ਚੰਡੀਗੜ੍ਹ 'ਚ ਪਾਣੀ ਬਰਬਾਦ ਕਰਨ ਤੇ ਕੱਟਿਆ ਜਾਵੇਗਾ 5250 ਰੁਪਏ ਦਾ ਚਾਲਾਨ

ਚੰਡੀਗੜ੍ਹ 'ਚ ਜੋ ਵੀ ਵਿਅਕਤੀ ਪਾਣੀ ਦੀ ਬਰਬਾਦੀ ਕਰਦਾ ਦੇਖਿਆ ਗਿਆ, ਉਸਨੂੰ 5,250 ਰੁਪਏ ਜੁਰਮਾਨਾ ਕੀਤਾ ਜਾਵੇਗਾ। ਚਲਾਨ ਦੀ ਰਕਮ ਪਾਣੀ ਦੇ ਬਿੱਲ ਵਿੱਚ ਜੋੜ ਕੇ ਭੇਜੀ ਜਾਵੇਗੀ।
ਚੰਡੀਗੜ੍ਹ 'ਚ ਪਾਣੀ ਬਰਬਾਦ ਕਰਨ ਤੇ ਕੱਟਿਆ ਜਾਵੇਗਾ 5250 ਰੁਪਏ ਦਾ ਚਾਲਾਨ

ਚੰਡੀਗੜ੍ਹ ਪ੍ਰਸਾਸ਼ਨ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕਾਫੀ ਸਖਤੀ ਕਰਦਾ ਰਹਿੰਦਾ ਹੈ। ਗਰਮੀਆਂ ਸ਼ੁਰੂ ਹੁੰਦੇ ਹੀ ਚੰਡੀਗੜ੍ਹ ਵਿੱਚ ਪਾਣੀ ਦੀ ਮੰਗ ਵਧ ਗਈ ਹੈ। ਅਜਿਹੇ ਵਿੱਚ ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਤੋਂ ਰੋਜ਼ਾਨਾ ਸਵੇਰੇ 5:30 ਤੋਂ 8:30 ਵਜੇ ਤੱਕ ਨਗਰ ਨਿਗਮ ਦੀਆਂ ਟੀਮਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਣਗੀਆਂ ਅਤੇ ਇਸ ਦੌਰਾਨ ਜੋ ਵੀ ਵਿਅਕਤੀ ਪਾਣੀ ਦੀ ਬਰਬਾਦੀ ਕਰਦਾ ਦੇਖਿਆ ਗਿਆ ਉਸਨੂੰ 5,250 ਰੁਪਏ ਜੁਰਮਾਨਾ ਕੀਤਾ ਜਾਵੇਗਾ।

ਨਗਰ ਨਿਗਮ ਨੇ ਇਸ ਲਈ 18 ਐੱਸ.ਡੀ.ਈਜ਼ ਸਮੇਤ ਵੱਖ-ਵੱਖ ਜੇ.ਈਜ਼ ਅਤੇ ਹੋਰ ਕਰਮਚਾਰੀਆਂ ਦੀਆਂ ਟੀਮਾਂ ਬਣਾਈਆਂ ਹਨ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਵੇਰੇ ਸਾਢੇ ਪੰਜ ਵਜੇ ਪਾਣੀ ਆਉਂਦਾ ਹੈ, ਇਸ ਲਈ ਟੀਮਾਂ ਵੀ ਸਵੇਰੇ ਤਿੰਨ ਘੰਟੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਣਗੀਆਂ। ਨਿਗਮ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਤਾਜ਼ੇ ਪਾਣੀ ਨਾਲ ਵਾਹਨਾਂ ਅਤੇ ਵਿਹੜਿਆਂ ਨੂੰ ਧੋਂਦਾ ਜਾਂ ਲਾਅਨ ਨੂੰ ਪਾਣੀ ਪਾਉਂਦਾ ਪਾਇਆ ਗਿਆ ਤਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਵੇਗਾ, ਸਗੋਂ ਉਸ ਦਾ ਸਿੱਧਾ 5,250 ਰੁਪਏ ਦਾ ਚਲਾਨ ਕੱਟਿਆ ਜਾਵੇਗਾ।

ਚਲਾਨ ਦੀ ਰਕਮ ਪਾਣੀ ਦੇ ਬਿੱਲ ਵਿੱਚ ਜੋੜ ਕੇ ਭੇਜੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਦੇ ਵਾਟਰ ਮੀਟਰ ਚੈਂਬਰ ਵਿੱਚ ਲੀਕੇਜ ਜਾਂ ਟੈਂਕੀ ਓਵਰਫਲੋ ਹੁੰਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਸਬੰਧਤ ਵਿਅਕਤੀ ਨੂੰ ਦੋ ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ। ਜੇਕਰ ਦੋ ਦਿਨਾਂ ਦੇ ਅੰਦਰ ਲੀਕ ਬੰਦ ਨਾ ਕੀਤੀ ਗਈ ਤਾਂ 5,250 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

ਨਿਗਮ ਵੱਲੋਂ ਦੱਸਿਆ ਗਿਆ ਹੈ ਕਿ ਜਾਂਚ ਦੌਰਾਨ ਜੇਕਰ ਟੀਮਾਂ ਵੱਲੋਂ ਕਿਸੇ ਵਿਅਕਤੀ ਦੇ ਘਰ ਦੀ ਪਾਣੀ ਦੀ ਪਾਈਪ ਲਾਈਨ ਵਿੱਚ ਬੂਸਟਰ ਪੰਪ ਲਗਾਇਆ ਗਿਆ ਪਾਇਆ ਗਿਆ ਤਾਂ ਟੀਮ ਵੱਲੋਂ ਉਸਨੂੰ ਤੁਰੰਤ ਜ਼ਬਤ ਕਰਕੇ ਚਲਾਨ ਕੀਤਾ ਜਾਵੇਗਾ। ਜੇਕਰ ਕੋਈ ਜੁਰਮਾਨਾ ਲਗਾਉਣ ਤੋਂ ਬਾਅਦ ਵੀ ਵਾਰ-ਵਾਰ ਉਲੰਘਣਾ ਕਰਦਾ ਹੈ ਤਾਂ ਸਬੰਧਤ ਵਿਅਕਤੀ ਦਾ ਪਾਣੀ ਦਾ ਕੁਨੈਕਸ਼ਨ ਬਿਨਾਂ ਕਿਸੇ ਨੋਟਿਸ ਦੇ ਕੱਟ ਦਿੱਤਾ ਜਾਵੇਗਾ। ਦੱਸ ਦੇਈਏ ਕਿ ਗਰਮੀਆਂ ਵਿੱਚ ਸ਼ਹਿਰ ਵਿੱਚ ਪਾਣੀ ਦੀ ਖਪਤ 5460 ਲੱਖ ਲੀਟਰ ਤੱਕ ਪਹੁੰਚ ਜਾਂਦੀ ਹੈ, ਜਦਕਿ ਨਗਰ ਨਿਗਮ ਦੀ ਸਮਰੱਥਾ ਭਾਖੜਾ ਨਹਿਰ ਅਤੇ ਟਿਊਬਵੈੱਲਾਂ ਦੇ ਮਿਲਾਨ ਨਾਲੋਂ ਵੀ ਘੱਟ ਹੈ। ਇਸੇ ਕਾਰਨ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੇ ਚਲਾਨ ਕੱਟਣ ਦਾ ਫੈਸਲਾ ਲਿਆ ਗਿਆ ਹੈ।

Related Stories

No stories found.
logo
Punjab Today
www.punjabtoday.com