'ਭਾਰਤ ਜੋੜੋ ਯਾਤਰਾ' ਦਾ ਪਹਿਲਾ ਪੜਾਅ ਸਿਰਫ਼ ਇੱਕ ਟੀਜ਼ਰ,ਫ਼ਿਲਮ ਬਾਕੀ: ਹੁੱਡਾ

ਭੁਪਿੰਦਰ ਸਿੰਘ ਹੁੱਡਾ ਨੇ ਸਮੂਹ ਵਿਧਾਇਕਾਂ ਅਤੇ ਕਾਂਗਰਸੀਆਂ ਨੂੰ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਦੂਜੇ ਪੜਾਅ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਦੇ ਨਿਰਦੇਸ਼ ਦਿੱਤੇ ਹਨ।
'ਭਾਰਤ ਜੋੜੋ ਯਾਤਰਾ' ਦਾ ਪਹਿਲਾ ਪੜਾਅ ਸਿਰਫ਼ ਇੱਕ ਟੀਜ਼ਰ,ਫ਼ਿਲਮ ਬਾਕੀ: ਹੁੱਡਾ

ਹਰਿਆਣਾ ਕਾਂਗਰਸ ਦੇ ਵਡੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਭਾਰਤੀ ਜਨਤਾ ਪਾਰਟੀ 'ਤੇ ਇਕ ਵਾਰ ਫੇਰ ਹਮਲਾ ਬੋਲਿਆ ਹੈ। ਹਰਿਆਣਾ ਵਿੱਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੇ ਪਹਿਲੇ ਪੜਾਅ ਦੀ ਸਫਲਤਾ ਤੋਂ ਉਤਸ਼ਾਹਿਤ ਕਾਂਗਰਸ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ।

ਸੋਮਵਾਰ ਨੂੰ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹੁੱਡਾ ਨੇ ਯਾਤਰਾ ਵਿੱਚ ਸ਼ਾਮਲ ਹੋਣ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਪਹਿਲੇ ਪੜਾਅ ਨੂੰ ਸਫਲ ਬਣਾਉਣ ਲਈ ਵਿਧਾਇਕਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਝਿਰਕਾ ਤੋਂ ਲੈ ਕੇ ਫ਼ਰੀਦਾਬਾਦ ਅਤੇ ਦਿੱਲੀ ਸਰਹੱਦ ਤੱਕ ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਯਾਤਰਾ ਦਾ ਹਿੱਸਾ ਬਣੇ। ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਲੱਗਦਾ ਹੈ ਕਿ ਪਹਿਲਾ ਫੇਜ਼ ਸਿਰਫ ਇੱਕ ਟੀਜ਼ਰ ਸੀ, ਦੂਜੇ ਪੜਾਅ ਵਿੱਚ ਟ੍ਰੇਲਰ ਅਤੇ ਪੂਰੀ ਫਿਲਮ ਦੇਖਣ ਨੂੰ ਮਿਲੇਗੀ। ਹਰਿਆਣਾ ਦੂਜੇ ਪੜਾਅ ਵਿੱਚ ਪਿਛਲੇ ਪੜਾਅ ਵਿੱਚ ਬਣਿਆ ਆਪਣਾ ਹੀ ਰਿਕਾਰਡ ਤੋੜੇਗਾ। ਉਨ੍ਹਾਂ ਸਮੂਹ ਵਿਧਾਇਕਾਂ ਅਤੇ ਕਾਂਗਰਸੀਆਂ ਨੂੰ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਦੂਜੇ ਪੜਾਅ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਦੇ ਨਿਰਦੇਸ਼ ਦਿੱਤੇ ਹਨ।

ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਕਾਂਗਰਸ ਲੋਕਾਂ ਦੇ ਮਸਲਿਆਂ ਨੂੰ ਸੜਕ ਤੋਂ ਘਰ-ਘਰ ਉਠਾਉਣ ਲਈ ਵਚਨਬੱਧ ਹੈ। ਯਾਤਰਾ ਵਿੱਚ ਉਠਾਏ ਗਏ ਮੁੱਦੇ ਵੀ ਵਿਧਾਨ ਸਭਾ ਵਿੱਚ ਉਠਾਏ ਜਾਣਗੇ। ਰਾਹੁਲ ਗਾਂਧੀ ਨੇ ਹਰਿਆਣਾ ਵਿੱਚ ਬਾਂਡ ਨੀਤੀ ਦੇ ਖਿਲਾਫ ਅੰਦੋਲਨ ਕਰ ਰਹੇ ਮੈਡੀਕਲ ਵਿਦਿਆਰਥੀਆਂ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕਰ ਰਹੇ ਕਰਮਚਾਰੀਆਂ ਦੇ ਨੁਮਾਇੰਦਿਆਂ, ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਸਕੂਲ ਸੰਚਾਲਕਾਂ ਅਤੇ ਸਾਬਕਾ ਸੈਨਿਕਾਂ ਸਮੇਤ ਕਈ ਨਾਗਰਿਕ ਸੰਗਠਨਾਂ ਨਾਲ ਮੁਲਾਕਾਤ ਕੀਤੀ।

ਅਗਲੇ ਪੜਾਅ ਵਿੱਚ ਵੀ ਕਿਸਾਨਾਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਰਾਹੁਲ ਗਾਂਧੀ ਨੂੰ ਮਿਲਣਗੇ। ਯਾਤਰਾ ਦੌਰਾਨ ਟੁੱਟੀਆਂ ਸੜਕਾਂ 'ਤੇ ਸਾਰਿਆਂ ਨੇ ਹੈਰਾਨੀ ਪ੍ਰਗਟਾਈ ਸੀ। ਕਾਂਗਰਸ ਨੇ ਸੜਕਾਂ ਦਾ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਸੀ। ਵਿਧਾਇਕ ਆਫਤਾਬ ਅਹਿਮਦ ਅਤੇ ਮੋਮਨ ਖਾਨ ਨੇ ਸਰਕਾਰ ਤੋਂ ਸੜਕਾਂ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ।

ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸੜਕਾਂ 'ਤੇ ਅਕਸਰ ਟੋਏ ਦੇਖਣ ਨੂੰ ਮਿਲਦੇ ਹਨ। ਪਰ ਪਹਿਲੀ ਵਾਰ ਸੜਕ ਟੋਇਆਂ ਵਿੱਚ ਵੇਖਣ ਨੂੰ ਮਿਲੀ । ਮੇਵਾਤ ਅਤੇ ਫਰੀਦਾਬਾਦ ਵਿੱਚ 'ਭਾਰਤ ਜੋੜੋ ਯਾਤਰਾ' ਦੌਰਾਨ ਦੇਸ਼ ਭਰ ਤੋਂ ਯਾਤਰੀ ਅਤੇ ਨੇਤਾ ਆਏ ਸਨ, ਪਰ ਸਭ ਨੇ ਖਸਤਾਹਾਲ ਸੜਕਾਂ ਦਾ ਜ਼ਿਕਰ ਕੀਤਾ। ਸੜਕਾਂ ਦੀ ਅਣਦੇਖੀ ਕਰਕੇ ਸਰਕਾਰ ਨੇ ਪੂਰੇ ਦੇਸ਼ ਵਿੱਚ ਹਰਿਆਣਾ ਦਾ ਅਕਸ ਖਰਾਬ ਕੀਤਾ ਹੈ। ਇੰਨਾ ਹੀ ਨਹੀਂ ਯਾਤਰਾ ਵਾਲੇ ਇਲਾਕਿਆਂ 'ਚ ਬਿਜਲੀ ਵੀ ਕੱਟ ਦਿੱਤੀ ਗਈ।

Related Stories

No stories found.
logo
Punjab Today
www.punjabtoday.com