ਭਗਵੰਤ ਮਾਨ ਅੱਜ ਬਣਨਗੇ ਪੰਜਾਬ ਦੇ 25ਵੇਂ ਮੁੱਖ ਮੰਤਰੀ

ਆਮ ਆਦਮੀ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਪੱਤਰ ਭੇਜੇ ਗਏ ਹਨ।
ਭਗਵੰਤ ਮਾਨ ਅੱਜ ਬਣਨਗੇ ਪੰਜਾਬ ਦੇ 25ਵੇਂ ਮੁੱਖ ਮੰਤਰੀ

ਪੰਜਾਬ ਵਿਧਾਨਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਜ਼ੋਰਦਾਰ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਬੁੱਧਵਾਰ ਨੂੰ ਨਵਾਂਸ਼ਹਿਰ ਦੇ ਪਿੰਡ ਖਟਕੜਕਲਾਂ ਵਿਖੇ ਪੰਜਾਬ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਮਾਗਮ ਦੁਪਹਿਰ 11.30 ਵਜੇ ਸ਼ੁਰੂ ਹੋਵੇਗਾ।

ਪੰਜਾਬ ਦੇ ਰਾਜਪਾਲ ਬਨਬਾਰੀ ਲਾਲ ਪੁਰੋਹਿਤ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਵੱਡੀਆਂ ਸਿਆਸੀ ਹਸਤੀਆਂ ਮੌਜੂਦ ਰਹਿਣਗੀਆਂ। ਸਮਾਗਮ ਨੂੰ ਵਿਸ਼ੇਸ਼ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪੰਜਾਬ ਭਰ ਤੋਂ ਦੋ ਲੱਖ ਤੋਂ ਵੱਧ ਲੋਕਾਂ ਦੇ ਆਉਣ ਦਾ ਦਾਅਵਾ ਕੀਤਾ ਗਿਆ ਹੈ।

ਸ਼ਹੀਦੀ ਸਮਾਰਕ ਦੇ ਪਿੱਛੇ ਇੱਕ ਲੱਖ ਲੋਕਾਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ, ਜਦੋਂਕਿ ਯਾਦਗਾਰ ਦੀ ਜ਼ਮੀਨ ’ਤੇ ਸਾਢੇ ਛੇ ਏਕੜ ਰਕਬੇ ਵਿੱਚ ਪੰਡਾਲ ਬਣਾਇਆ ਜਾਵੇਗਾ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਸੱਦਾ ਦਿੱਤਾ ਹੈ। ਇਸਤੋਂ ਪਹਿਲਾ ਵੀਡੀਓ ਰਾਹੀਂ ਮਾਨ ਨੇ ਕਿਹਾ ਕਿ ਮੈਂ ਹੀ ਨਹੀਂ ਪੰਜਾਬ ਦੇ ਤਿੰਨ ਕਰੋੜ ਲੋਕ ਵੀ ਮੇਰੇ ਨਾਲ ਸਹੁੰ ਚੁੱਕਣਗੇ।

ਅਸੀਂ ਰਲ ਕੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਅਤੇ 16 ਮਾਰਚ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਲਾਗੂ ਕਰਾਂਗੇ। ਮਾਨ ਨੇ ਅੱਗੇ ਕਿਹਾ, ਮੈਂ ਇਕੱਲਾ ਮੁੱਖ ਮੰਤਰੀ ਨਹੀਂ ਬਣਿਆ। ਤੁਸੀਂ ਸਾਰੇ ਮੁੱਖ ਮੰਤਰੀ ਬਣ ਗਏ ਹੋ। ਹੁਣ ਤੁਹਾਡੀ ਆਪਣੀ ਸਰਕਾਰ ਹੋਵੇਗੀ।

ਆਮ ਆਦਮੀ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਪੱਤਰ ਭੇਜੇ ਗਏ ਹਨ। ਕਾਮੇਡੀਅਨ ਕਪਿਲ ਸ਼ਰਮਾ ਅਤੇ ਰਾਜੂ ਸ਼੍ਰੀਵਾਸਤਵ ਦੇ ਵੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

ਪਾਰਟੀ ਆਗੂਆਂ ਵੱਲੋਂ ਦੱਸਿਆ ਗਿਆ ਕਿ ਸਮਾਗਮ ਵਿੱਚ ਹੋਰਨਾਂ ਸੂਬਿਆਂ ਦੇ ਆਗੂਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਸਮੇਤ ਕਈ ਵੱਡੇ ਸਿਆਸੀ ਚਿਹਰਿਆਂ ਦੇ ਨਾਂ ਸ਼ਾਮਲ ਹਨ।

Related Stories

No stories found.
logo
Punjab Today
www.punjabtoday.com