
ਕਾਂਗਰਸ ਨੇ ਪਿੱਛਲੇ ਦਿਨੀ ਬਜਰੰਗ ਦਲ ਦੇ ਖਿਲਾਫ ਬਿਆਨ ਦਿਤਾ ਸੀ। ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮੰਗਲਵਾਰ ਨੂੰ ਦੇਸ਼ ਭਰ ਦੇ ਪ੍ਰਮੁੱਖ ਮੰਦਰਾਂ 'ਚ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦਾ ਐਲਾਨ ਕੀਤਾ ਹੈ। ਸੰਸਥਾਵਾਂ ਨੇ ਇਸਨੂੰ ਹਨੂਮਤ ਸ਼ਕਤੀ ਜਾਗਰਣ ਅਭਿਆਨ ਦਾ ਨਾਂ ਦਿੱਤਾ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੇ ਗਏ ਕਾਂਗਰਸ ਦੇ ਚੋਣ ਮਨੋਰਥ ਪੱਤਰ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਦਰਅਸਲ ਕਰਨਾਟਕ ਚੋਣਾਂ 'ਚ ਬਜਰੰਗ ਦਲ ਅਤੇ ਬਜਰੰਗ ਬਲੀ ਦੀ ਐਂਟਰੀ ਉਸ ਸਮੇਂ ਹੋਈ ਜਦੋਂ ਕਾਂਗਰਸ ਨੇ ਪਿਛਲੇ ਹਫਤੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ। ਇਸ ਵਿਚ ਕਿਹਾ ਗਿਆ ਹੈ, 'ਸੂਬੇ ਵਿਚ ਸਰਕਾਰ ਬਣਦੇ ਹੀ ਇਹ ਜਾਤ ਅਤੇ ਧਰਮ ਦੇ ਆਧਾਰ 'ਤੇ ਭਾਈਚਾਰਿਆਂ ਵਿਚ ਨਫ਼ਰਤ ਫੈਲਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।'
VHP ਦੇ ਜਨਰਲ ਸਕੱਤਰ ਮਿਲਿੰਦ ਪਰਾਂਡੇ ਨੇ ਕਿਹਾ, ''ਕਾਂਗਰਸ ਨੇ ਕਰਨਾਟਕ 'ਚ ਬਜਰੰਗ ਦਲ 'ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਹੈ। ਇਸ ਤੋਂ ਬਾਅਦ ਰਾਜਸਥਾਨ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਮਹਾਰਾਸ਼ਟਰ ਸਮੇਤ ਕਈ ਰਾਜਾਂ ਵਿਚ ਕਾਂਗਰਸ ਅਤੇ ਕੁਝ ਹੋਰ ਹਿੰਦੂ ਵਿਰੋਧੀ ਨੇਤਾਵਾਂ ਨੇ ਬਜਰੰਗ ਦਲ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇਹ ਬਹੁਤ ਹੀ ਅਪਮਾਨਜਨਕ ਹੈ। ਇਸ ਲਈ ਅਸੀਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ ਤਾਂ ਜੋ ਬਜਰੰਗ ਬਲੀ ਕਾਂਗਰਸ ਅਤੇ ਹੋਰ ਸੰਗਠਨਾਂ ਨੂੰ ਸਿਆਣਪ ਦੇ ਸਕਣ। ਕਾਂਗਰਸ ਨੇ 2 ਮਈ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ।
ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਕਿਹਾ ਸੀ, 'ਅਸੀਂ ਮੰਨਦੇ ਹਾਂ ਕਿ ਕਾਨੂੰਨ ਅਤੇ ਸੰਵਿਧਾਨ ਪਵਿੱਤਰ ਹਨ। ਅਸੀਂ ਕਾਨੂੰਨ ਤਹਿਤ ਅਜਿਹੀਆਂ ਸੰਸਥਾਵਾਂ 'ਤੇ ਪਾਬੰਦੀ ਲਗਾਉਣ ਸਮੇਤ ਨਿਰਣਾਇਕ ਕਾਰਵਾਈ ਕਰਾਂਗੇ। ਭਾਜਪਾ ਨੇ ਹਰ ਰੈਲੀ 'ਚ ਇਸ ਨੂੰ ਮੁੱਦਾ ਬਣਾਇਆ ਤਾਂ ਕਾਂਗਰਸ ਬੈਕਫੁੱਟ 'ਤੇ ਆ ਗਈ। ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਪਿਛਲੇ ਐਤਵਾਰ ਨੂੰ ਕਿਹਾ, 'ਪਾਰਟੀ ਦੇ ਮੈਨੀਫੈਸਟੋ 'ਚ ਇਹ ਬਿਲਕੁਲ ਨਹੀਂ ਕਿਹਾ ਗਿਆ ਹੈ, ਕਿ ਬਜਰੰਗ ਦਲ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ, ਜਿਵੇਂ ਹੀ ਉਨ੍ਹਾਂ ਦੀ ਪਾਰਟੀ ਸੂਬੇ 'ਚ ਸਰਕਾਰ ਬਣਾਉਂਦੀ ਹੈ। ਪਾਰਟੀ ਨੇ ਨਿਸ਼ਚਿਤ ਤੌਰ 'ਤੇ ਨਫ਼ਰਤ ਫੈਲਾਉਣ ਵਾਲੀਆਂ ਸਾਰੀਆਂ ਜਥੇਬੰਦੀਆਂ ਵਿਰੁੱਧ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਨਿਰਣਾਇਕ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ।