ਰਾਜਸਥਾਨ ਦੇ ਮੰਤਰੀ ਮੰਡਲ ਵਿੱਚ ਬਦਲਾਅ

ਰਾਜਸਥਾਨ 'ਚ ਅੱਜ 15 ਨਵੇਂ ਮੰਤਰੀ ਸਹੁੰ ਚੁੱਕਣਗੇ। 11 ਕੈਬਨਿਟ ਤੇ 4 ਰਾਜ ਮੰਤਰੀ ਹੋਣਗੇ ਸ਼ਾਮਲ, ਸ਼ਨੀਵਾਰ ਦੇਰ ਰਾਤ ਨਾਵਾਂ 'ਤੇ ਹੋਈ ਸਹਿਮਤੀ।
ਰਾਜਸਥਾਨ ਦੇ ਮੰਤਰੀ ਮੰਡਲ ਵਿੱਚ ਬਦਲਾਅ

ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾਣ ਵਾਲੇ ਨਾਵਾਂ 'ਤੇ ਬੜੀ ਮੁਸ਼ਕਿਲ ਨਾਲ ਸਹਿਮਤੀ ਹੋਈ ਹੈ। ਪਾਰਟੀ ਦੇ ਸੂਬਾ ਇੰਚਾਰਜ ਅਜੇ ਮਾਕਨ ਅਤੇ ਗਹਿਲੋਤ ਵਿਚਾਲੇ ਚਾਰ ਮੀਟਿੰਗਾਂ ਹੋਈਆਂ। ਆਖ਼ਰੀ ਮੀਟਿੰਗ ਸ਼ਨੀਵਾਰ ਸ਼ਾਮ 5 ਵਜੇ ਹੋਈ ਜਿਸ ਵਿਚ ਮੰਤਰੀ ਬਣਨ ਵਾਲਿਆਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ। ਰਾਜਸਥਾਨ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਕਾਂਗਰਸ ਹਾਈਕਮਾਂਨ ਨੇ ਮੰਤਰੀ ਮੰਡਲ ਦੇ ਪੁਨਰਗਠਨ ਨੂੰ ਮਨਜ਼ੂਰੀ ਦਿੰਦੇ ਹੋਏ ਫਾਰਮੂਲਾ ਵੀ ਤੈਅ ਕਰ ਲਿਆ ਹੈ। ਇਸ ਤੋਂ ਬਾਅਦ ਸ਼ਨੀਵਾਰ ਨੂੰ ਸਾਰੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ। ਹੁਣ ਰਾਜਸਥਾਨ ਚ 2023 ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਪੁਨਰਗਠਨ ਕੀਤਾ ਜਾਵੇਗਾ। ਐਤਵਾਰ ਨੂੰ ਸ਼ਾਮ 4 ਵਜੇ ਰਾਜ ਭਵਨ 'ਚ ਸਹੁੰ ਚੁੱਕ ਸਮਾਗਮ ਹੋਵੇਗਾ। ਰਾਜਪਾਲ ਕਲਰਾਜ ਮਿਸ਼ਰਾ 15 ਮੰਤਰੀਆਂ ਨੂੰ ਸਹੁੰ ਚੁਕਾਉਣਗੇ। ਇਨ੍ਹਾਂ ਵਿੱਚ 11 ਕੈਬਨਿਟ ਅਤੇ 4 ਰਾਜ ਮੰਤਰੀ ਹੋਣਗੇ।

ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਸੀਐਮ ਗਹਿਲੋਤ ਨੇ ਸ਼ਨੀਵਾਰ ਨੂੰ ਹੀ ਰਾਜਪਾਲ ਕਲਰਾਜ ਮਿਸ਼ਰਾ ਨਾਲ ਮੁਲਾਕਾਤ ਕੀਤੀ। ਸ਼ਨੀਵਾਰ ਸ਼ਾਮ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਗੋਵਿੰਦ ਸਿੰਘ ਦੋਤਸਰਾ ਨੇ ਮੰਤਰੀਆਂ ਦੇ ਅਸਤੀਫ਼ਿਆਂ ਦੀ ਤਜਵੀਜ਼ ਰੱਖੀ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਹੁਣ ਜਿਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਰੱਖਿਆ ਜਾਣਾ ਹੈ, ਉਨ੍ਹਾਂ ਦੇ ਅਸਤੀਫ਼ੇ ਰੱਦ ਕਰ ਦਿੱਤੇ ਜਾਣਗੇ ਅਤੇ ਜਿਨ੍ਹਾਂ ਨੂੰ ਨਹੀਂ ਰੱਖਿਆ ਜਾਣਾ ਹੈ, ਉਨ੍ਹਾਂ ਦੇ ਅਸਤੀਫ਼ਿਆਂ ਨੂੰ ਪ੍ਰਵਾਨ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਹੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਾਂਗਰਸ ਹਾਈਕਮਾਂਨ ਦੀਆਂ ਹਦਾਇਤਾਂ 'ਤੇ ਚੱਲਦਿਆਂ ਸਿੱਖਿਆ ਮੰਤਰੀ ਗੋਵਿੰਦ ਸਿੰਘ ਦੋਤਸਰਾ, ਮੈਡੀਕਲ ਮੰਤਰੀ ਡਾਕਟਰ ਰਘੂ ਸ਼ਰਮਾ ਅਤੇ ਮਾਲ ਮੰਤਰੀ ਹਰੀਸ਼ ਚੌਧਰੀ ਦੇ ਅਸਤੀਫ਼ੇ ਪ੍ਰਵਾਨ ਕਰ ਲਏ ਸਨ। ਸੰਗਠਨ ਦੇ ਕੰਮਕਾਜ ਕਾਰਨ ਤਿੰਨੋਂ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਸੀ।

Related Stories

No stories found.
logo
Punjab Today
www.punjabtoday.com