
ਸਚਿਨ ਪਾਇਲਟ ਅਤੇ ਅਸ਼ੋਕ ਗਹਿਲੋਤ ਵਿਚਾਲੇ ਵਿਵਾਦ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਦਿੱਲੀ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਚਾਰ ਘੰਟੇ ਚੱਲੀ ਬੈਠਕ ਤੋਂ ਬਾਅਦ ਰਾਜਸਥਾਨ ਕਾਂਗਰਸ ਦੇ ਵਿਵਾਦ ਨੂੰ ਸੁਲਝਾਉਣ ਲਈ ਸਮਝੌਤਾ ਹੋ ਗਿਆ। ਸਚਿਨ ਪਾਇਲਟ ਅਤੇ ਅਸ਼ੋਕ ਗਹਿਲੋਤ ਨੂੰ ਖੜਗੇ ਦੇ ਘਰ ਇਕੱਠੇ ਬਿਠਾ ਕੇ ਸਿਆਸੀ ਰੰਜਿਸ਼ਾਂ ਦਾ ਨਿਪਟਾਰਾ ਕੀਤਾ ਗਿਆ। ਦੋਵਾਂ ਨਾਲ ਵੱਖਰੀ-ਵੱਖਰੀ ਮੁਲਾਕਾਤ ਹੋਈ।
ਇਸਤੋਂ ਬਾਅਦ ਜਥੇਬੰਦੀ ਦੇ ਜਨਰਲ ਸਕੱਤਰ ਕੇਸੀ ਵੇਣੁਗਾਪੋਲ ਨੇ ਦੋਵਾਂ ਆਗੂਆਂ ਨੂੰ ਮੀਡੀਆ ਦੇ ਸਾਹਮਣੇ ਲਿਆਂਦਾ ਅਤੇ ਐਲਾਨ ਕੀਤਾ ਕਿ ਉਹ ਇੱਕਮੁੱਠ ਹੋ ਕੇ ਚੋਣਾਂ ਲੜਨਗੇ। ਕੱਲ੍ਹ ਦੀ ਸਿਆਸੀ ਜੰਗਬੰਦੀ ਦੇ ਬਾਵਜੂਦ ਕਈ ਸਵਾਲ ਅਜੇ ਵੀ ਜਿਉਂ ਦੇ ਤਿਉਂ ਹਨ। ਪਾਇਲਟ ਦੀਆਂ ਤਿੰਨ ਮੰਗਾਂ ਤੋਂ ਲੈ ਕੇ ਪਾਇਲਟ ਦੀ ਸਿਆਸੀ ਭੂਮਿਕਾ ਤੱਕ ਕੋਈ ਵੀ ਫਾਰਮੂਲਾ ਜਨਤਕ ਨਹੀਂ ਕੀਤਾ ਗਿਆ ਹੈ। ਬੈਠਕ ਤੋਂ ਬਾਅਦ ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਨੇ ਕਿਹਾ- ਦੋਵੇਂ ਨੇਤਾ ਇਕੱਠੇ ਮਿਲ ਕੇ ਇਸ ਸਾਲ ਹੋਣ ਵਾਲੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ਇਕਜੁੱਟਤਾ ਨਾਲ ਲੜਨਗੇ। ਦੋਵਾਂ ਨੇ ਫੈਸਲਾ ਹਾਈਕਮਾਂਡ 'ਤੇ ਛੱਡ ਦਿੱਤਾ ਹੈ।
ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਨੇ ਕਿਹਾ ਰਾਜਸਥਾਨ 'ਚ ਕਾਂਗਰਸ ਮਜ਼ਬੂਤ ਹੈ। ਪਾਇਲਟ ਮੁੱਦੇ ਨੂੰ ਸੁਲਝਾਉਣ ਲਈ ਮੈਰਾਥਨ ਮੀਟਿੰਗ ਵਿੱਚ ਤੈਅ ਕੀਤੇ ਗਏ ਫਾਰਮੂਲੇ ਦਾ ਖੁਲਾਸਾ ਨਹੀਂ ਕੀਤਾ ਗਿਆ। ਪਾਇਲਟ ਦਾ ਅਲਟੀਮੇਟਮ 30 ਮਈ ਨੂੰ ਖਤਮ ਹੋ ਰਿਹਾ ਸੀ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਹਾਈਕਮਾਂਡ ਨੇ ਇਸ ਮੁੱਦੇ 'ਤੇ ਕੋਈ ਫੈਸਲਾਕੁੰਨ ਹੱਲ ਕੱਢ ਲਿਆ ਹੋਵੇਗਾ ਅਤੇ ਪਾਇਲਟ ਨੂੰ ਠੋਸ ਭਰੋਸਾ ਜ਼ਰੂਰ ਮਿਲ ਗਿਆ ਹੋਵੇਗਾ।
ਕੇਸੀ ਵੇਣੂਗੋਪਾਲ ਨੇ ਕਿਹਾ- ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੋਮਵਾਰ ਨੂੰ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਅਤੇ ਸਾਬਕਾ ਡਿਪਟੀ ਸੀਐਮ ਸਚਿਨ ਪਾਇਲਟ ਨਾਲ 4 ਘੰਟੇ ਤੱਕ ਬੈਠਕ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਗਹਿਲੋਤ ਅਤੇ ਪਾਇਲਟ ਇਕੱਠੇ ਚੋਣ ਲੜਨਗੇ। ਖੜਗੇ ਦੇ ਘਰ ਦੇਰ ਰਾਤ ਤੱਕ ਚੱਲੀ ਬੈਠਕ ਤੋਂ ਬਾਅਦ ਗਹਿਲੋਤ ਅਤੇ ਪਾਇਲਟ ਕੇਸੀ ਵੇਣੂਗੋਪਾਲ ਨਾਲ ਬਾਹਰ ਆਏ। ਗਹਿਲੋਤ ਅਤੇ ਪਾਇਲਟ ਦੋਵੇਂ ਮੁਸਕਰਾ ਰਹੇ ਸਨ। ਸਿਰਫ ਵੇਣੂਗੋਪਾਲ ਨੇ ਮੀਡੀਆ ਨਾਲ ਗੱਲਬਾਤ ਕੀਤੀ।
ਕੇਸੀ ਵੇਣੂਗੋਪਾਲ ਨੇ ਸੁਲ੍ਹਾ-ਸਫਾਈ ਦਾ ਦਾਅਵਾ ਕੀਤਾ ਹੈ, ਪਰ ਇਸ ਤੋਂ ਬਾਅਦ ਸਚਿਨ ਪਾਇਲਟ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਹੁਣ ਪਾਇਲਟ ਦੇ ਬਿਆਨ ਦੀ ਉਡੀਕ ਹੈ। ਕਾਂਗਰਸ ਪ੍ਰਧਾਨ ਨੇ ਪਾਇਲਟ ਦੀਆਂ ਤਿੰਨੋਂ ਮੰਗਾਂ ਅਤੇ ਸਿਆਸੀ ਮੁੱਦਿਆਂ 'ਤੇ ਫੈਸਲਾ ਕਰਨਾ ਹੈ। ਸੁਲ੍ਹਾ-ਸਫਾਈ ਦਾ ਫਾਰਮੂਲਾ ਨਾ ਦੱਸ ਕੇ ਫੈਸਲਾ ਹਾਈਕਮਾਂਡ 'ਤੇ ਛੱਡਣ ਦੀ ਗੱਲ ਹੀ ਆਖੀ ਹੈ। ਅਜਿਹੇ 'ਚ ਪਾਇਲਟ ਅਤੇ ਗਹਿਲੋਤ ਦੀ ਚੁੱਪ ਨੇ ਕਈ ਸਿਆਸੀ ਸਵਾਲ ਖੜ੍ਹੇ ਕਰ ਦਿੱਤੇ ਹਨ।