏ ਹਨ। ਕੁੱਲ ਮਿਲਾ ਕੇ ਇਹ ਸਰਕਾਰ ਸਿਰਫ ਭ੍ਰਿਸ਼ਟਾਚਾਰ ਕਰ ਰਹੀ ਹੈ। ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਅਸੀਂ ਇਸ ਭ੍ਰਿਸ਼ਟ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਲਈ ਕਾਲੇ ਕੱਪੜੇ ਪਹਿਨੇ ਹੋਏ ਹਾਂ।"