ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਵਾਜ਼ ਦੀ ਨਕਲ ਕਰਨ ਵਾਲੇ ਮਸ਼ਹੂਰ ਹਾਸਰਸ ਕਲਾਕਾਰ ਸ਼ਿਆਮ ਰੰਗੀਲਾ ਵੀਰਵਾਰ ਨੂੰ ਰਾਜਸਥਾਨ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ 'ਆਪ' ਦੇ ਰਾਜਸਥਾਨ ਚੋਣ ਇੰਚਾਰਜ ਵਿਨੈ ਮਿਸ਼ਰਾ ਨੇ ਪਾਰਟੀ ਵਿੱਚ ਸ਼ਾਮਲ ਕੀਤਾ।
ਹਾਲਾਂਕਿ ਪਾਰਟੀ ਨੇ ਉਨ੍ਹਾਂ ਨੂੰ ਹਾਲੇ ਤੱਕ ਕੋਈ ਅਹੁਦਾ ਨਹੀਂ ਦਿੱਤਾ ਹੈ ਪਰ ਉਨ੍ਹਾਂ ਨੇ ਸੁਤੰਤਰ ਤੌਰ 'ਤੇ ਕੰਮ ਕਰਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਹੈ। ਉਨ੍ਹਾਂ ਦੇ ਸ਼ਾਮਲ ਹੋਣ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ 'ਆਪ' ਨੇ ਟਵੀਟ ਕੀਤਾ, "ਰਾਜਸਥਾਨ ਦੇ ਮਸ਼ਹੂਰ ਕਾਮੇਡੀਅਨ ਸ਼ਿਆਮ ਰੰਗੀਲਾ 'ਆਪ' ਵਿੱਚ ਸ਼ਾਮਲ ਹੋ ਗਏ ਹਨ। ਸ਼ਿਆਮ ਰੰਗੀਲਾ ਆਪਣੇ ਵਿਅੰਗਾਂ ਰਾਹੀਂ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆ ਰਹੇ ਹਨ। ਹੁਣ ਉਹ ਆਪਣੀ ਕਲਾ ਰਾਹੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਸੂਬੇ ਵਿੱਚ ਸਿੱਖਿਆ ਅਤੇ ਸਿਹਤ ਕ੍ਰਾਂਤੀ 'ਤੇ ਚਾਨਣਾ ਪਾਉਣਗੇ। ਦਿੱਲੀ ਵਿੱਚ ਪਾਰਟੀ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਰੰਗੀਲਾ ਨੇ ਕਿਹਾ ਕਿ 'ਆਪ' ਹੋਰ ਸਿਆਸੀ ਸੰਗਠਨਾਂ ਦੀ ਤਰ੍ਹਾਂ ਦੋਸ਼ਾਂ ਦੀ ਖੇਡ ਨਹੀਂ ਖੇਡਦੀ।
ਰੰਗੀਲਾ ਨੇ ਕਿਹਾ 'ਆਪ' ਤੋਂ ਇਲਾਵਾ ਮੈਂ ਕਦੇ ਵੀ ਕਿਸੇ ਅਜਿਹੀ ਸਿਆਸਤੀ ਪਾਰਟੀ ਨੂੰ ਨਹੀਂ ਦੇਖਿਆ, ਜਿਸ ਨੇ ਇਹ ਕਹਿ ਕੇ ਵੋਟਾਂ ਮੰਗੀਆਂ ਹੋਣ ਕਿ 'ਜੇ ਤੁਹਾਨੂੰ ਮੇਰਾ ਕੰਮ ਪਸੰਦ ਨਹੀਂ ਤਾਂ ਮੈਨੂੰ ਵੋਟ ਨਾ ਦਿਓ'। ਮੈਂ ਕਿਤੇ ਨਾ ਕਿਤੇ ਉਨ੍ਹਾਂ ਤੋਂ ਪ੍ਰਭਾਵਿਤ ਹਾਂ ਅਤੇ ਮੇਰੀ ਇਸ ਵਿਚਾਰਧਾਰਾਂ ਨੇ ਮੈਨੂੰ ਪਾਰਟੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਹੈ।
ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ,ਕੀ ਉਨ੍ਹਾਂ ਨੂੰ 'ਆਪ' ਵਿੱਚ ਅਗਲਾ ਕੁਮਾਰ ਵਿਸ਼ਵਾਸ ਮੰਨਿਆ ਜਾ ਸਕਦਾ ਹੈ ਤਾਂ, ਰੰਗੀਲਾ ਨੇ ਕਿਹਾ, "ਕੁਮਾਰ ਵਿਸ਼ਵਾਸ ਬਹੁਤ ਤਜ਼ੁਰਬੇਦਾਰ ਹਨ ਅਤੇ ਮੈਂ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਿਆ ਹਾਂ, ਉਹਨਾਂ ਤੋਂ ਕਾਫੀ ਕੁਝ ਸਿੱਖਿਆ ਹੈ ਅਤੇ ਮੇਰੀ ਉਹਨਾਂ ਨਾਲ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ।"
ਫਿਲਹਾਲ ਰੰਗੀਲਾ ਦੀ ਚੋਣ ਲੜਨ ਦੀ ਕੋਈ ਯੋਜਨਾ ਨਹੀਂ ਹੈ ਅਤੇ ਉਹਨਾਂ ਨੇ ਕਿਹਾ ਕਿ ਉਹ ਸੁਤੰਤਰ ਤੌਰ 'ਤੇ ਕੰਮ ਕਰਣਗੇ। ਉਹਨਾਂ ਕਿਹਾ, "ਰਾਜਸਥਾਨ ਦੇ ਲੋਕ ਵੀ ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਕਰ ਰਹੇ ਹਨ ਅਤੇ ਇਸ ਵਾਰ 'ਆਪ' ਨੂੰ ਮੌਕਾ ਦੇਣ ਲਈ ਤਿਆਰ ਹਨ। 5 ਸਾਲਾਂ ਬਾਅਦ, ਜੇ 'ਆਪ' ਨੇ ਸੂਬੇ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕੀਤਾ, ਤਾਂ ਲੋਕਾਂ ਕੋਲ ਚੁਣਨ ਲਈ ਹੋਰ ਪਾਰਟੀਆਂ ਹੋਣਗੀਆਂ ਅਤੇ ਮੈਂ ਵੀ ਆਪਣੇ ਰਾਹ 'ਤੇ ਚੱਲਾਂਗਾ।
ਇੱਥੇ ਤੁਹਾਨੂੰ ਦੱਸ ਦੇਈਏ ਕਿ ਰੰਗੀਲਾ ਨੇ 2014 ਦੀਆਂ ਚੌਣਾਂ ਵਿੱਚ ਭਾਜਪਾ ਸਰਕਾਰ ਦਾ ਸਮਰਥਨ ਕੀਤਾ ਸੀ। ਰੰਗੀਲਾ ਨੇ ਉਸ ਸਮੇਂ ਭਾਜਪਾ ਲਈ ਵੀ ਸੁਤੰਤਰ ਤੌਰ ਤੇ ਕੰਮ ਕੀਤਾ ਸੀ।