ਸੀਬੀਆਈ ਨੇ ਵੀਡੀਓਕਾਨ ਕੰਪਨੀ ਦੇ ਚੇਅਰਮੈਨ ਨੂੰ ਕੀਤਾ ਗ੍ਰਿਫਤਾਰ

ਆਈਸੀਆਈਸੀਆਈ ਬੈਂਕ ਨੇ ਵੀਡੀਓਕਾਨ ਗਰੁੱਪ ਨੂੰ 3,250 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਜਿਸ ਵਿੱਚੋਂ 86 ਫੀਸਦੀ ਰਕਮ (ਕਰੀਬ 2810 ਕਰੋੜ ਰੁਪਏ) ਦੀ ਅਦਾਇਗੀ ਨਹੀਂ ਕੀਤੀ ਗਈ।
ਸੀਬੀਆਈ ਨੇ ਵੀਡੀਓਕਾਨ ਕੰਪਨੀ ਦੇ ਚੇਅਰਮੈਨ ਨੂੰ ਕੀਤਾ ਗ੍ਰਿਫਤਾਰ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਆਈਸੀਆਈਸੀਆਈ ਬੈਂਕ ਧੋਖਾਧੜੀ ਮਾਮਲੇ ਵਿੱਚ ਵੀਡੀਓਕਾਨ ਦੇ ਚੇਅਰਮੈਨ ਵੇਣੂਗੋਪਾਲ ਧੂਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ, ਸੀਬੀਆਈ ਨੇ ਸ਼ੁੱਕਰਵਾਰ ਨੂੰ ਆਈਸੀਆਈਸੀਆਈ ਬੈਂਕ ਦੀ ਸਾਬਕਾ ਐਮਡੀ ਅਤੇ ਸੀਈਓ ਚੰਦਾ ਕੋਚਰ ਅਤੇ ਉਸਦੇ ਪਤੀ ਦੀਪਕ ਕੋਚਰ ਨੂੰ ਬੈਂਕ ਦੁਆਰਾ 2012 ਵਿੱਚ ਵੀਡੀਓਕਾਨ ਸਮੂਹ ਨੂੰ ਦਿੱਤੇ ਗਏ ਕਰਜ਼ੇ ਵਿੱਚ ਕਥਿਤ ਧੋਖਾਧੜੀ ਅਤੇ ਬੇਨਿਯਮੀਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਆਈਸੀਆਈਸੀਆਈ ਬੈਂਕ ਨੇ ਵੀਡੀਓਕਾਨ ਗਰੁੱਪ ਨੂੰ 3,250 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਜਿਸ ਵਿੱਚੋਂ 86 ਫੀਸਦੀ ਰਕਮ (ਕਰੀਬ 2810 ਕਰੋੜ ਰੁਪਏ) ਦੀ ਅਦਾਇਗੀ ਨਹੀਂ ਕੀਤੀ ਗਈ। 2017 ਵਿੱਚ ਇਸ ਕਰਜ਼ੇ ਨੂੰ ਐਨ.ਪੀ.ਏ. ਵਿਚ ਪਾ ਦਿਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਚੰਦਾ ਕੋਚਰ, ਉਸ ਦੇ ਪਤੀ ਅਤੇ ਵੀਡੀਓਕਾਨ ਗਰੁੱਪ ਦੇ ਵੇਣੂਗੋਪਾਲ ਧੂਤ ਦੇ ਨਾਲ-ਨਾਲ ਨੂਪਾਵਰ ਰੀਨਿਊਏਬਲਜ਼, ਸੁਪਰੀਮ ਐਨਰਜੀ, ਵੀਡੀਓਕਾਨ ਇੰਟਰਨੈਸ਼ਨਲ ਇਲੈਕਟ੍ਰੋਨਿਕਸ ਲਿਮਟਿਡ ਅਤੇ ਵੀਡੀਓਕਾਨ ਇੰਡਸਟਰੀਜ਼ ਲਿਮਟਿਡ ਵਿਰੁੱਧ ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਨਾਲ ਸਬੰਧਤ ਆਈਪੀਸੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।

