
ਬਾਬਾ ਰਾਮਦੇਵ ਅਕਸਰ ਕੋਈ ਨਾ ਕੋਈ ਵਿਵਾਦਿਤ ਬਿਆਨ ਦਿੰਦੇ ਰਹਿੰਦੇ ਹਨ। ਯੋਗ ਗੁਰੂ ਬਾਬਾ ਰਾਮਦੇਵ ਨੇ ਇੱਕ ਵਿਵਾਦਤ ਬਿਆਨ ਦੇ ਕੇ ਬਾਲੀਵੁੱਡ ਅਤੇ ਨਸ਼ਿਆਂ ਵਿੱਚ ਸਬੰਧ ਹੋਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੇ ਬੇਟੇ ਦਾ ਨਾਂ ਲਿਆ ਹੈ, ਜੋ ਹੁਣ ਵਾਇਰਲ ਹੋ ਗਿਆ ਹੈ।
ਰਾਮਦੇਵ ਉੱਤਰ ਪ੍ਰਦੇਸ਼ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਮੌਕੇ ਬੋਲ ਰਹੇ ਸਨ। ਮੁਰਾਦਾਬਾਦ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਯੋਗ ਗੁਰੂ ਨੇ ਕਿਹਾ, "ਸ਼ਾਹਰੁਖ ਖ਼ਾਨ ਦਾ ਪੁੱਤਰ (ਆਰੀਅਨ ਖ਼ਾਨ) ਇੱਕ ਡਰੱਗ ਪਾਰਟੀ ਵਿੱਚ ਨਸ਼ਾ ਕਰਦਾ ਫੜਿਆ ਗਿਆ ਸੀ, ਉਹ ਜੇਲ੍ਹ ਵੀ ਗਿਆ ਸੀ। ਸਲਮਾਨ ਖ਼ਾਨ ਡਰੱਗਜ਼ ਲੈਂਦਾ ਹੈ। ਮੈਂ ਆਮਿਰ ਖ਼ਾਨ ਬਾਰੇ ਨਹੀਂ ਜਾਣਦਾ ਹਾਂ। ਰੱਬ ਇਹਨਾਂ ਅਦਾਕਾਰਾਂ ਬਾਰੇ ਜਾਣਦਾ ਹੈ।"
ਉਨ੍ਹਾਂ ਕਿਹਾ, "ਕੌਣ ਜਾਣਦਾ ਹੈ ਕਿ ਕਿੰਨੇ ਫਿਲਮੀ ਸਿਤਾਰੇ ਨਸ਼ੇ ਕਰਦੇ ਹਨ। ਅਭਿਨੇਤਰੀਆਂ ਦੀ ਹਾਲਤ ਹੋਰ ਵੀ ਮਾੜੀ ਹੈ। ਫਿਲਮ ਇੰਡਸਟਰੀ ਵਿੱਚ ਹਰ ਪਾਸੇ ਨਸ਼ੇ ਹਨ, ਬਾਲੀਵੁੱਡ ਨਸ਼ੇ ਵਿੱਚ ਹੈ। ਰਾਜਨੀਤੀ ਵਿੱਚ ਨਸ਼ਾ ਹੈ ।" ਹਾਲਾਂਕਿ ਰਾਮਦੇਵ ਦੇ ਦੋਸ਼ਾਂ 'ਤੇ ਕਿਸੇ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਰਾਮਦੇਵ ਨੇ ਅੱਗੇ ਕਿਹਾ, "ਚੋਣਾਂ ਦੌਰਾਨ ਸ਼ਰਾਬ ਵੰਡੀ ਜਾਂਦੀ ਹੈ। ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ, ਕਿ ਭਾਰਤ ਹਰ ਨਸ਼ੇ ਤੋਂ ਮੁਕਤ ਹੋਵੇ। ਇਸ ਦੇ ਲਈ ਅਸੀਂ ਇੱਕ ਅੰਦੋਲਨ ਸ਼ੁਰੂ ਕਰਾਂਗੇ।"
ਰਾਮਦੇਵ ਨੇ ਕਿਹਾ ਕਿ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਜਿਸਨੂੰ ਪਿਛਲੇ ਸਾਲ "ਡਰੱਗਜ਼-ਆਨ-ਕ੍ਰੂਜ਼" ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਸਬੂਤਾਂ ਦੀ ਘਾਟ ਕਾਰਨ ਕਿਸੇ ਵੀ ਦੋਸ਼ ਤੋਂ ਮੁਕਤ ਕਰ ਦਿੱਤਾ ਗਿਆ ਸੀ। 20 ਦਿਨ ਜੇਲ੍ਹ ਵਿਚ ਰਹਿਣ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ। ਇਸ ਤੋਂ ਪਹਿਲਾਂ 2020 ਵਿੱਚ, ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੱਕ ਕਥਿਤ "ਬਾਲੀਵੁੱਡ-ਡਰੱਗਸ ਗਠਜੋੜ" ਦੀ ਜਾਂਚ ਵਿੱਚ ਕਈ ਫਿਲਮੀ ਹਸਤੀਆਂ ਤੋਂ ਪੁੱਛਗਿੱਛ ਕੀਤੀ ਗਈ ਸੀ।
ਖੈਰ, ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਰਾਮਦੇਵ ਨੇ ਬਾਲੀਵੁੱਡ ਜਾਂ ਖਾਨ ਸਿਤਾਰਿਆਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਹੈ। ਇੱਕ ਸਾਲ ਪਹਿਲਾਂ ਜਦੋਂ ਐਲੋਪੈਥੀ ਅਤੇ ਆਯੁਰਵੇਦ ਮੁੱਦੇ 'ਤੇ ਲੜਾਈ ਹੋਈ ਸੀ ਤਾਂ ਰਾਮਦੇਵ ਨੇ ਆਮਿਰ ਖਾਨ ਦੇ ਸ਼ੋਅ 'ਸੱਤਿਆਮੇਵ ਜਯਤੇ' ਦਾ ਇੱਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਸੀ। ਫਿਰ ਟਵਿਟਰ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਜੇਕਰ ਇਨ੍ਹਾਂ ਮੈਡੀਕਲ ਮਾਫੀਆ 'ਚ ਹਿੰਮਤ ਹੈ ਤਾਂ ਆਮਿਰ ਖਾਨ ਖਿਲਾਫ ਮੋਰਚਾ ਖੋਲ੍ਹੋ।'