ਸੀਬੀਆਈ ਦੀ ਬੀਮਾ ਘੁਟਾਲੇ ਨੂੰ ਲੈ ਕੇ ਮਲਿਕ ਦੇ ਕਰੀਬੀਆਂ 'ਤੇ ਛਾਪੇਮਾਰੀ

ਸੀਬੀਆਈ ਜੰਮੂ-ਕਸ਼ਮੀਰ ਅਤੇ ਦਿੱਲੀ 'ਚ 9 ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਇਸ ਵਿੱਚ ਮਲਿਕ ਦੇ ਮੀਡੀਆ ਸਲਾਹਕਾਰ ਸੁਨਕ ਬਾਲੀ ਦਾ ਘਰ ਵੀ ਸ਼ਾਮਲ ਹੈ।
ਸੀਬੀਆਈ ਦੀ ਬੀਮਾ ਘੁਟਾਲੇ ਨੂੰ ਲੈ ਕੇ ਮਲਿਕ ਦੇ ਕਰੀਬੀਆਂ 'ਤੇ ਛਾਪੇਮਾਰੀ

ਸੀਬੀਆਈ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਦੇ ਕਰੀਬੀਆਂ ਦੇ ਘਰ 'ਤੇ ਛਾਪਾ ਮਾਰਿਆ। ਇਹ ਕਾਰਵਾਈ ਜੰਮੂ-ਕਸ਼ਮੀਰ ਦੇ ਰਾਜਪਾਲ ਵਜੋਂ ਮਲਿਕ ਦੇ ਕਾਰਜਕਾਲ ਦੌਰਾਨ ਹੋਏ ਬੀਮਾ ਘੁਟਾਲੇ ਨਾਲ ਸਬੰਧਤ ਹੈ। ਸੀਬੀਆਈ ਜੰਮੂ-ਕਸ਼ਮੀਰ ਅਤੇ ਦਿੱਲੀ 'ਚ 9 ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਇਸ ਵਿੱਚ ਮਲਿਕ ਦੇ ਮੀਡੀਆ ਸਲਾਹਕਾਰ ਸੁਨਕ ਬਾਲੀ ਦਾ ਘਰ ਵੀ ਸ਼ਾਮਲ ਹੈ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸੱਤਿਆ ਪਾਲ ਮਲਿਕ 23 ਅਗਸਤ 2018 ਤੋਂ 30 ਅਕਤੂਬਰ 2019 ਤੱਕ ਜੰਮੂ-ਕਸ਼ਮੀਰ ਦੇ ਰਾਜਪਾਲ ਸਨ। ਉਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਦੋ ਫਾਈਲਾਂ ਕਲੀਅਰ ਕਰਨ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਮਲਿਕ ਨੇ ਖੁਦ ਇਸ ਘੁਟਾਲੇ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਸੀਬੀਆਈ ਨੇ ਕੇਸ ਦਰਜ ਕੀਤਾ ਸੀ। ਜਾਂਚ ਏਜੰਸੀ ਨੇ ਹਾਲ ਹੀ ਵਿੱਚ ਸੱਤਿਆ ਪਾਲ ਮਲਿਕ ਦਾ ਬਿਆਨ ਵੀ ਦਰਜ ਕੀਤਾ ਸੀ।

ਮਲਿਕ ਨੇ ਜਿਨ੍ਹਾਂ ਦੋ ਫਾਈਲਾਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਬਾਰੇ ਕਦੇ ਵੀ ਖੁੱਲ੍ਹ ਕੇ ਗੱਲ ਨਹੀਂ ਕੀਤੀ। ਰਿਪੋਰਟ ਮੁਤਾਬਕ ਸੱਤਿਆਪਾਲ ਮਲਿਕ ਸਰਕਾਰੀ ਕਰਮਚਾਰੀਆਂ, ਪੈਨਸ਼ਨਰਾਂ ਅਤੇ ਪੱਤਰਕਾਰਾਂ ਲਈ ਲਿਆਂਦੀ ਗਈ ਸਮੂਹ ਸਿਹਤ ਬੀਮਾ ਪਾਲਿਸੀ ਨਾਲ ਸਬੰਧਤ ਫਾਈਲ ਦਾ ਹਵਾਲਾ ਦੇ ਰਹੇ ਸਨ। ਇਸ ਵਿੱਚ ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਵੀ ਸ਼ਾਮਲ ਸੀ। ਬਾਅਦ ਵਿੱਚ ਮਲਿਕ ਨੇ ਕੁਝ ਗੜਬੜੀ ਦੇ ਖਦਸ਼ੇ ਦੇ ਮੱਦੇਨਜ਼ਰ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਨਾਲ ਸੌਦਾ ਰੱਦ ਕਰ ਦਿੱਤਾ ਸੀ।

ਇਸਦੇ ਦੋ ਦਿਨ ਬਾਅਦ, ਰਾਜਪਾਲ ਨੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੂੰ ਇਸ ਸੌਦੇ ਦੀ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਨੂੰ ਇਸ ਠੇਕੇ ਦੀ ਤਹਿ ਤੱਕ ਜਾਂਚ ਕਰਨ ਲਈ ਕਿਹਾ ਕਿ ਕੀ ਇਸ ਵਿੱਚ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਸੀ। ਜ਼ਿਕਰਯੋਗ ਹੈ ਕਿ ਮਲਿਕ ਨੇ ਸਮੂਹ ਮੈਡੀਕਲ ਬੀਮਾ ਯੋਜਨਾ ਅਤੇ ਜਨਤਕ ਕੰਮਾਂ ਦੇ ਠੇਕਿਆਂ 'ਚ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਸੀ। ਸੀਬੀਆਈ ਨੇ ਇਸ ਸਬੰਧ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਟੀਮਾਂ ਨੇ ਅੱਜ ਸਵੇਰੇ ਸਾਬਕਾ ਰਾਜਪਾਲ ਦੇ ਤਤਕਾਲੀ ਸਹਾਇਕ ਦੇ ਘਰ ਅਤੇ ਹੋਰ ਥਾਵਾਂ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਏਜੰਸੀ ਨੇ ਮਲਿਕ ਤੋਂ 28 ਅਪ੍ਰੈਲ ਨੂੰ ਪੁੱਛਗਿੱਛ ਕੀਤੀ ਸੀ ਅਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ। ਏਜੰਸੀ ਨੇ ਅਕਤੂਬਰ 2022 ਵਿੱਚ ਮਲਿਕ ਦਾ ਬਿਆਨ ਵੀ ਦਰਜ ਕੀਤਾ ਸੀ।

Related Stories

No stories found.
logo
Punjab Today
www.punjabtoday.com