ਐਫਆਈਆਰ ਵਿੱਚ ਮੁਲਜ਼ਮ ਵਜੋਂ ਮਾਰਚ 2018 'ਚ ਚੰਦਾ ਕੋਚਰ 'ਤੇ ਵੀ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੇ ਪਤੀ ਨੂੰ ਆਰਥਿਕ ਫਾਇਦਾ ਪਹੁੰਚਾਇਆ ਸੀ। ਦੋਸ਼ਾਂ ਤੋਂ ਬਾਅਦ, ਚੰਦਾ ਨੇ ਅਕਤੂਬਰ 2018 ਵਿੱਚ ਆਈਸੀਆਈਸੀਆਈ ਬੈਂਕ ਦੇ ਸੀਈਓ ਅਤੇ ਐਮਡੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਇਹ ਦੋਸ਼ ਹੈ ਕਿ ਵੀਡੀਓਕਾਨ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਨੇ ਕਥਿਤ ਤੌਰ 'ਤੇ ਨੂਪਾਵਰ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਜਦੋਂ ਵੀਡੀਓਕਾਨ ਸਮੂਹ ਨੂੰ 2012 ਵਿੱਚ ਆਈਸੀਆਈਸੀਆਈ ਬੈਂਕ ਤੋਂ 3,250 ਕਰੋੜ ਰੁਪਏ ਦਾ ਕਰਜ਼ਾ ਮਿਲਿਆ ਸੀ।

ਸੀਬੀਆਈ ਨੇ 2019 ਵਿੱਚ ਐਫਆਈਆਰ ਦਰਜ ਕਰਨ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਹ ਦੋਸ਼ ਲਗਾਇਆ ਗਿਆ ਸੀ ਕਿ ਮੁਲਜ਼ਮਾਂ ਨੇ ਆਈਸੀਆਈਸੀਆਈ ਬੈਂਕ ਨੂੰ ਧੋਖਾ ਦੇਣ ਦੀ ਅਪਰਾਧਿਕ ਸਾਜ਼ਿਸ਼ ਵਿੱਚ ਨਿੱਜੀ ਕੰਪਨੀਆਂ ਨੂੰ ਕੁਝ ਲੋਨ ਮਨਜ਼ੂਰ ਕੀਤੇ ਸਨ। ਤੁਹਾਨੂੰ ਦੱਸ ਦੇਈਏ ਕਿ ਮਈ 2020 ਵਿੱਚ ਈਡੀ ਨੇ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਤੋਂ ਕਰੋੜਾਂ ਰੁਪਏ ਦੇ ਕਰਜ਼ੇ ਅਤੇ ਇਸ ਨਾਲ ਜੁੜੇ ਹੋਰ ਮਾਮਲਿਆਂ ਵਿੱਚ ਪੁੱਛਗਿੱਛ ਕੀਤੀ ਸੀ। ਪੁੱਛਗਿੱਛ ਤੋਂ ਬਾਅਦ ਈਡੀ ਨੇ ਦੀਪਕ ਕੋਚਰ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਇਹ ਧੋਖਾਧੜੀ 2010 ਤੋਂ 2012 ਦਰਮਿਆਨ ਹੋਈ ਸੀ। ਇਸ ਸਬੰਧ 'ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸ਼ਨੀਵਾਰ ਨੂੰ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਅਤੇ ਐਮਡੀ ਚੰਦਾ ਕੋਚਰ ਨੂੰ ਉਸ ਦੇ ਪਤੀ ਦੀਪਕ ਕੋਚਰ ਸਮੇਤ ਗ੍ਰਿਫ਼ਤਾਰ ਕੀਤਾ ਸੀ।

Related Stories

No stories found.
Punjab Today
www.punjabtoday.com