ਪੀਐੱਮ ਮੋਦੀ ਨੇ ਅਬੂਰੋਡ ਬ੍ਰਹਮਾਕੁਮਾਰੀ ਸੰਸਥਾਨ ਵਿਖੇ ਅੰਮ੍ਰਿਤ ਮਹੋਤਸਵ ਦੀ ਵਰਚੁਅਲ ਲਾਂਚਿੰਗ ਕੀਤੀ। ਇਸ ਪ੍ਰੋਗਰਾਮ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਸ਼ਾਮਲ ਸਨ। ਮੋਦੀ ਦੀ ਮੌਜੂਦਗੀ 'ਚ ਗਹਿਲੋਤ ਨੇ ਕਿਹਾ, 'ਸਾਡਾ ਦੇਸ਼ ਹਮੇਸ਼ਾ ਵਸੁਧੈਵ ਕੁਟੁੰਬਕਮ ਦੀ ਭਾਵਨਾ ਵਾਲਾ ਰਿਹਾ ਹੈ, ਵਿਨੋਬਾ ਭਾਵੇ ਨੇ ਜੈ ਜਗਤ ਦਾ ਨਾਅਰਾ ਦਿੱਤਾ ਸੀ। ਅੱਜ ਦੇਸ਼ ਵਿੱਚ ਤਣਾਅ, ਹਿੰਸਾ ਦਾ ਮਾਹੌਲ ਹੈ।
ਇਸ ਤੋਂ ਛੁਟਕਾਰਾ ਪਾਉਣਾ ਸਾਡੀ ਇੱਛਾ ਹੈ। ਅਸੀਂ ਸ਼ਾਂਤੀ, ਅਹਿੰਸਾ ਅਤੇ ਭਾਈਚਾਰਕ ਸਾਂਝ 'ਤੇ ਚੱਲ ਕੇ ਹੀ ਦੇਸ਼ ਦਾ ਵਿਕਾਸ ਕਰ ਸਕਦੇ ਹਾਂ।ਗਹਿਲੋਤ ਨੇ ਅੱਗੇ ਕਿਹਾ ਕਿ ਜਦੋਂ ਤੋਂ ਪ੍ਰਧਾਨ ਮੰਤਰੀ ਨੇ ਤਿਉਹਾਰ ਮਨਾਉਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਪ੍ਰੋਗਰਾਮ ਲਗਾਤਾਰ ਚੱਲ ਰਹੇ ਹਨ। ਆਜ਼ਾਦੀ ਕੁਰਬਾਨੀ ਨਾਲ ਮਿਲਦੀ ਹੈ।
ਅਸ਼ੋਕ ਗਹਿਲੋਤ ਨੇ ਕਿਹਾ ਕਿ ਜਦੋ ਮੈ ਛੋਟਾ ਸੀ ਤਾਂ ਮੇਰੀ ਦਾਦੀ ਜੀ ਨੇ ਕਿਹਾ ਸੀ ਕਿ ਜਦੋਂ ਤਣਾਅ ਹੁੰਦਾ ਹੈ ਤਾਂ 'ਓਮ ਸ਼ਾਂਤੀ' ਕਹਿਣ ਨਾਲ ਮਾਹੌਲ ਵਿਚ ਇਕ ਵੱਖਰੀ ਊਰਜਾ ਆਉਂਦੀ ਹੈ। ਇਸਤੋਂ ਬਾਅਦ ਮੋਦੀ ਨੇ ਕਿਹਾ ਕਿ 'ਸਾਡੀਆਂ ਧੀਆਂ ਵੀ ਦੇਸ਼ ਦੀ ਰੱਖਿਆ 'ਚ ਯੋਗਦਾਨ ਪਾ ਰਹੀਆਂ ਹਨ। ਧੀਆਂ ਨੂੰ NDA ਵਿੱਚ ਦਾਖਲਾ ਮਿਲ ਰਿਹਾ ਹੈ।
2019 ਦੀਆਂ ਚੋਣਾਂ ਵਿੱਚ ਅਸੀਂ ਦੇਖਿਆ ਕਿ ਮਰਦਾਂ ਨਾਲੋਂ ਵੱਧ ਔਰਤਾਂ ਦਾ ਯੋਗਦਾਨ ਸੀ। ਅੱਜ ਦੇਸ਼ ਦੇ ਮਹੱਤਵਪੂਰਨ ਮੰਤਰਾਲਿਆਂ ਨੂੰ ਔਰਤਾਂ ਸੰਭਾਲ ਰਹੀਆਂ ਹਨ। ਸਮਾਜ ਖੁਦ ਇਹ ਬਦਲਾਅ ਕਰ ਰਿਹਾ ਹੈ। ਇਹ ਬਦਲਾਅ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਨਵਾਂ ਭਾਰਤ ਕਿਹੋ ਜਿਹਾ ਹੋਵੇਗਾ, ਕਿੰਨਾ ਸ਼ਕਤੀਸ਼ਾਲੀ ਹੋਵੇਗਾ।
ਪੀਐੱਮ ਨੇ ਅੱਗੇ ਕਿਹਾ ਕਿ ਸਾਡੇ ਸਮਾਜ ਦੀ ਸਭ ਤੋਂ ਵੱਡੀ ਤਾਕਤ ਇਹ ਹੈ, ਕਿ ਸਮੇਂ-ਸਮੇਂ 'ਤੇ ਸਮਾਜ ਤੋਂ ਹੀ ਸੁਧਾਰਕ ਆਉਂਦੇ ਹਨ ਅਤੇ ਉਹ ਸਮਾਜ ਸੁਧਾਰਕ ਬੁਰਾਈਆਂ ਤੇ ਹਮਲਾ ਕਰਦੇ ਹਨ। ਅਜਿਹੇ ਸਮਾਜ ਸੁਧਾਰਕਾਂ ਨੂੰ ਕਈ ਵਾਰ ਨਫ਼ਰਤ ਅਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸੁਧਾਰਕ ਡੋਲਦੇ ਨਹੀਂ ਹਨ ਅਤੇ ਹੌਲੀ-ਹੌਲੀ ਸਮਾਜ ਉਨ੍ਹਾਂ ਨੂੰ ਸਵੀਕਾਰ ਕਰਦਾ ਹੈ। ਸਮਾਜ ਨੂੰ ਹਰ ਦੌਰ ਵਿੱਚ ਨੁਕਸ ਤੋਂ ਮੁਕਤ ਰੱਖਣਾ ਨਿਰੰਤਰ ਕਾਰਜ ਦਾ ਹਿੱਸਾ ਹੋਣਾ ਚਾਹੀਦਾ ਹੈ।