
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਭਾਰਤੀ ਕਰੰਸੀ ਦੇ ਉਲਟੇ ਪਾਸੇ ਸ਼੍ਰੀ ਲਕਸ਼ਮੀ-ਗਣੇਸ਼ ਦੀ ਤਸਵੀਰ ਛਾਪਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦੀਵਾਲੀ 'ਤੇ ਲਕਸ਼ਮੀ ਦੀ ਪੂਜਾ ਕਰਦੇ ਸਮੇਂ ਉਨ੍ਹਾਂ ਦੇ ਮਨ 'ਚ ਅਜਿਹੀਆਂ ਭਾਵਨਾਵਾਂ ਆਈਆਂ ਸਨ, ਜਿਸ ਨੂੰ ਉਹ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਦੇਸ਼ ਦੀ ਆਰਥਿਕਤਾ ਕਮਜ਼ੋਰ ਹੈ। ਅਸੀਂ ਅੱਜ ਵੀ ਵਿਕਾਸ ਕਰ ਰਹੇ ਹਾਂ, ਅਸੀਂ ਗਰੀਬ ਹਾਂ, ਸਾਡਾ ਦੇਸ਼ ਗਰੀਬ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਭਾਰਤ ਇੱਕ ਅਮੀਰ ਦੇਸ਼ ਬਣੇ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਰੇ ਭਾਰਤੀ ਅਮੀਰ ਪਰਿਵਾਰ ਬਣ ਜਾਣ। ਸਾਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ। ਸਾਨੂੰ ਸਕੂਲ, ਹਸਪਤਾਲ, ਵੱਡੀ ਗਿਣਤੀ ਵਿੱਚ ਬੁਨਿਆਦੀ ਢਾਂਚਾ ਤਿਆਰ ਕਰਨਾ ਹੋਵੇਗਾ। ਅਸੀਂ ਕੋਸ਼ਿਸ਼ ਵੀ ਕਰਦੇ ਹਾਂ, ਪਰ ਅਸੀਂ ਦੇਖਦੇ ਹਾਂ ਕਿ ਨਤੀਜੇ ਨਹੀਂ ਆ ਰਹੇ ਹਨ।
ਇਸ ਦੇ ਲਈ ਅਸੀਂ ਕਈ ਤਰੀਕਿਆਂ ਨਾਲ ਕੋਸ਼ਿਸ਼ ਕਰ ਰਹੇ ਹਾਂ, ਪਰ ਜੇਕਰ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਹੋਵੇ ਤਾਂ ਨਤੀਜੇ ਵਧੀਆਂ ਆਉਂਦੇ ਹਨ। ਕੇਜਰੀਵਾਲ ਨੇ ਅੱਗੇ ਕਿਹਾ ਕਿ ਅਸੀਂ ਸਾਰਿਆਂ ਨੇ ਦੀਵਾਲੀ 'ਤੇ ਅਰਦਾਸ ਕੀਤੀ। ਹਰ ਕਿਸੇ ਨੇ ਲਕਸ਼ਮੀ ਮਾਂ ਅਤੇ ਗਣੇਸ਼ ਦੀ ਪੂਜਾ ਜ਼ਰੂਰ ਕੀਤੀ ਹੋਵੇਗੀ। ਕਾਰੋਬਾਰੀ ਆਪਣੇ ਦਫਤਰਾਂ, ਕਮਰਿਆਂ ਵਿਚ ਸ਼੍ਰੀ ਲਕਸ਼ਮੀ-ਗਣੇਸ਼ ਦੀਆਂ ਮੂਰਤੀਆਂ ਰੱਖਦੇ ਹਨ।
ਇਸ ਲਈ ਮੈਂ ਕੇਂਦਰ ਸਰਕਾਰ ਨੂੰ ਭਾਰਤੀ ਕਰੰਸੀ 'ਤੇ ਲਕਸ਼ਮੀ ਗਣੇਸ਼ ਦੀ ਤਸਵੀਰ ਛਾਪਣ ਦੀ ਅਪੀਲ ਕਰਦਾ ਹਾਂ। ਕਰੰਸੀ 'ਤੇ ਗਾਂਧੀ ਜੀ ਦੀ ਤਸਵੀਰ ਉਹੀ ਰਹਿਣੀ ਚਾਹੀਦੀ ਹੈ, ਪਰ ਦੂਜੇ ਪਾਸੇ ਲਕਸ਼ਮੀ ਜੀ ਅਤੇ ਗਣੇਸ਼ ਜੀ ਦੀ ਤਸਵੀਰ ਹੋਣੀ ਚਾਹੀਦੀ ਹੈ, ਤਾਂ ਜੋ ਆਰਥਿਕਤਾ ਨੂੰ ਉਨ੍ਹਾਂ ਦਾ ਆਸ਼ੀਰਵਾਦ ਮਿਲੇ।
ਗਣੇਸ਼ ਜੀ ਨੂੰ ਰੁਕਾਵਟਾਂ ਦਾ ਨਾਸ਼ ਕਰਨ ਵਾਲਾ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਆਸ਼ੀਰਵਾਦ ਨਾਲ ਆਰਥਿਕਤਾ ਵਿੱਚ ਸੁਧਾਰ ਹੋਵੇਗਾ। ਪੁਰਾਣੀ ਕਰੰਸੀ ਜਿਉਂ ਦੀ ਤਿਉਂ ਬਣੀ ਰਹੇ, ਪਰ ਨਵੇਂ ਛਪੇ ਨੋਟਾਂ 'ਤੇ ਲਕਸ਼ਮੀ-ਗਣੇਸ਼ ਦੀ ਫੋਟੋ ਛਪੀ ਹੋਣੀ ਚਾਹੀਦੀ ਹੈ। ਘੱਟ ਗਿਣਤੀ ਭਾਈਚਾਰਿਆਂ ਵੱਲੋਂ ਪ੍ਰਸਤਾਵ ਦਾ ਵਿਰੋਧ ਕਰਨ ਦੀ ਸੰਭਾਵਨਾ 'ਤੇ ਸਵਾਲ ਦੇ ਜਵਾਬ 'ਚ ਕੇਜਰੀਵਾਲ ਨੇ ਕਿਹਾ ਕਿ ਇੰਡੋਨੇਸ਼ੀਆ, ਜੋ ਕਿ ਮੁਸਲਿਮ ਬਹੁ-ਗਿਣਤੀ ਵਾਲਾ ਦੇਸ਼ ਹੈ, ਭਗਵਾਨ ਗਣੇਸ਼ ਦੀ ਤਸਵੀਰ ਵਾਲੇ ਕਰੰਸੀ ਨੋਟ ਛਾਪਦਾ ਹੈ।