ਬ੍ਰਿਟੇਨ 'ਚ ਤਿਰੰਗੇ ਦੀ ਬੇਅਦਬੀ ਕਰਨ ਵਾਲਿਆਂ ਦੇ ਪਾਸਪੋਰਟ ਹੋਣਗੇ ਰੱਦ

ਕੇਂਦਰ ਸਰਕਾਰ ਨੇ ਭਾਰਤੀ ਪਾਸਪੋਰਟਾਂ ਦੀ ਵਰਤੋਂ ਕਰਕੇ ਵਿਦੇਸ਼ੀ ਧਰਤੀ 'ਤੇ ਦੇਸ਼ ਵਿਰੁੱਧ ਸਾਜ਼ਿਸ਼ ਰਚਣ ਵਾਲਿਆਂ ਬਾਰੇ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ।
ਬ੍ਰਿਟੇਨ 'ਚ ਤਿਰੰਗੇ ਦੀ ਬੇਅਦਬੀ ਕਰਨ ਵਾਲਿਆਂ ਦੇ ਪਾਸਪੋਰਟ ਹੋਣਗੇ ਰੱਦ

ਅਮ੍ਰਿਤਪਾਲ ਦਾ ਮੁੱਦਾ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਗਰਮਾਉਂਦਾ ਜਾ ਰਿਹਾ ਹੈ। ਦੇਸ਼ ਵਿਰੋਧੀ ਗਤੀਵਿਧੀਆਂ ਦੇ ਮਾਮਲੇ 'ਚ ਭਗੌੜੇ ਅੰਮ੍ਰਿਤਪਾਲ ਸਿੰਘ ਦੇ ਸਮਰਥਨ 'ਚ ਬ੍ਰਿਟੇਨ 'ਚ ਤਿਰੰਗੇ ਦਾ ਅਪਮਾਨ ਕਰਨ ਵਾਲੇ ਖਾਲਿਸਤਾਨੀ ਸਮਰਥਕਾਂ 'ਤੇ ਪੁਲਿਸ ਨੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ।

ਵਿਦੇਸ਼ਾਂ 'ਚ ਬੈਠੇ ਖਾਲਿਸਤਾਨੀ ਸਮਰਥਕਾਂ ਦੇ ਪਾਸਪੋਰਟ ਰੱਦ ਹੋਣਗੇ। ਕੇਂਦਰ ਸਰਕਾਰ ਨੇ ਭਾਰਤੀ ਪਾਸਪੋਰਟਾਂ ਦੀ ਵਰਤੋਂ ਕਰਕੇ ਵਿਦੇਸ਼ੀ ਧਰਤੀ 'ਤੇ ਦੇਸ਼ ਵਿਰੁੱਧ ਸਾਜ਼ਿਸ਼ ਰਚਣ ਵਾਲਿਆਂ ਬਾਰੇ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ। ਸੁਰੱਖਿਆ ਏਜੰਸੀਆਂ ਨੇ ਖਾਲਿਸਤਾਨ ਸਮਰਥਕਾਂ ਦੀਆਂ ਵੀਡੀਓਜ਼ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਤਿਰੰਗੇ ਦਾ ਨਿਰਾਦਰ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਕੇਂਦਰੀ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਖਾਲਿਸਤਾਨੀ ਪੰਜਾਬ ਦੇ ਕਿਹੜੇ ਸ਼ਹਿਰ ਅਤੇ ਪਿੰਡ ਨਾਲ ਸਬੰਧਤ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਦਰਜਨ ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚੋਂ ਇੱਕ ਜੰਡਿਆਲਾ ਗੁਰੂ ਦੇ ਇੱਕ ਪਿੰਡ ਦਾ ਵਸਨੀਕ ਹੈ। ਵੀਡੀਓ 'ਚ ਕੁਝ ਲੋਕ ਤਰਨਤਾਰਨ, ਮਜੀਠਾ, ਹੁਸ਼ਿਆਰਪੁਰ ਅਤੇ ਸੰਗਰੂਰ ਦੇ ਵੀ ਹਨ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਬਹੁਤ ਜਲਦ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਉਕਤ ਵਿਅਕਤੀਆਂ ਦੇ ਪਾਸਪੋਰਟ ਰੱਦ ਕਰਕੇ ਉਨ੍ਹਾਂ ਨੂੰ ਡਿਪੋਰਟ ਕਰਕੇ ਭਾਰਤ ਲਿਆਂਦਾ ਜਾ ਸਕੇ। ਸੂਤਰਾਂ ਮੁਤਾਬਕ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਵਿਦੇਸ਼ਾਂ 'ਚ ਬੈਠੇ ਅਜਿਹੇ ਲੋਕਾਂ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ 'ਤੇ ਵੀ ਕੇਸ ਦਰਜ ਕਰੇਗੀ। ਐਤਵਾਰ ਦੀ ਘਟਨਾ 'ਤੇ ਭਾਰਤ ਨੇ ਸਖ਼ਤ ਵਿਰੋਧ ਜਤਾਇਆ ਸੀ।

ਇਸ ਤੋਂ ਬਾਅਦ ਬੁੱਧਵਾਰ ਨੂੰ ਲੰਡਨ ਦੀ ਮੈਟਰੋ ਪੁਲਿਸ ਨੇ ਇੱਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਮਾਊਂਟਿਡ ਪੁਲਿਸ ਵੀ ਇੱਥੇ ਦਿਖਾਈ ਦਿੱਤੀ। ਥਾਂ-ਥਾਂ ਬੈਰੀਕੇਡਿੰਗ ਕੀਤੀ ਗਈ ਹੈ। ਐਤਵਾਰ ਨੂੰ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖਾਲਿਸਤਾਨੀਆਂ ਦੇ ਪ੍ਰਦਰਸ਼ਨ ਦੌਰਾਨ ਸੁਰੱਖਿਆ ਮੌਜੂਦ ਨਹੀਂ ਸੀ। ਖਾਲਿਸਤਾਨ ਪੱਖੀ ਸਮਰਥਕਾਂ ਦੇ ਵਧਦੇ ਵਿਰੋਧ ਦੇ ਵਿਚਕਾਰ ਬੁੱਧਵਾਰ ਨੂੰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਵਿੱਚ ਇੱਕ ਵੱਡਾ ਤਿਰੰਗਾ ਲਹਿਰਾਇਆ ਗਿਆ। ਜਦੋਂ 22 ਮਾਰਚ ਨੂੰ 2,000 ਤੋਂ ਵੱਧ ਖਾਲਿਸਤਾਨੀ ਸਮਰਥਕ ਦੁਬਾਰਾ ਇਮਾਰਤ ਦੇ ਸਾਹਮਣੇ ਪੇਸ਼ ਹੋਏ ਤਾਂ ਹਾਈ ਕਮਿਸ਼ਨ ਦੀ ਟੀਮ ਨੇ ਇਮਾਰਤ ਦੀ ਛੱਤ 'ਤੇ ਖੜ੍ਹ ਕੇ ਛੱਤ ਦੇ ਕਿਨਾਰੇ ਨੂੰ ਰਾਸ਼ਟਰੀ ਝੰਡੇ ਨਾਲ ਢੱਕ ਦਿੱਤਾ।

Related Stories

No stories found.
logo
Punjab Today
www.punjabtoday.com