
ਕਰਨਾਟਕ 'ਚ ਭਾਜਪਾ ਨੂੰ ਵੱਡਾ ਝਟਕਾ ਲਗਿਆ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੇਟਾਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਡੀਕੇ ਸ਼ਿਵਕੁਮਾਰ, ਰਣਦੀਪ ਸੁਰਜੇਵਾਲਾ, ਸਿਧਾਰਮਈਆ ਅਤੇ ਕੇਸੀ ਵੇਣੂਗੋਪਾਲ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਗਈ। ਦੱਸ ਦੇਈਏ ਕਿ ਜਗਦੀਸ਼ ਸ਼ੇਟਾਰ ਨੇ ਐਤਵਾਰ ਨੂੰ ਹੀ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਹੀ ਚਰਚਾ ਸੀ ਕਿ ਸ਼ੇਟਾਰ ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ।
ਭਾਜਪਾ ਤੋਂ ਅਸਤੀਫਾ ਦਿੰਦੇ ਹੋਏ ਸ਼ੇਟਾਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਭਾਰੀ ਮਨ ਨਾਲ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਉਸ ਨੇ ਕਿਹਾ ਸੀ ਕਿ ਉਹ ਜਲਦੀ ਹੀ ਆਪਣੀ ਭਵਿੱਖੀ ਯੋਜਨਾਵਾਂ ਦਾ ਖੁਲਾਸਾ ਕਰਨਗੇ ਅਤੇ ਵਿਧਾਨ ਸਭਾ ਚੋਣਾਂ ਲੜਨਗੇ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਜਗਦੀਸ਼ ਸ਼ੇਟਾਰ ਨੇ ਕਿਹਾ ਕਿ ਮੈਂ ਕੱਲ੍ਹ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਹਾਂ। ਕਈ ਲੋਕ ਹੈਰਾਨ ਹਨ ਕਿ ਵਿਰੋਧੀ ਧਿਰ ਦੇ ਨੇਤਾ, ਸਾਬਕਾ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਭਾਜਪਾ ਨੇ ਮੈਨੂੰ ਹਰ ਅਹੁਦਾ ਦਿੱਤਾ ਅਤੇ ਪਾਰਟੀ ਵਰਕਰ ਹੋਣ ਦੇ ਨਾਤੇ ਮੈਂ ਹਮੇਸ਼ਾ ਪਾਰਟੀ ਦੇ ਵਿਕਾਸ ਲਈ ਕੰਮ ਕੀਤਾ। ਸ਼ੇਟਾਰ ਨੇ ਕਿਹਾ ਕਿ 'ਪਾਰਟੀ ਦੇ ਸੀਨੀਅਰ ਨੇਤਾ ਹੋਣ ਦੇ ਨਾਤੇ, ਮੈਂ ਸੋਚਿਆ ਸੀ ਕਿ ਮੈਨੂੰ ਟਿਕਟ ਮਿਲ ਜਾਵੇਗੀ, ਪਰ ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਟਿਕਟ ਨਹੀਂ ਮਿਲ ਰਹੀ ਤਾਂ ਮੈਂ ਹੈਰਾਨ ਰਹਿ ਗਿਆ।' ਇਸ ਬਾਰੇ ਕਿਸੇ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਮੈਨੂੰ ਕੋਈ ਭਰੋਸਾ ਨਹੀਂ ਦਿੱਤਾ ਗਿਆ ਕਿ ਮੈਨੂੰ ਕਿਹੜਾ ਅਹੁਦਾ ਦਿੱਤਾ ਜਾਵੇਗਾ।
ਜਗਦੀਸ਼ ਸ਼ੇਟਾਰ ਵਰਗੇ ਵੱਡੇ ਆਗੂ ਦਾ ਕਾਂਗਰਸ ਵਿੱਚ ਜਾਣਾ ਨਿਸ਼ਚਿਤ ਤੌਰ 'ਤੇ ਭਾਜਪਾ ਲਈ ਵੱਡਾ ਝਟਕਾ ਹੈ। ਸ਼ੇਟਾਰ ਲਿੰਗਾਇਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਜੋ ਕਿ ਭਾਜਪਾ ਲਈ ਨੁਕਸਾਨਦਾਇਕ ਕਾਰਨਾਂ ਵਿੱਚੋਂ ਇੱਕ ਹੈ। ਦਰਅਸਲ, ਕਰਨਾਟਕ ਵਿੱਚ ਲਿੰਗਾਇਤ ਭਾਈਚਾਰੇ ਦੇ ਵੋਟਰ 18 ਫੀਸਦੀ ਦੇ ਕਰੀਬ ਹਨ। ਰਵਾਇਤੀ ਤੌਰ 'ਤੇ ਉਨ੍ਹਾਂ ਨੂੰ ਭਾਜਪਾ ਸਮਰਥਕ ਮੰਨਿਆ ਜਾਂਦਾ ਹੈ, ਪਰ ਸ਼ੇਟਾਰ ਵਰਗੇ ਵੱਡੇ ਨੇਤਾ ਦੇ ਕਾਂਗਰਸ 'ਚ ਚਲੇ ਜਾਣ ਕਾਰਨ ਭਾਜਪਾ ਦੇ ਇਸ ਵੋਟ ਬੈਂਕ 'ਚ ਕਟੌਤੀ ਹੋਣ ਦੀ ਸੰਭਾਵਨਾ ਹੈ।